ਸਾਹਿਤਕ ਸੱਥ ਵੱਲੋਂ ਡਾ.ਦਵਿੰਦਰ ਬੋਹਾ ਦਾ ਸਨਮਾਨ ਅਤੇ ਕਵੀ ਦਰਬਾਰ ਕਰਵਾਇਆ ਗਿਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਇਸ ਇਕੱਤਰਤਾ ਦੀ ਪ੍ਰਧਾਨਗੀ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਇਨੌਰ, ਡਾ.ਦਵਿੰਦਰ ਸਿੰਘ ਬੋਹਾ, ਜਲੌਰ ਸਿੰਘ ਖੀਵਾ ਅਤੇ ਸਰੂਪ ਸਿਆਲਬੀ ਵੱਲੋਂ ਕੀਤੀ ਗਈ। ਇਸ ਇਕੱਤਰਤਾ ਦੌਰਾਨ ਡਾ.ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ (ਸੇਵਾ ਮੁਕਤ) ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਤੇ ਵਿਲੱਖਣ ਸੇਵਾਵਾਂ ਅਤੇ ਪੰਜਾਬੀ ਮਾਂ -ਬੋਲੀ ਅਤੇ ਸੱਭਿਆਚਾਰ ਦੀ ਕੀਤੀ ਬਹੁਮੁੱਲੀ ਸੇਵਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇਸ ਮੌਕੇ ਜੇ.ਐੱਸ. ਮਹਿਰਾ ਵੱਲੋਂ ਸੰਪਾਦਿਤ ਤ੍ਰੈਮਾਸਿਕ ਪੰਜਾਬੀ ਮੈਗਜ਼ੀਨ ‘ਸ਼ਿਵਾਲਕ’ ਦਾ ਦੂਸਰਾ ਅੰਕ ਵੀ ਪ੍ਰਧਾਨਗੀ ਮੰਡਲ ਵੱਲੋਂ ਰਲੀਜ਼ ਕੀਤਾ ਗਿਆ। ਪ੍ਰੋਫੈਸਰ ਜਲੌਰ ਸਿੰਘ ਖੀਵਾ, ਸਰੂਪ ਸਿਆਲਵੀ, ਜਸਵਿੰਦਰ ਕਾਇਨੌਰ ਅਤੇ ਪਿਆਰਾ ਸਿੰਘ ‘ਰਾਹੀ’ ਵੱਲੋਂ ਡਾ. ਦਵਿੰਦਰ ਸਿੰਘ ਬੋਹਾ ਦੇ ਜੀਵਨ ਅਤੇ ਉਹਨਾਂ ਦੀ ਕਾਰਜ-ਸ਼ੈਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਆਪਣੇ ਪ੍ਰਧਾਨਗੀ ਭਾਸ਼ਣ ‘ਚ ਬੋਲਦਿਆਂ ਡਾਕਟਰ ਦਵਿੰਦਰ ਬੋਹਾ ਨੇ ਆਪਣੇ ਜੀਵਨ ਕਾਲ ਦੀਆਂ ਕਈ ਤੰਦਾਂ ਨੂੰ ਖੋਲ੍ਹਿਆ ਅਤੇ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਮਿਲੇ ਸਹਿਯੋਗ ਲਈ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਵੀ ਦਰਬਾਰ ਦੌਰਾਨ ਪੇਸ਼ ਕੀਤੀਆਂ ਰਚਨਾਵਾਂ ਦੀ ਪ੍ਰਸ਼ੰਸਾ ਕਰਦਿਆਂ ਸਾਰੇ ਲੇਖਕਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਦੀ ਅਪੀਲ ਵੀ ਕੀਤੀ।
ਚੱਲੇ ਕਵੀ ਦਰਬਾਰ ਦੌਰਾਨ ਖੁਸ਼ੀ ਰਾਮ ਨਿਮਾਣਾ, ਮੰਦਰ ਗਿੱਲ ਸਾਹਿਬਚੰਦੀਆ, ਸਮਿੱਤਰ ਸਿੰਘ ਦੋਸਤ, ਤਰਸੇਮ ਸਿੰਘ ਕਾਲੇਵਾਲ, ਭੁਪਿੰਦਰ ਸਿੰਘ ਭਾਗੋਮਾਜਰਾ, ਨਿਰਮਲ ਸਿੰਘ ਅਧਰੇੜਾ, ਛਿੱਬਰ ਸਹੇੜੀ, ਜਸਕੀਰਤ ਸਿੰਘ ਕੁਰਾਲੀ, ਮਲਕੀਤ ਸਿੰਘ ਨਾਗਰਾ, ਕੇਸਰ ਸਿੰਘ, ਰਤਨ ਬਾਬਕ ਵਾਲਾ, ਜਗਦੇਵ ਸਿੰਘ ਰਡਿਆਲਾ, ਪਿਆਰਾ ਸਿੰਘ ‘ਰਾਹੀ’, ਹਾਕਮ ਸਿੰਘ ਨੱਤਿਆਂ, ਜਸਵਿੰਦਰ ਸਿੰਘ ਰਾਓ, ਨੀਲਮ ਨਾਰੰਗ, ਸੰਧੂ ਪਾਲ, ਰਾਜਵਿੰਦਰ ਸਿੰਘ ਗੱਡੂ, ਸੁਖਵਿੰਦਰ ਸਿੰਘ ਪਠਾਣੀਆ, ਸੁਦਾਗਰ ਸਿੰਘ ਪਾਲ, ਜਸਪਾਲ ਸਿੰਘ ਕੰਵਲ, ਬਲਵਿੰਦਰ ਸਿੰਘ ਢਿੱਲੋਂ ਨੇ ਆਪਣੇ ਖੂਬਸੂਰਤ ਗੀਤਾਂ ਅਤੇ ਕਵਿਤਾਵਾਂ ਨਾਲ ਮਹਿਫ਼ਲ ਨੂੰ ਸ਼ਿੰਗਾਰਿਆ, ਉੱਥੇ ਅਮਰਜੀਤ ਕੌਰ ਮੋਰਿੰਡਾ, ਜਲੌਰ ਸਿੰਘ ਖੀਵਾ, ਹਰਨਾਮ ਸਿੰਘ ਡੱਲਾ, ਸੁਰਿੰਦਰ ਗਿੱਲ, ਬੰਤ ਸਿੰਘ ਦੀਪ ਦੀਆਂ ਗ਼ਜ਼ਲਾਂ ਨੇ ਆਪਣੀ ਵੱਖਰੀ ਹੀ ਛਾਪ ਛੱਡੀ।
ਉਪਰੋਕਤ ਤੋਂ ਇਲਾਵਾ ਸਕਿੰਦਰ ਸਿੰਘ ਪੱਲ੍ਹਾ, ਮੋਹਨ ਲਾਲ ‘ਰਾਹੀ’, ਜੇ.ਐੱਸ.ਮਹਿਰਾ ਆਦਿ ਨੇ ਵੀ ਹਾਜ਼ਰੀ ਭਰੀ। ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਿਆਰਾ ਸਿੰਘ ‘ਰਾਹੀ’ ਜਨਰਲ ਸਕੱਤਰ ਵੱਲੋਂ ਬਾਖ਼ੂਬੀ ਨਿਭਾਈ ਗਈ। ਅਖ਼ੀਰ ਵਿੱਚ ਸੱਥ ਦੇ ਸੀਨੀਅਰ ਮੈਂਬਰ ਤਰਸੇਮ ਸਿੰਘ ਕਾਲੇਵਾਲ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’ ਜਨਰਲ ਸਕੱਤਰ, ਮੋ.ਨੰ.94638 37388

