www.sursaanjh.com > ਅੰਤਰਰਾਸ਼ਟਰੀ > ਸਿਰਮੌਰ ਗਜ਼ਲਕਾਰ ਸਿਰੀ ਰਾਮ ਅਰਸ਼ ਦੀ ਵਿਦਾਇਗੀ ’ਤੇ ਦੁੱਖ ਦਾ ਇਜ਼ਹਾਰ

ਸਿਰਮੌਰ ਗਜ਼ਲਕਾਰ ਸਿਰੀ ਰਾਮ ਅਰਸ਼ ਦੀ ਵਿਦਾਇਗੀ ’ਤੇ ਦੁੱਖ ਦਾ ਇਜ਼ਹਾਰ

ਸਿਰੀ ਰਾਮ ਅਰਸ਼ ਦੀ ਸਿਰਜਣਾ ਪੰਜਾਬੀ ਸਾਹਿਤ ਲਈ ਅਨਮੋਲ ਖਜ਼ਾਨਾ 
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਪੰਜਾਬੀ ਦੇ ਪ੍ਰਸਿੱਧ ਗਜ਼ਲਕਾਰ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦੇਹਾਂਤ ਹੋ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਦੇ ਸਾਹਿਤਕ ਹਲਕਿਆਂ ਦੇ ਮੁੱਖੜੇ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਮਨਮੋਹਨ, ਡਾ. ਸਰਬਜੀਤ ਕੌਰ ਸੋਹਲ ਸਾਥੀ ਬਲਵਿੰਦਰ ਉੱਤਮ, ਸ਼ਾਮ ਸਿੰਘ ਅੰਗ ਸੰਗ, ਡਾ. ਯੋਗਰਾਜ ਅੰਗਰੀਸ਼, ਬਲੀਜੀਤ, ਗੁਲ ਚੌਹਾਨ, ਡਾ. ਸ਼ਿੰਦਰ ਪਾਲ ਸਿੰਘ, ਗੁਰਦੇਵ ਚੌਹਾਨ ਤੇ ਹੋਰ ਸਹਿਤਕਾਰਾਂ ਨੇ ਉਨ੍ਹਾਂ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਅਸਹਿ ਨੁਕਸਾਨ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 15 ਦਸੰਬਰ 1934, ਲੁਧਿਆਣਾ ਵਿਖੇ ਜਨਮੇ ਸਿਰੀ ਰਾਮ ਅਰਸ਼ ਦੀਆਂ ਦਰਜਨਾਂ ਕਿਤਾਬਾਂ ਪੰਜਾਬੀ ਸਾਹਿਤ ਦਾ ਅਮੁੱਲ ਖ਼ਜ਼ਾਨਾ ਹਨ, ਜਿਨਾਂ ਵਿੱਚ ਰਬਾਬ, ਸਮੁੰਦਰ ਸੰਜਮ, ਸੰਖ ਤੇ ਸਿੱਪੀਆਂ, ਸਰਘੀਆਂ ਤੇ ਸਮੁੰਦਰ, ਕਿਰਨਾਂ ਦੀ ਬੁੱਕਲ, ਪੁਰਸਲਾਤ ਤੇ ਗਜ਼ਲ ਸਮੁੰਦਰ ਆਦਿ ਗਜ਼ਲ ਸੰਗ੍ਰਹਿ ਸਮੇਤ ਤੁਮ ਚੰਦਨ, ਅਗੰਮੀ ਨੂਰ, ਪੰਥ ਸਜਾਇਓ ਖਾਲਸਾ ਤੇ ਗੁਰੂ ਮਿਲਿਓ ਰਵਿਦਾਸ ਆਦਿ ਮਹਾਂਕਾਵਿ ਵਰਨਣਯੋਗ ਕਿਰਤਾਂ ਸ਼ਾਮਿਲ ਹਨ। ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗਜ਼ਲਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਨਵਤਾਵਾਦੀ ਸੁਨੇਹੇ ਅਤੇ ਸਮਾਜਿਕ ਜਾਗਰੂਕਤਾ ਨੇ ਪਾਠਕਾਂ ਦੇ ਦਿਲਾਂ ’ਤੇ ਗਹਿਰਾ ਅਸਰ ਕੀਤਾ।
ਸ਼੍ਰੋਮਣੀ ਕਵੀ ਸਿਰੀ ਰਾਮ ਅਰਸ਼ ਦੇ ਚਹੇਤਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ  ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ। ਬੀਤੀ ਰਾਤ 10 ਵਜੇ ਦੇ ਕਰੀਬ ਸ੍ਰੀ ਅਰਸ਼ ਨੇ ਸੰਖੇਪ ਬਿਮਾਰੀ ਉਪਰੰਤ  ਮਾਇਓ ਹਸਪਤਾਲ, ਮੁਹਾਲੀ ਵਿਖੇ ਆਖਰੀ ਸਾਹ ਲਏ। ਸ੍ਰੀ ਅਰਸ਼ ਆਪਣੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।  ਅੱਜ ਬਲੌਂਗੀ ਵਿਖੇ ਮੋਹਾਲੀ ਦੇ ਸ਼ਮਸ਼ਾਨ ਘਾਟ ‘ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ.ਸੁਖਦੇਵ ਸਿੰਘ ਸਿਰਸਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਕਾਮਰੇਡ ਬੰਤ ਸਿੰਘ ਬਰਾੜ, ਡਾ. ਲਾਭ ਸਿੰਘ ਖੀਵਾ ਤੇ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਅਹੁਦੇਦਾਰਾਂ ਸਮੇਤ ਸਾਹਿਤ ਵਿਗਿਆਨ ਕੇਂਦਰ ਦੇ ਗੁਰਦਰਸ਼ਨ ਮਾਵੀ, ਦਵਿੰਦਰ ਕੌਰ, ਧਿਆਨ ਸਿੰਘ ਕਾਹਲੋਂ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ ਮਲਿਕ, ਦੀਪਕ ਸ਼ਰਮਾ ਚਨਾਰਥਲ, ਸਰਦਾਰਾ ਸਿੰਘ ਚੀਮਾ, ਪਿਆਰਾ ਸਿੰਘ ਰਾਹੀ, ਪਾਲ ਅਜਨਬੀ, ਬਲਕਾਰ ਸਿੱਧੂ, ਗੋਵਰਧਨ ਗੱਬੀ, ਵਰਿੰਦਰ ਮਾਝੀ, ਗੁਰਨਾਮ ਕੰਵਰ, ਹਰਮਿੰਦਰ ਕਾਲੜਾ, ਗੁਰਦੇਵ ਪਾਲ, ਊਸ਼ਾ ਕੰਵਰ, ਦਿਲਦਾਰ ਸਿੰਘ, ਦੇਵੀ ਦਿਆਲ ਸ਼ਰਮਾ, ਪ੍ਰੀਤਮ ਹੁੰਦਲ, ਹਰਜੀਤ ਸਿੰਘ, ਗੁਰਜਿੰਦਰ ਸਿੰਘ, ਸਚਪ੍ਰੀਤ ਖੀਵਾ, ਸ਼ਾਇਰ ਭੱਟੀ, ਪ੍ਰਹਿਲਾਦ ਸਿੰਘ ਤੇ ਬੀਐਸ ਮਟੌਰੀਆ ਸਮੇਤ ਹੋਰ ਸਾਹਿਤਕਾਰਾਂ ਤੇ ਸੱਜਣਾਂ ਨੇ ਸਿਰੀ ਰਾਮ ਅਰਸ਼ ਦੀ ਅੰਤਿਮ ਵਿਦਾਇਗੀ ਵੇਲੇ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *