ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ, ਸਾਹਿਤ ਸਭਾ ਸਮਰਾਲ਼ਾ ਦੀ ਮਹੀਨਾਵਾਰ ਇਕੱਤਰਤਾ
ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ
ਡਾ. ਸੁਰਜੀਤ ਨਾਲ਼ ਹੋਏ ਹਿੰਸਕ ਵਰਤਾਰੇ ਦੀ ਕੀਤੀ ਗਈ ਨਿਖੇਧੀ
ਵਿਛੜ ਗਏ ਸਾਥੀ ਮਾਸਟਰ ਤਰਲੋਚਨ ਸਿੰਘ, ਦੇਸ ਰਾਜ ਕਾਲ਼ੀ ਅਤੇ ਰਮੇਸ਼ ਕੁੰਤਲ ਮੇਘ ਲਈ ਪ੍ਰਗਟਾਇਆ ਗਿਆ ਸ਼ੋਕ
ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਨਿੱਠ ਕੇ ਹੋਈ ਚਰਚਾ


ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਸਤੰਬਰ:
ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਜਸਨਪ੍ਰੀਤ ਕੌਰ ਦੀ ਹੋਈ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਅਤੇ ਡਾ. ਸੁਰਜੀਤ ਨਾਲ ਹੋਏ ਹਿੰਸਕ ਵਰਤਾਰੇ ਦੀ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਵਿਛੜ ਗਏ ਸਾਥੀ ਮਾਸਟਰ ਤਿਰਲੋਚਨ, ਦੇਸ ਰਾਜ ਕਾਲੀ ਤੇ ਰਮੇਸ਼ ਕੁੰਤਲ ਮੇਘ ਲਈ ਸ਼ੋਕ ਪ੍ਰਗਟ ਕੀਤਾ ਗਿਆ।
ਇਕੱਤਰਤਾ ਵਿੱਚ ਪੰਜ ਕਹਾਣੀਆਂ ਪੜ੍ਹੀਆਂ ਗਈਆਂ। ਬਲਵਿੰਦਰ ਗਰੇਵਾਲ ਨੇ ਕਮਾਲ ਦੀ ਮਨੋਵਿਗਿਆਨ ਕਹਾਣੀ ‘ਪੈੜ ਚਾਲ’ ਪੜ੍ਹੀ। ਰਵਿੰਦਰ ਰੁਪਾਲ ਨੇ ਟਰਾਂਸਜੈਡਰਾਂ ਦੇ ਦੁੱਖਾਂ ਦੀ ਗੱਲ ਕਰਦੀ ਕਹਾਣੀ ‘ਅੱਗੇ ਕਹਾਣੀ ਨਹੀਂ ਸੀ’ ਸੁਣਾਈ। ਬਲਵੰਤ ਮਾਂਗਟ ਨੇ ‘ਡਬੋਲੀਆਂ’ ਦੀ ਮਨੋਦਸ਼ਾ ਬਿਆਨ ਕਰਦੀ ਕਹਾਣੀ ‘ਕਹਾਣੀ ਦੀ ਕਹਾਣੀ’ ਸੁਣਾਈ। ਦੀਪ ਦਿਲਬਰ ਨੇ ਸੌ ਮੀਲ ਚਾਹ/ ਰੋਟੀ-ਬੇਟੀ ਦੀ ਸਾਂਝ, ਰਾਹੀਂ ਜਾਤ-ਪਾਤ ਨੂੰ ਕਰਾਰੀ ਚੋਟ ਮਾਰਨ ਦੀ ਕੋਸ਼ਿਸ਼ ਕੀਤੀ। ਗੁਰਦੀਪ ਮਹੌਣ ਨੇ ‘ਤਮਾਸ਼ਬੀਨ’ ਵਿੱਚ ਵਿਦੇਸ਼ ਜਾ ਰਹੇ ਨੌਜਵਾਨ ਲਈ ਚਿੰਤਾ ਪ੍ਰਗਟ ਕੀਤੀ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਸ੍ਰੀ ਅਨਿਲ ਫਤਹਿਗੜ੍ਹ ਜੱਟਾਂ ਤੇ ਸੁਰਜੀਤ ਜੀਤ ਨੇ ਗ਼ਜ਼ਲ ਸੁਣਾ ਰਚਨਾਵਾਂ ਦੀ ਸਾਂਝ ਪਾਈ। ਪਰਮ ਸਿਆਣ ਜੀ ਨੇ ਗੀਤ ‘ਜ਼ਿੰਦਗੀ’ ਅਤੇ ਪ੍ਰਭਜੋਤ ਰਾਮਪੁਰ ਨੇ ਕਵਿਤਾ ‘ਅਧੂਰੀ-ਕਵਿਤਾ’ ਪੜ੍ਹ ਕੇ ਹਾਜ਼ਰੀ ਲਗਵਾਈ।
ਪੜ੍ਹੀਆਂ ਗਈਆਂ ਇਨ੍ਹਾਂ ਰਚਨਾਵਾਂ ‘ਤੇ ਸੁਖਜੀਤ, ਬਲਵਿੰਦਰ ਗਰੇਵਾਲ, ਸੁਰਿੰਦਰ ਰਾਮਪੁਰੀ, ਅਨਿਲ ਫਤਹਿਗੜ੍ਹ ਜੱਟਾਂ, ਮੁਖਤਿਆਰ ਸਿੰਘ, ਸੁਰਜੀਤ ਜੀਤ, ਰਵਿੰਦਰ ਰੁਪਾਲ ਕੌਲਗੜ੍ਹ, ਬਲਵੰਤ ਮਾਂਗਟ, ਯਤਿੰਦਰ ਕੌਰ ਮਹਾਲ, ਦੀਪ ਦਿਲਬਰ, ਪਰਮ ਸਿਆਣ, ਪ੍ਰਭਜੋਤ ਰਾਮਪੁਰ, ਗੁਰਦੀਪ ਮਹੌਣ ਆਦਿ ਨੇ ਅਪਣੇ ਕੀਮਤੀ ਸੁਝਾਅ ਦਿੱਤੇ। ਸਭਾ ਦੀ ਕਾਰਵਾਈ ਯਤਿੰਦਰ ਕੌਰ ਮਾਹਲ ‘ਤੇ ਗੁਰਦੀਪ ਮਹੌਣ ਵੱਲੋਂ ਮਿਲਕੇ ਚਲਾਈ ਗਈ।

