ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਜ਼ੂਮ ਮੀਟਿੰਗ ਰਾਹੀਂ ਮਰਹੂਮ ਸ਼ਾਇਰ ਸਿਰੀ ਰਾਮ ਅਰਸ਼ ਨੂੰ ਦਿੱਤੀ ਗਈ ਸ਼ਰਧਾਂਜਲੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ:


ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਇਸ ਬੁੱਧਵਾਰ ਹੋਏ ਹਫ਼ਤਾਵਰੀ ਜ਼ੂਮ ਸਮਾਗਮ ਗੀਤ, ਗ਼ਜ਼ਲ, ਸ਼ਾਇਰੀ ਵਿੱਚ ਮਰਹੂਮ ਸ਼ਾਇਰ ਤੇ ਉੱਘੇ ਚਿੰਤਕ ਸਿਰੀ ਰਾਮ ਅਰਸ਼, ਜੋ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਸਮਾਗਮ ਬਾਬੂ ਰਾਮ ਦੀਵਾਨਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਸੁਭਾਸ਼ ਭਾਸਕਰ, ਭਗਤ ਰਾਮ ਰੰਗਾੜਾ, ਗਿਆਨ ਸਿੰਘ ਦਰਦੀ, ਰਣਜੀਤ ਸਿੰਘ ਧੂਰੀ, ਗੁਰਦਰਸ਼ਨ ਨਰਸਿੰਘ ਗੁਸ਼ੀਲ, ਸ਼ਾਇਰ ਭੱਟੀ, ਸੁਭਾਸ਼ ਪਾਰਸ, ਪ੍ਰਤਾਪ ਪਾਰਸ, ਪਿਆਰਾ ਸਿੰਘ ਰਾਹੀ, ਨਿਰਮਲ ਕੌਰ ਕੋਟਲਾ, ਮਨਦੀਪ ਭਦੌੜ, ਦੀਪ ਕੁਲਦੀਪ, ਰਣਬੀਰ ਕੌਰ, ਪੋਲੀ ਬਰਾੜ, ਧਿਆਨ ਸਿੰਘ ਕਾਹਲ਼ੋਂ ਅਤੇ ਅਜਾਇਬ ਸਿੰਘ ਚੱਠਾ ਨੇ ਭਾਗ ਲਿਆ। ਮੰਚ ਸੰਚਾਲਨ ਇੰਜ. ਜਸਪਾਲ ਸਿੰਘ ਦੇਸੂਵੀ ਵੱਲੋਂ ਕੀਤਾ ਗਿਆ। ਸਾਰੇ ਅਦੀਬਾਂ ਨੇ ਜਿੱਥੇ ਸਿਰੀ ਰਾਮ ਅਰਸ਼ ਨਾਲ਼ ਆਪਣੇ ਅਦਬੀ ਰਿਸ਼ਤਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਉਨ੍ਹਾਂ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਅਰਸ਼ ਜੀ ਦੀਆਂ ਰਚਨਾਵਾਂ ਦੀ ਵਿਧੀ ਪ੍ਰਪੱਕਤਾ ਅਤੇ ਵਿਸ਼ਾ ਵਸਤੂ ਦੀ ਗੁਣਵੱਤਾ ਅਤੇ ਬਾਰੀਕ ਪਕੜ ਬਾਰੇ ਵੀ ਚਰਚਾ ਕੀਤੀ ਗਈ।
ਬੁਲਾਰਿਆਂ ਵੱਲੋਂ ਅਰਸ਼ ਜੀ ਦੀ ਯਾਦ ਨੂੰ ਸਦੀਵੀ ਕਾਇਮ ਰੱਖਣ ਲਈ ਉਨ੍ਹਾਂ ਦੀਆਂ ਰਚਨਾਵਾਂ ਅਤੇ ਯਾਦਾਂ ਨੂੰ ਸਮੂਹਿਕ ਤੌਰ ਤੇ ਸਿਮਰਤੀ ਗ੍ਰੰਥ ਦੇ ਰੂਪ ਵਿੱਚ ਛਪਵਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਸਾਹਿਤਕ ਖੇਤਰ ਵਿੱਚ ਉਨ੍ਹਾਂ ਦੁਆਰਾ ਪਾਏ ਯੋਗਦਾਨ ਅਤੇ ਪੰਜਾਬ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਵਜੋਂ ਪੰਜਾਬੀ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਯਾਦ ਵਿੱਚ ਸਾਹਿਤਕ ਐਵਾਰਡ ਸ਼ੁਰੂ ਕਰਨ ਬਾਰੇ ਵੀ ਚਰਚਾ ਹੋਈ ਅਤੇ ਪਹਿਲਾ ਐਵਾਰਡ ਵਿੰਦਰ ਮਾਂਝੀ (ਸ਼ਾਇਰ ਭੱਟੀ) ਜਿਨ੍ਹਾਂ ਅਰਸ਼ ਜੀ ਦੀ ਬਿਮਾਰੀ ਵੇਲ਼ੇ ਵੀ ਖੂਬ ਸੇਵਾ ਕੀਤੀ, ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਸਾਰਾ ਸਮਾਗਮ ਸਿਰੀ ਰਾਮ ਅਰਸ਼ ਜੀ ਦੀ ਆਤਮਿਕ ਹਾਜ਼ਰੀ ਦਾ ਅਹਿਸਾਸ ਕਰਵਾਉਂਦਾ ਸੰਪਨ ਹੋਇਆ।

