ਚੰਡੀਗੜ੍ਹ 24 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਇੱਕ ਤੇਜ਼ ਰਫਤਾਰ ਗੱਡੀ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਦੀ ਮੌਤ ਅਤੇ ਦੂਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਕਸਬਾ ਨਵਾਂਗਰਾਉਂ ਨੇੜਲੇ ਪਹਾੜੀ ਖੇਤਰ ਦੇ ਪਿੰਡ ਕਾਨੇ ਕਾ ਬਾੜਾ ਦਾ ਵਸਨੀਕ ਬੰਤ ਰਾਮ (72) ਅਤੇ ਪਿੰਡ ਛੋਟੀ ਕਰੌਰ ਦਾ ਵਾਸੀ ਭਾਗ ਸਿੰਘ ਕਿਸੇ ਕੰਮ ਲਈ ਮੋਟਰਸਾਈਕਲ ‘ਤੇ ਜਾ ਰਹੇ ਸਨ ਕਿ ਨਿਊ ਚੰਡੀਗੜ੍ਹ ਓਮੈਕਸ ਟਾਵਰ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਬੀਐਮਡਬਲਿਊ ਗੱਡੀ ਦੀ ਲਪੇਟ ਵਿੱਚ ਆ ਗਏ। ਮੌਕੇ ਤੋਂ ਹਾਦਸੇ ਲਈ ਜ਼ਿੰਮੇਵਾਰ ਗੱਡੀ ਚਾਲਕ, ਗੱਡੀ ਸਮੇਤ ਫ਼ਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਨੇ ਕਾ ਬਾੜਾ ਦੇ ਬੰਤ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਜ਼ਖ਼ਮੀ ਵਿਅਕਤੀ ਭਾਗ ਸਿੰਘ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬੰਤ ਰਾਮ ਦੀ ਲਾਸ਼ ਸਰਕਾਰੀ ਹਸਪਤਾਲ ਮੋਹਾਲੀ ਵਿਖੇ ਪੋਸਟਮਾਰਟਮ ਲਈ ਲਿਜਾਈ ਗਈ, ਜਿੱਥੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਐਸਐਚਓ ਨੇ ਆਖਿਆ ਕਿ ਜਲਦੀ ਹੀ ਗੱਡੀ ਚਾਲਕ ਦੀ ਪਛਾਣ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

