Breaking
www.sursaanjh.com > ਅੰਤਰਰਾਸ਼ਟਰੀ > ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਦੋ ਪੁਸਤਕਾਂ ਹੋਈਆਂ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਦੋ ਪੁਸਤਕਾਂ ਹੋਈਆਂ ਲੋਕ ਅਰਪਣ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਪ੍ਰੈਲ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸ. ਅਜੀਤ  ਸਿੰਘ ਸੰਧੂ ਦੀਆਂ ਦੋ ਕਿਤਾਬਾਂ ‘ਤਿਰੰਗੀ ਝਾਤ’ (ਕਾਵਿ,ਗੀਤ ਅਤੇ ਗਜ਼ਲ ਸੰਗ੍ਰਹਿ) ਅਤੇ’ ਕਿੱਸਾ ਰੂਪ ਬਸੰਤ’ (ਮਹਾਂਕਾਵਿ) ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ (ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ) ਨੇ ਕੀਤੀ। ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲੇਖਕ ਨੂੰ ਵਧਾਈ ਦਿੰਦਿਆਂ  ਆਖਿਆ ਕਿ ਅਜਿਹੇ ਪ੍ਰੋਗਰਾਮ ਕਰਾਉਣ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਭ  ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਲੋਂ ਦੋਵੇਂ  ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਸਾਹਿਤ ਵਿਗਿਆਨ ਕੇਂਦਰ ਦਾ ਇਹ ਵਿਲੱਖਣ ਸਮਾਗਮ ਹੈ ਅਤੇ ਇਹ ਕਿੱਸਾ ਸੱਤਾ ਦਾ ਦੁਰੳਪਯੋਗ, ਭਰਾਵਾਂ ਦਾ ਰਿਸ਼ਤਾ, ਅਨਿਆਂ ਵਿਰੁੱਧ ਨਿਆਂ ਹੋਣਾ,  ਜਿੱਥੇ ਵਿਸ਼ੇ ਪੱਖ ਨੂੰ ਖੂਬਸੂਰਤੀ ਨਾਲ ਨਿਭਾਉਂਦਾ ਹੈ, ਉੱਥੇ ਨਾਰੀਵਾਦੀ ਅਲੋਚਨਾ ਨੂੰ ਵੀ ਦਰਪੇਸ਼ ਕਰਦਾ ਹੈ। ਲੇਖਕ ਨੇ ਕੇਂਦਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਸਤਕਾਂ ਬਾਰੇ ਜੋ ਵੀ ਵਿਚਾਰ ਚਰਚਾ ਹੋਈ ਹੈ, ਮੈਂ ਉਸ ਨਾਲ ਸਹਿਮਤ ਹਾਂ ਤੇ ਨਾਲ ਹੀ ਉਨ੍ਹਾਂ ਆਪਣੀ ਪਸੰਦੀਦਾ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਪਿਆਰਾ ਸਿੰਘ ਰਾਹੀ ਨੇ ਕਿੱਸਾ ਰੂਪ ਬਸੰਤ ਕਿਤਾਬ ਬਾਰੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੂੰ ਬਹੁ-ਵਿਧਾਵੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਉਸ ਨੇ ਆਪਣੇ ਇਸ ਮਹਾਂਕਾਵਿ ਵਿੱਚ ਅਲੰਕਾਰ, ਦ੍ਰਿਸ਼  ਅਤੇ ਬਿੰਬ ਬਹੁਤ ਬਰੀਕੀ ਨਾਲ ਵਰਤੇ ਹਨ।
ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਇਸ ਕਿੱਸੇ ਨੂੰ ਲਗਭਗ 7 ਕਵੀਆਂ ਨੇ ਲਿਖਿਆ ਪਰ ਸੰਧੂ ਜੀ ਨੇ ਇਸ ਨੂੰ ਕਾਵਿਕ ਰੂਪ ਦੇ ਕੇ ਹੋਰ ਵੀ ਰੌਚਕ ਬਣਾ ਦਿੱਤਾ ਹੈ। ਸ. ਰਜਿੰਦਰ ਸਿੰਘ ਧੀਮਾਨ ਨੇ ਤਿਰੰਗੀ ਝਾਤ ਪੁਸਤਕ ਦੀ ਹਰ ਰਚਨਾ ਦੇ ਬਿਰਤਾਂਤ ਨੂੰ ਬਹੁਤ ਵਿਸਥਾਰ ਨਾਲ ਬਿਆਨ ਕੀਤਾ। ਪ੍ਰਤਾਪ ਪਾਰਸ ਨੇ ਕਿਤਾਬ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਸਾਹਿਤਕਾਰ ਉਸ ਦਾ ਬਿੰਬ ਹੁੰਦਾ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਲੇਖਕ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਰ ਵਿਧਾ ਵਿੱਚ ਲਿਖਣਾ ਕੋਈ ਸੌਖਾ ਨਹੀਂ ਹੈ, ਇਸ ਵਾਸਤੇ ਬਹੁਤ ਮਿਹਨਤ ਤੇ ਲਗਨ ਦੀ ਜ਼ਰੂਰਤ ਹੁੰਦੀ ਹੈ। ਡਾ. ਰੇਖਾ ਮਿੱਤਲ ਵੱਲੋਂ ਲਿਖਿਆ ਪਰਚਾ ਦਵਿੰਦਰ ਕੌਰ ਢਿੱਲੋਂ ਨੇ ਪੜ੍ਹਿਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸੰਧੂ ਜੀ ਨੇ ਰੂਪ ਬਸੰਤ ਦੀ ਕਹਾਣੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਵਿੱਚ ਸ਼ਬਦਾਂ ਦੀ ਚੋਣ ਅਤੇ ਵੰਨਗੀ ਬਹੁਤ ਸਲਾਹੁਣਯੋਗ ਹੈ। ਸੁਮਨ ਰਾਣੀ ਨੇ ਗੀਤ ਨਾਲ ਅਤੇ ਬਲਵਿੰਦਰ ਸਿੰਘ ਢਿੱਲੋਂ ਨੇ ਕਿਤਾਬ ਵਿੱਚੋਂ ਖੂਬਸੂਰਤ ਰਚਨਾ ਨਾਲ ਹਾਜ਼ਰੀ ਲਵਾਈ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਭਰਪੂਰ ਸਿੰਘ, ਰਜਿੰਦਰ ਰੇਨੂੰ, ਮੰਦਰ ਗਿੱਲ ਸਾਹਬਚੰਦੀਆ, ਹਰਜਿੰਦਰ ਸਿੰਘ, ਸਵਰਨਜੀਤ ਜੀਤ ਸਿੰਘ ਜੀਤ, ਸੁਰਿੰਦਰ ਕੁਮਾਰ, ਪਰਲਾਦ ਸਿੰਘ, ਡਾ. ਮਨਜੀਤ ਸਿੰਘ ਮਝੈਲ, ਬਾਬੂ ਰਾਮ ਦੀਵਾਨਾ, ਕਰਨੈਲ ਸਿੰਘ, ਮਹਿੰਦਰ ਬਿਸ਼ਨੋਈ, ਸੁਭਾਸ਼ ਚੰਦਰ, ਹਰਭਜਨ ਕੌਰ ਢਿੱਲੋਂ, ਰਤਨ ਬਾਬਕਵਾਲਾ, ਰਾਕੇਸ਼ ਸ਼ਰਮਾ, ਪ੍ਰਿੰਸੀਪਲ ਗੁਰਦੇਵਪਾਲ ਕੌਰ, ਹਰਬੰਸ ਸੋਢੀ, ਡਾ. ਮਨਜੀਤ ਬੱਲ, ਸਰੂਪ ਸਿਆਲਵੀ, ਡਾ. ਏ.ਪੀ. ਸਿੰਘ, ਜੇ. ਐੱਸ ਮਹਿਰਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *