ਸਾਹਿਤ ਜਾਗਰਤੀ ਸਭਾ ਵੱਲੋਂ ਭਰਗਾ ਨੰਦ ਲੌਂਗੋਵਾਲ ਦੀਆਂ ਦੋ ਕਿਤਾਬਾਂ ਦਾ ਕੀਤਾ ਗਿਆ ਲੋਕ ਅਰਪਣ
ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ:
ਸਾਹਿਤ ਜਾਗ੍ਰਤੀ ਸਭਾ ਬਠਿੰਡਾ ਵੱਲੋਂ ਭਾਸ਼ਾ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਉੱਘੇ ਸਿੱਖਿਆ ਸ਼ਾਸਤਰੀ ਅਤੇ ਅਧਿਆਪਕ ਸ੍ਰੀ ਭਰਗਾ ਨੰਦ ਲੌਂਗੋਵਾਲ ਦੀਆਂ ਦੋ ਕਿਤਾਬਾਂ “ਸੂਰਜ ਤਪ ਕਰਦਾ” ਅਤੇ “ਬਾਤਾਂ” ਨੂੰ ਲੋਕ ਅਰਪਣ ਕਰਨ ਲਈ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਤੇ ਪ੍ਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਜੀ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਅਤੇ ਲੇਖਕ ਸ੍ਰੀ ਭੀਮਇੰਦਰ ਸਿੰਘ ਡਾਇਰੈਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਇਸ ਮੌਕੇ ਸ਼ਿਰਕਤ ਕਰ ਰਹੇ ਸਾਹਿਤਕਾਰਾਂ ਨੂੰ ਧਰਮ ਚੰਦ ਲੌਂਗੋਵਾਲ, ਸੰਪਾਦਕ ਬਠਿੰਡਾ ਖ਼ਬਰਨਾਮਾ, ਜਸਪਾਲ ਸਿੰਘ ਦੇਸੂਵੀ, ਡਾਕਟਰ ਭੀਮ ਇੰਦਰ ਸਿੰਘ, ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਪਾਲ ਮਾਨਖੇੜਾ ਨਾਵਲਕਾਰ ਅਤੇ ਅਤੇ ਗੁਰਦੇਵ ਖੋਖਰ ਨੇ ਸੰਬੋਧਨ ਕੀਤਾ।


ਡਾਕਟਰ ਭੀਮ ਇੰਦਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਰਗਾ ਨੰਦ ਜੀ ਨੇ ਉਮਰ ਦੇ ਇਸ ਪੜਾਅ ਵਿੱਚ ਵੀ ਜਿਸ ਜਜ਼ਬੇ ਨਾਲ ਲੇਖਣੀ ਜਾਰੀ ਰੱਖੀ ਹੈ, ਉਹ ਪ੍ਰੇਰਨਾਦਾਇਕ ਹੈ। ਅੱਜ ਸਾਡੇ ਸਮਾਜ ਨੂੰ ਸਹੀ ਦਿਸ਼ਾ ਦੀ ਲੋੜ ਹੈ ਅਤੇ ਸਾਹਿਤਕਾਰ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜਸਪਾਲ ਸਿੰਘ ਦੇਸੂਵੀ ਨੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਲੇਖਕਾਂ ਦੀ ਇੱਕਮੁੱਠਤਾ ‘ਤੇ ਜ਼ੋਰ ਦਿੱਤਾ। ਉਹਨਾਂ ਅਨੁਸਾਰ ਇਸ ਨਾਜ਼ੁਕ ਸਮੇਂ ਅਤੇ ਦੌਰ ਵਿੱਚ ਲੇਖਕ ਬਣਦੀ ਭੂਮਿਕਾ ਨਿਭਾਉਣ, ਲੇਖਕ ਅਵਾਮ ਨੂੰ ਇੱਕਮੁੱਠਤਾ ਅਤੇ ਭਾਈਚਾਰੇ ਦਾ ਸੰਦੇਸ਼ਾ ਦੇਣ।
ਗੁਰਦੇਵ ਖੋਖ਼ਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੇ ਭਰਗਾ ਨੰਦ ਜੀ ਲੌਂਗੋਵਾਲ ਵੱਲੋਂ ਲਿਖੀਆਂ ਕਿਤਾਬਾਂ ਦੀ ਚਰਚਾ ਕੀਤੀ ਉਨਾਂ ਦੀਆਂ ਵਿਸ਼ੇਸ਼ਤਾਈਆਂ ਦਾ ਜ਼ਿਕਰ ਕਰਦਿਆਂ ਲੇਖਕ ਨੂੰ ਮੁਬਾਰਕ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰਾਂ ਸਾਹਿਤ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਤੇ ਜਿਲ੍ਹਾ ਭਾਸ਼ਾ ਅਫਸਰ ਬਠਿੰਡਾ ਕੀਰਤੀ ਕ੍ਰਿਪਾਲ ਜੀ ਵੀ ਸ਼ਾਮਿਲ ਹੋਏ।
ਸਮਾਗਮ ਦੌਰਾਨ ਲੇਖਕ ਭਰਗਾ ਨੰਦ ਨੇ ਆਪਣੀ ਲਿਖਣ ਪ੍ਰਕਿਰਿਆ ਅਤੇ ਪਹਿਲਾਂ ਲਿਖੀਆਂ ਹੋਈਆਂ ਕਿਤਾਬਾਂ ਦੀ ਚਰਚਾ ਕਰਦਿਆਂ ਸਾਹਿਬ ਜਾਗ੍ਰਤੀ ਸਭਾ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਤੋਂ ਹੀ ਬਜ਼ੁਰਗ ਸਾਹਿਤ ਅਤੇ ਸੰਘਰਸ਼ ਨਾਲ ਜੁੜੇ ਹੋਏ ਸਨ, ਜਿਨਾਂ ਦੀ ਪ੍ਰੇਰਨਾ ਸਦਕਾ ਉਹ ਵੀ ਸਾਹਿਤ ਲਿਖਣ ਵੱਲ ਰੁਚਿਤ ਹੋਏ ਹਨ ਅਤੇ ਸਮਾਜ ਭਲਾਈ ਦੀਆਂ ਹੋਰ ਦੂਸਰੀਆਂ ਗਤੀਵਿਧੀਆਂ ਵਿੱਚ ਸਮੇਂ-ਸਮੇਂ ਤੇ ਸ਼ਾਮਿਲ ਹੁੰਦੇ ਰਹੇ ਹਨ।
ਇਸ ਮੌਕੇ ਕਵੀ ਦਰਬਾਰ ਦਾ ਵੀ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸੁਰਿੰਦਰ ਪ੍ਰੀਤ ਘਣੀਆਂ, ਅਮਰਜੀਤ ਸਿੰਘ ਜੀਤ, ਪੰਡਿਤ ਰੂਪ ਚੰਦ ਸ਼ਰਮਾ, ਮਨਜੀਤ ਬਠਿੰਡਾ, ਜਸਪਾਲ ਜੱਸੀ, ਕਵਿਤਰੀ ਦਵੀ ਸਿੱਧੂ, ਕਵਿਤਰੀ ਵੀਰਪਾਲ ਕੌਰ ਮੋਹਲ, ਰਜਨੀ ਸ਼ਰਮਾ, ਹਰਦਰਸ਼ਨ ਸੋਹਲ ਆਰਟਿਸਟ, ਮਾਸਟਰ ਨਛੱਤਰ ਸਿੰਘ ਝੂਟੀ ਕਾ, ਮਾਸਟਰ ਇਕਬਾਲ ਸਰਾਂ, ਦਮਜੀਤ ਦਰਸ਼ਨ, ਮੀਤ ਬਠਿੰਡਾ, ਸਿਕੰਦਰ ਚੰਦ ਭਾਨ, ਗੁਰਸੇਵਕ ਸਿੰਘ ਬੀੜ, ਅਮਨ ਦਾਤੇਵਾਸੀਆ, ਕ੍ਰਿਸ਼ਨ ਸੇਠੀ, ਹਿਤਾ ਸ਼ਰਮਾ ਤੇ ਹੋਰ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾਈਆਂ।
ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਮਰਜੀਤ, ਜਸਪਾਲ ਜੱਸੀ, ਤਰਸੇਮ ਨਰੂਲਾ, ਐਡਵੋਕੇਟ ਗੁਰਵਿੰਦਰ ਸਿੰਘ, ਸੁਖਦਰਸ਼ਨ ਸਿੰਘ ਸੋਹਲ ਆਰਟਿਸਟ ਨੇ ਦੱਸਿਆ ਕਿ ਭਰਗਾ ਨੰਦ ਜੀ ਬੜੇ ਸਾਲਾਂ ਤੋਂ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਾਹਿਤਿਕ ਗਤੀਵਿਧੀਆਂ ਨੂੰ ਬਲ ਦੇਣ ਅਤੇ ਭਰਗਾ ਨੰਦ ਜੀ ਨੂੰ ਸਨਮਾਨ ਦੇਣ ਵਾਸਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਜਸਪਾਲ ਸਿੰਘ ਦਸੂਵੀ ਅਤੇ ਭੀਮ ਇੰਦਰ ਸਿੰਘ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਾਹਿਬ ਜਾਗ੍ਰਿਤੀ ਸਭਾ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ ।
ਇਸ ਮੌਕੇ ਤੇ ਹਾਜ਼ਰ ਭਰਗਾ ਨੰਦ ਜੀ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੇ ਸਾਹਿਤਕਾਰਾਂ ਨੇ ਸਾਹਿਤ ਜਾਗਰਤੀ ਸਭਾ ਵੱਲੋਂ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਭਾ ਇਸੇ ਤਰ੍ਹਾਂ ਜ਼ੋਰ ਸ਼ੋਰ ਨਾਲ਼ ਸਹਿਤਕ ਗਤੀਵਿਧੀਆਂ ਜਾਰੀ ਰੱਖੇਗੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤਰਸੇਮ ਬਸ਼ਰ ਨੇ ਬਾਖੂਬੀ ਨਿਭਾਈ।

