www.sursaanjh.com > Uncategorized > ਸੈਣੀ ਮਾਜਰਾ ਵਿਖੇ ਅਵਾਰਾ ਸਾਨ੍ਹ ਨੇ ਵਿਅਕਤੀ ਕੀਤਾ ਜ਼ਖਮੀ, ਹਾਲਤ ਗੰਭੀਰ

ਸੈਣੀ ਮਾਜਰਾ ਵਿਖੇ ਅਵਾਰਾ ਸਾਨ੍ਹ ਨੇ ਵਿਅਕਤੀ ਕੀਤਾ ਜ਼ਖਮੀ, ਹਾਲਤ ਗੰਭੀਰ

ਚੰਡੀਗੜ੍ਹ 24 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨਿਊ ਚੰਡੀਗੜ੍ਹ ਦੇ ਇਲਾਕੇ ਵਿੱਚ ਵੈਸੇ ਤਾਂ ਅਵਾਰਾ ਜਾਨਵਰ ਜਿਨਾਂ ਦੇ ਵਿੱਚ ਗਾਵਾਂ- ਸਾਨ੍ਹ ਅਤੇ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਦਾ ਜ਼ਰਾ ਜਿੰਨਾ ਵੀ ਧਿਆਨ ਨਹੀਂ ਹੈ। ਆਏ ਦਿਨ ਸੜਕਾਂ ਤੇ ਹੁੰਦੇ ਹਾਦਸੇ ਲੋਕਾਂ ਦੀ ਜਾਨ ਲੈ ਰਹੇ ਹਨ। ਬੀਤੀ ਰਾਤ ਵੀ ਪਿੰਡ ਸੈਣੀ ਮਾਜਰਾ ਵਿਖੇ ਅਵਾਰਾ ਸਾਨ੍ਹ ਵੱਲੋਂ ਅਮਰੀਕ ਸਿੰਘ ਉਮਰ 55 ਸਾਲ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ, ਜਿਸ ਦਾ ਇਲਾਜ ਚੰਡੀਗੜ੍ਹ ਪੀਜੀਆਈ ਵਿੱਚ ਚੱਲ ਰਿਹਾ ਅਤੇ ਹਾਲਤ ਗੰਭੀਰ ਹੈ। ਅੱਜ ਪਿੰਡ ਵਾਸੀਆਂ ਜਿਨ੍ਹਾਂ ਵਿੱਚ ਸਮਾਜ ਸੇਵੀ ਬੀਬੀ ਕਿਰਪਾਲ ਕੌਰ, ਸਰਪੰਚ ਜੁਝਾਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਹਰਪਾਲ ਸਿੰਘ, ਗੁਰਦਿਆਲ ਕੌਰ, ਹਰਵਿੰਦਰ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਹਰਮਿੰਦਰ ਕੌਰ, ਸੁਖਪ੍ਰੀਤ ਸਿੰਘ ਆਦਿ  ਨੇ ਸਰਕਾਰ ਤੇ ਸ਼ਿਕਵਾ ਜ਼ਾਹਿਰ ਕਰਦਿਆਂ ਦੱਸਿਆ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਅਕਸਰ ਹੀ ਇਲਾਕੇ ਵਿੱਚ ਅਜਿਹੇ ਸਾਨ੍ਹਾਂ ਤੇ ਗਾਵਾਂ ਦੁਆਰਾ ਲੋਕਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਗਊ ਸੈੱਸ ਦਿੰਦੇ ਹਾਂ ਅਤੇ ਹੋਰ ਵੀ ਟੈਕਸ ਸਰਕਾਰ ਸਾਡੇ ਤੋਂ ਵਸੂਲਦੀ ਹੈ, ਫਿਰ ਵੀ ਸਰਕਾਰ ਇਹਨਾਂ ਅਵਾਰਾ-ਬੇਸਹਾਰਾ ਜਾਨਵਰਾਂ ਨੂੰ ਕਾਬੂ ਕਿਉਂ ਨਹੀਂ ਕਰ ਪਾਉਂਦੀ। ਪਿੰਡ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਲੋਕ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਹਨ। ਰਾਤ ਹੁੰਦਿਆਂ ਹੀ ਲੋਕ ਘਰਾਂ ਵਿੱਚ ਰਹਿਣ ਨੂੰ ਮਜਬੂਰ ਹੋ ਜਾਂਦੇ ਹਨ, ਕਿਉਂਕਿ ਅਵਾਰਾ ਜਾਨਵਰਾਂ ਦਾ ਆਤੰਕ ਲੋਕਾਂ ਲਈ ਖੌਫ ਦਾ ਕਾਰਨ ਬਣਿਆ ਹੋਇਆ। ਇਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਹਨਾਂ ਨੂੰ ਕਾਬੂ ਕਰੇ। ਜੇਕਰ ਇਹਨਾਂ ਨੂੰ ਕੋਈ ਮਾਰਦਾ-ਕੁੱਟਦਾ ਹੈ ਤਾਂ ਉਦੋਂ ਹੀ ਪਰਚਾ ਹੋ ਜਾਂਦਾ ਹੈ। ਸਮਾਜ ਸੇਵੀ ਬੀਬੀ ਕਿਰਪਾਲ ਕੌਰ ਨੇ ਕਿਹਾ ਕਿ ਜੇਕਰ ਕੋਈ ਗਾਂ ਜਾਂ ਸਾਨ੍ਹ ਜ਼ਖਮੀ ਹੋ ਜਾਵੇ ਤਾਂ ਬਹੁਤ ਜਥੇਬੰਦੀਆਂ ਉਸਦੇ ਇਲਾਜ ਲਈ ਸਾਹਮਣੇ ਆ ਜਾਂਦੀਆਂ ਹਨ, ਪਰ ਜਦੋਂ ਕੋਈ ਇਨਸਾਨ ਜ਼ਖਮੀ  ਹੋ ਜਾਵੇ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਕੋਈ ਵੀ ਜਥੇਬੰਦੀ ਉਸਦਾ ਹਾਲ ਜਾਣਨ ਲਈ ਵੀ ਨਹੀਂ ਆਉਂਦੀ। ਇਸ ਸਾਨ੍ਹ ਦੇ ਹਮਲੇ ਵਿੱਚ ਜ਼ਖਮੀ ਹੋਏ ਅਮਰੀਕ ਸਿੰਘ ਦੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *