ਸਾਹਿਤਕ ਸੱਥ ਖਰੜ ਦੀ ਇਕੱਤਰਤਾ ’ਚ ‘ਸ਼ਿਵਾਲਿਕ’ ਮੈਗਜ਼ੀਨ ਹੋਇਆ ਲੋਕ ਅਰਪਣ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਾਰਚ:
ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਸਵਿੰਦਰ ਸਿੰਘ ਕਾਈਨੌਰ, ਪ੍ਰਿੰਸੀਪਲ ਸਤਨਾਮ ਸਿੰਘ ਛੋਕਰ ਅਤੇ ਸ਼ੌਕ ਇੰਦਰ ਸਿੰਘ ਕੋਰਾ ਦੀ ਪ੍ਰਧਾਨਗੀ ਹੇਠ ਹੋਈl ਇਸ ਮੀਟਿੰਗ ’ਚ ਨਾਮਵਰ ਸ਼ਖਸੀਅਤਾਂ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਅਤੇ ਇੰਦਰ ਸਿੰਘ ਕੋਰਾ ਵੱਲੋਂ ਜੇ. ਐੱਸ. ਮਹਿਰਾ ਦੀ ਸੰਪਾਦਨਾ ਹੇਠ ਸ਼ੁਰੂ ਕੀਤੇ ‘ਸ਼ਿਵਾਲਿਕ’ ਨਾਂ ਦੇ ਮੈਗਜ਼ੀਨ (ਤ੍ਰੈੑੑਮਾਸਿਕ, ਪੁਸਤਕ ਲੜੀ) ਦੇ ਪਲੇਠੇ ਅੰਕ ਨੂੰ ਲੋਕ ਅਰਪਣ ਕੀਤਾ ਗਿਆ।


ਇਸ ਮੌਕੇ ’ਤੇ ਸ਼ੌਕ ਇੰਦਰ ਸਿੰਘ ਕੋਰਾ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਵਿਕਾਸ ’ਚ ਸਾਹਿਤਕ ਪੱਤਰਕਾਰੀ ਦਾ ਬੜਾ ਨਿੱਗਰ ਯੋਗਦਾਨ ਹੁੰਦਾ ਹੈ। ਜਿੱਥੇ ਅਸੀੰ ਪੰਜਾਬੀ ਭਾਸ਼ਾ ਲਈ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਤਾਂ ਦੂਜੇ ਪਾਸੇ ਭਾਸ਼ਾ ਤੇ ਸਾਹਿਤ ਦੀ ਸੇਵਾ ਲਈ ਤ੍ਰੈੑਮਾਸਿਕ ਪੱਤਰ ‘ਸ਼ਿਵਾਲਿਕ’ ਦੇ ਪ੍ਰਕਾਸ਼ਨ ਵਰਗਾ ਮੁਬਾਰਕ ਕਦਮ ਮਾਰੂਥਲ ਵਿੱਚ ਬਰਸਾਤ ਵਾਂਗ ਸਾਹਮਣੇ ਆਇਆ ਹੈ।
ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਪੁਆਧ ਦੇ ਇਲਾਕੇ ਤੋਂ ਪੰਜਾਬੀ ਵਿੱਚ ‘ਸ਼ਿਵਾਲਿਕ’ ਨਾਂ ਦਾ ਰਸਾਲਾ ਸ਼ੁਰੂ ਹੋਣ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਸਲਾਹੁਣਯੋਗ ਹੈ। ਇਸ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਦੇ ਕਲਮਕਾਰਾਂ ਅਤੇ ਪਾਠਕਾਂ ਦਾ ਦਾਇਰਾ ਹੋਰ ਵੀ ਵਿਸ਼ਾਲ ਹੋਵੇਗਾ।
ਇਸ ਮੌਕੇਂ ਹੋਰਨਾਂ ਤੋਂ ਇਲਾਵਾ ਸਰੂਪ ਸਿੰਘ ਸਿਆਲਾਵੀ, ਸੰਤਵੀਰ, ਤਰਸੇਮ ਬਸ਼ਰ, ਸੁਰਜੀਤ ਸੁਮਨ ਆਦਿ ਨੇ ਵੀ ਮੈਗਜ਼ੀਨ ਪ੍ਰਤੀ ਆਪਣੇ ਵਿਚਾਰ ਰੱਖੇ। ਰਸਾਲੇ ਦੇ ਮੁੱਖ ਸੰਪਾਦਕ ਜੇ.ਐਸ. ਮਹਿਰਾ ਨੇ ਕਿਹਾ ਕਿ ਪੰਜਾਬੀ ਸਾਹਿਤ ਦੀ ਸੇਵਾ ਹਿਤ ਇਹ ਰਸਾਲਾ ਹੋਦ ’ਚ ਲਿਆਂਦਾ ਗਿਆ ਹੈ। ਸ਼ਿਵਾਲਿਕ ਪਹਾੜੀਆਂ ਦੇ ਅਧਾਰ ’ਤੇ ਇਸ ਮੈਗਜ਼ੀਨ ਦਾ ਨਾਮ ‘ਸ਼ਿਵਾਲਿਕ’ ਰੱਖਿਆ ਗਿਆ ਹੈ। ਉਨ੍ਹਾਂ ਪਾਠਕਾਂ ਨੂੰ ਅਪੀਲ ਕੀਤੀ ਕਿ ਇਸ ਮੈਗਜ਼ੀਨ ਨੂੰ ਜਰੂਰ ਪੜਿ੍ਆ ਜਾਵੇ ਤਾਂ ਜੋ ਲੇਖਕਾਂ ਦੀਆਂ ਰਚਨਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਸਕੇ । ਉਹਨਾ ਨੇ ਸ਼ਿਵਾਲਿਕ ਮੈਗਜ਼ੀਨ ਦੇ ਅਗਲੇ ਅੰਕ ਲਈ ਸਾਹਿਤਕਾਰਾ ਨੂੰ ਉਹਨਾ ਦੇ ਮੋਬਾਇਲ ਨੰਬਰ 95924-30420 ਤੇ ਆਪਣੀਆਂ ਰਚਨਾਵਾਂ ਭੇਜਣ ਦੀ ਅਪੀਲ ਕੀਤੀ।
ਇਸ ਤੋਂ ਉਪਰੰਤ ਚੱਲੀ ਕਾਵਿ-ਮਹਿਫ਼ਲ ’ਚ 30 ਤੋਂ ਵੱਧ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਕੇ ਇੱਕ ਨਵਾਂ ਰੰਗ ਬੰਨਿ੍ਆ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਰਸਾਲੇ ਦੇ ਸੰਪਾਦਕ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਸਾਰੇ ਸਾਹਿਤਕਾਰਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ।

