www.sursaanjh.com > ਅੰਤਰਰਾਸ਼ਟਰੀ > ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ  ਕਵੀ ਦਰਬਾਰ ਕਰਵਾਇਆ

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ  ਕਵੀ ਦਰਬਾਰ ਕਰਵਾਇਆ

ਸਾਹਿਤਕ ਸੱਥ ਵੱਲੋਂ ‘ਜੀਵਨ ਦੇ ਰੰਗ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਸਤੰਬਰ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਇਸ ਇਕੱਤਰਤਾ ਵਿੱਚ ਹਰਬੰਸ ਸਿੰਘ ਕੰਧੋਲਾ, ਮੈਨੇਜਰ, ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ, ਚੰਡੀਗੜ੍ਹ ਬਤੌਰ ਚੇਅਰਮੈਨ, ਡਾ. ਅਮਰ ਸਿੰਘ ਵਧਾਨ (ਪ੍ਰੋਫੈਸਰ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਅਤੇ ਡਾ. ਹਰਨੀਤ  ਕੌਰ (ਪ੍ਰੋਫੈਸਰ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਵੱਲੋਂ ਗਾਏ ਧਾਰਮਿਕ ਸ਼ਬਦ ਦੇ ਨਾਲ ਹੋਈ। ਇਸ ਇਕੱਤਰਤਾ ਵਿੱਚ ਹਾਕਮ ਸਿੰਘ ਨੱਤਿਆਂ ਦੀ ਕਾਵਿ-ਪੁਸਤਕ ‘ਜੀਵਨ ਦੇ ਰੰਗ’ ਨੂੰ ਰਿਲੀਜ਼ ਕੀਤਾ ਗਿਆ। ਡਾ. ਹਰਨੀਤ ਕੌਰ ਅਤੇ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਪੇਪਰ ਪੜ੍ਹਦਿਆਂ ਕਿਹਾ ਗਿਆ ਕਿ ਪੁਸਤਕ ਦੀਆਂ ਕਵਿਤਾਵਾਂ ਸੱਭਿਆਚਾਰਕ, ਇਤਿਹਾਸਿਕ ਅਤੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਤ ਹੋਣ ਕਰਕੇ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਉਪਰੰਤ ਅਮਰ ਸਿੰਘ ਵਧਾਨ ਨੇ ਪੁਸਤਕ ਬਾਰੇ ਵਿਸਥਾਰ ਪੂਰਵਕ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਵਿਦਵਾਨ ਬੁਲਾਰਿਆਂ ਨੇ ਲੇਖਕ ਦੀ ਵਿਸ਼ੇ ਦੇ ਪੱਖ ਤੋਂ ਅਤੇ ਕਵਿਤਾਵਾਂ ਵਿਚ ਲੈਅ-ਤਾਲ ਦੇ ਪੱਖ ਤੋਂ ਵਰਤੀ ਗਈ ਕਾਵਿ ਸ਼ੈਲੀ ਦੀ ਪ੍ਰਸੰਸਾ ਕੀਤੀ। ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਡਾ. ਗੁਰਵਿੰਦਰ ਸਿੰਘ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਪੁਸਤਕ ਬਾਰੇ ਹੋਰ ਬੁਲਾਰਿਆਂ ਸਮੇਤ ਖੁਸ਼ਹਾਲ ਸਿੰਘ ਦਤਾਰਪੁਰ, ਚੇਅਰਮੈਨ ਸ਼ੂਗਰ ਮਿਲ ਮੋਰਿੰਡਾ ਨੇ ਬੋਲਦਿਆਂ ਪੁਸਤਕ ਵਿੱਚ ਦਰਸਾਏ ਜੀਵਨ ਦੇ ਬਹੁਪੱਖੀ ਰੰਗਾਂ ਦੀ ਵਿਸਥਾਰ ਪੂਰਵਕ ਗੱਲ ਕੀਤੀ ਅਤੇ ਇਸ ਦੀ ਪ੍ਰਸ਼ੰਸਾ ਕੀਤੀ ਕਿ ਹਾਕਮ ਸਿੰਘ ਨੱਤਿਆਂ ਨੇ ਹਰ ਤਰ੍ਹਾਂ ਦੇ ਰੰਗ ਨੂੰ ਬਹੁਤ ਹੀ ਬਾਖੂਬੀ ਪੇਸ਼ ਕੀਤਾ ਹੈ।
ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਪਾਠਕ ਨੂੰ ਕੋਈ ਨਾ ਕੋਈ ਸਿੱਖਿਆ ਤੇ ਸੇਧ ਦਿੰਦੀਆਂ ਹਨ, ਜੋ ਸਲਾਹੁਣਯੋਗ ਹਨ। ਹਾਕਮ ਸਿੰਘ ਨੱਤਿਆਂ ਨੇ ਇਸ ਕਿਤਾਬ ਨੂੰ ਛਪਾਉਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਵਿਤਾ ਵੀ ਪੇਸ਼ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਹਰਬੰਸ ਸਿੰਘ ਕੰਧੋਲਾ ਨੇ ਕਿਹਾ ਕਿ ਲੇਖਕ ਦਾ ਸਮਾਜ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ, ਆਪਣੀਆਂ ਲਿਖਤਾਂ ਦੇ ਰਾਹੀਂ ਉਹ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਹਿੱਸਾ ਪਾਉਂਦਾ ਹੈ। ਉਹਨਾਂ ਨੇ ਹਾਕਮ ਸਿੰਘ ਨੱਤਿਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸੱਥ ਵੱਲੋਂ ਹਰਬੰਸ ਸਿੰਘ ਕੰਧੋਲਾ, ਡਾ. ਅਮਰ ਸਿੰਘ ਵਧਾਨ, ਡਾ. ਹਰਨੀਤ ਕੌਰ, ਡਾ. ਗੁਰਵਿੰਦਰ ਸਿੰਘ, ਦਵਿੰਦਰ ਪਾਲ ਸਿੰਘ ਅਤੇ ਹਾਕਮ ਸਿੰਘ ਨੱਤਿਆਂ ਦਾ ਮੋਮੈਂਟੋ, ਲੋਈ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਸੱਥ ਵੱਲੋਂ ਹਾਕਮ ਸਿੰਘ ਨੱਤਿਆਂ ਨੂੰ ਪੁਸਤਕ ਦੇ ਲੋਕ ਅਰਪਣ ‘ਤੇ  ਗਿਆਰਾਂ ਸੌ ਰੁਪਏ ਦੀ ਰਾਸ਼ੀ ਵੀ ਸ਼ਗਨ ਵਜੋਂ ਭੇਂਟ ਕੀਤੀ ਗਈ।
ਉਪਰੰਤ ਚੱਲੇ ਕਵੀ ਦਰਬਾਰ ਵਿੱਚ ਜਗਤਾਰ ਸਿੰਘ ਜੋਗ, ਮਲਕੀਤ ਨਾਗਰਾ, ਗੁਰਵਿੰਦਰ ਗੁਰੀ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਹਰਨਾਮ ਸਿੰਘ ਡੱਲਾ, ਮੋਹਨ ਸਿੰਘ ਪਪਰਾਲਾ ਅਤੇ ਜਵੀ ਸਿੰਘ ਨੇ ਖ਼ੂਬਸੂਰਤ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ‘ਰਾਹੀ’, ਵੱਲੋਂ ਬਾਖ਼ੂਬੀ ਨਿਭਾਈ ਗਈ। ਉਪਰੋਕਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ, ਜੋਰਾ ਸਿੰਘ ਚੱਪੜ ਚਿੜੀ, ਭਜਨ ਸਿੰਘ ਸ਼ੇਰ ਗਿੱਲ, ਰਾਮ ਸਰੂਪ ਸ਼ਰਮਾ ਅਤੇ ਕਮਲ ਕਿਸ਼ੋਰ ਸ਼ਰਮਾ (ਦੋਵੇਂ ਐਮ. ਸੀ.), ਗੁਰਮੁਖ ਸਿੰਘ, ਪ੍ਰਕਾਸ਼ ਸਿੰਘ ,ਦਵਿੰਦਰਪਾਲ ਸਿੰਘ, ਸਮਿੱਤਰ ਸਿੰਘ ਦੋਸਤ, ਰਣਜੀਤ ਕੌਰ ਕਾਈਨੌਰ, ਅਮਰੀਕ ਸਿੰਘ, ਹਿੱਤ ਅਭਿਲਾਸ਼ੀ ਹਿੱਤ, ਗੁਰਸ਼ਰਨ ਸਿੰਘ ਕਾਕਾ, ਬਲਜੀਤ ਸਿੰਘ ਦਤਾਰਪੁਰ, ਭੁਪਿੰਦਰ ਕੌਰ, ਸਿਕੰਦਰ ਸਿੰਘ ਪੱਲ੍ਹਾ, ਮੰਦਰ ਗਿੱਲ ਸਾਹਿਬਚੰਦੀਆ, ਮਨਜੀਤ ਕੌਰ, ਬੰਤ ਸਿੰਘ ਦੀਪ, ਮੋਹਨ ਸਿੰਘ ਪ੍ਰੀਤ, ਸੁਰਿੰਦਰ ਸਿੰਘ ਰਸੂਲਪੁਰ, ਰਣਜੀਤ ਸਿੰਘ, ਪ੍ਰਭਜੋਤ ਕੌਰ, ਕੁਲਦੀਪ ਸਿੰਘ, ਸ਼ੌਕ ਇੰਦਰ ਸਿੰਘ ਕੋਰਾ, ਰਘਬੀਰ ਸਿੰਘ, ਜੋਰਾ ਸਿੰਘ ਭੁੱਲਰ, ਕਰਨਲ ਭਜਨ ਸਿੰਘ, ਮਾਸਟਰ ਸਾਧੂ ਸਿੰਘ, ਭਾਗ ਸਿੰਘ ਸ਼ਾਹਪੁਰ, ਧਿਆਨ ਸਿੰਘ ਕਾਹਲੋ, ਸੁਰਜੀਤ ਕੌਰ, ਲਖਬੀਰ ਸਿੰਘ, ਪਰਮਜੀਤ ਕੌਰ, ਹਰਕਮਲਬੀਰ ਸਿੰਘ, ਅੰਮ੍ਰਿਤਬੀਰ ਸਿੰਘ, ਅਭੈਵੀਰ ਸਿੰਘ, ਜਗਿੰਦਰ ਕੌਰ ਅਤੇ ਹਾਕਮ ਸਿੰਘ ਨੱਤਿਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਅਖ਼ੀਰ ਵਿੱਚ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ, ਮੋ.ਨੰ. 94638 37388

Leave a Reply

Your email address will not be published. Required fields are marked *