www.sursaanjh.com > ਚੰਡੀਗੜ੍ਹ/ਹਰਿਆਣਾ > ਹਲਕਾ ਵਿਧਾਇਕ ਮਾਨ ਵੱਲੋਂ ਇਲਾਕੇ ਦੇ ਸਕੂਲਾਂ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਹਲਕਾ ਵਿਧਾਇਕ ਮਾਨ ਵੱਲੋਂ ਇਲਾਕੇ ਦੇ ਸਕੂਲਾਂ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਚੰਡੀਗੜ੍ਹ 9 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਵੱਜੋਂ ਐਮਐਲਏ ਅਨਮੋਲ ਗਗਨ ਮਾਨ ਵੱਲੋਂ ਖਰੜ ਹਲਕੇ ਦੇ ਤਿੰਨ ਸਕੂਲਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਕੁਰਾਲੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿੰਗੜਾਂ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਹਾਲੀ ਵਿਖੇ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤਾ ਗਿਆ।
ਉਨ੍ਹਾਂ ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਕੁਰਾਲੀ ਵਿਖੇ ਨਵੀਂ ਲਾਇਬ੍ਰੇਰੀ ਲਈ ਵੱਡਾ ਕਮਰਾ ਜੋ ਕਿ 9,65,000 ਰੁਪਏ, ਨਵਾਂ ਕਲਾਸਰੂਮ 9,55,000 ਰੁਪਏ ਅਤੇ ਸਕੂਲ ਦੀ ਚਾਰ ਦਿਵਾਰੀ ਤੇ ਆਏ 3 ਲੱਖ ਰੁਪਏ (ਕੁੱਲ 22 ਲੱਖ 20 ਹਜ਼ਾਰ) ਰੁਪਏ ਦੀ ਲਾਗਤ ਨਾਲ ਤਿਆਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਸਕੂਲ ਨੂੰ 10 ਲੱਖ ਰੁਪਏ ਦਾ ਬੈਸਟ ਸਕੂਲ ਐਵਾਰਡ ਮਿਲਣ ਤੇ ਵਧਾਈ ਦਿੱਤੀ। ਇਸ ਉਪਰੰਤ  ਹਲਕਾ ਵਿਧਾਇਕ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿੰਗੜਾਂ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਹਾਲੀ ਵਿਖੇ 30.04 ਲੱਖ ਰੁਪਏ ਦੀ ਲਾਗਤ ਨਾਲ ਦੋਵਾਂ ਸਕੂਲਾਂ ਵਿੱਚ ਬਣੇ ਦੋ-ਦੋ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਕਮਰਿਆਂ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਪ੍ਰੋਜੈਕਟਰ ਅਤੇ ਐਲ.ਈ.ਡੀ. ਟੀ.ਵੀ. ਮੁਹੱਈਆ ਕਰਵਾਏ ਗਏ ਹਨ।
ਇਸ ਮੌਕੇ ਤੇ ਬੋਲਦੇ ਹੋਏ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਹਰ ਪੱਖੋਂ ਵਿਕਸਿਤ ਕਰਨ ਲਈ ਵੱਖ- ਵੱਖ ਨਵੇਂ ਉਪਰਾਲੇ ਕੀਤੇ ਜਾ ਰਹੇ। ਇਸੇ ਤਹਿਤ ਹੀ ਉਨ੍ਹਾਂ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੂਲ ਦਾ ਹਰ ਕੰਮ, ਜਿਸ ਦੀ ਸਕੂਲ ਨੂੰ ਜ਼ਰੂਰਤ ਹੈ, ਹੋਣਾ ਚਾਹੀਦਾ ਹੈ ਅਤੇ ਸਕੂਲ ਵਿੱਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਹੋਣੀਆਂ ਲਾਜ਼ਮੀ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਧਿਆਪਕ ਚੰਗੇ ਹੋਣਗੇ ਤਾਂ ਬੱਚੇ ਵੀ ਪੜ੍ਹਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦਾ ਇਹ ਉਦੇਸ਼ ਹੈ ਕਿ ਹਰ ਪਿੰਡ ਦੇ ਸਕੂਲ ਨੂੰ ਵਧੀਆ ਬਣਾਉਣ ਲਈ ਵਿਦਿੱਆ ਦਾ ਪੱਧਰ ਉੱਚਾ ਚੁੱਕਣ ਲਈ ਸਕੂਲਾਂ ਵਿੱਚ ਲਾਇਬ੍ਰੇਰੀਆਂ ਬਣਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਰਕਾਰ ਹਰ ਸਮੇਂ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਪਿੰਡਾਂ ਨੂੰ ਗ੍ਰਾਂਟਾਂ ਦਿਤੀਆਂ ਜਾ ਰਹੀਆਂ ਤਾਂ ਜੋ ਪਿੰਡਾਂ ਦਾ ਸਹੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਖੇਡ ਮੈਦਾਨ, ਪਾਰਕ, ਸੀਵਰੇਜ, ਪਿੰਡਾਂ ਦੇ ਛੱਪੜਾਂ ਦੀ ਸਫਾਈ, ਗਲੀਆਂ ਨਾਲੀਆਂ ਪੱਕੀਆਂ ਹੋਣੀਆਂ ਮੁਢਲੀਆਂ ਸਹੂਲਤਾਂ ਹਨ। ਉਨ੍ਰਾਂ ਕਿਹਾ ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਕੈਮਰੇ ਵੀ ਲਗਵਾਏ ਜਾਣਗੇ ਤਾਂ  ਜੋ ਕਿਸੇ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆਂ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਪਾਸ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਕੰਮ ਜਲਦ ਹੀ ਸ਼ਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਹੂਲਤ ਲਈ ਸਕੂਲਾਂ ਵਿੱਚ ਲਾਇਬ੍ਰੇਰੀਆਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਆਦਿ ਬਣਾਏ ਜਾ ਰਹੇ ਹਨ।  ਸਕੂਲਾਂ  ਦੇ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ੳਨ੍ਹਾਂ ਦਾ ਬੱਚਾ ਪੜ੍ਹਾਈ ਵਿੱਚ ਜਿਹੜਾ ਵੀ ਵਿਸ਼ਾ ਚੁਨਣਾ ਚਾਹੁੰਦਾ ਹੈ, ਨੂੰ ਰੋਕਿਆਂ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਕਿਹਾ ਕਿ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਭਵਿੱਖ ਲਈ ਸਕੂਲ ਵਿੱਚ ਕੋਈ ਵੀ ਚੀਜ਼ ਲੋੜੀਂਦੀ ਹੈ, ਚਾਹੇ ਉਸ ਲਈ ਸਰਕਾਰ ਨੂੰ ਕਿੰਨੇ ਵੀ ਪੈਸੇ ਖ਼ਰਚਣੇ ਪੈਣ, ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਸਕੂਲਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਵੀ ਮਿਹਨਤ ਕਰ ਰਹੇ ਹਨ, ਉਨ੍ਹਾਂ ਦੀ ਮਿਹਨਤ ਸਦਕਾ ਹੀ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਸਕੂਲਾਂ ਦੇ ਨਤੀਜੇ ਵਧੀਆ ਆ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਰਾਈ ਪ੍ਰਤੀ ਹੋਰ ਮਿਹਨਤ ਕਰਨ ਲਈ ਕਿਹਾ ਤਾਂ ਜੋ ਅੱਗੇ ਤੋਂ ਵੀ ਪੰਜਾਬ ਪੜ੍ਰਾਈ ਵਿੱਚ ਮੋਹਰੀ ਬਣਿਆ ਰਹੇ। ਇਸ ਮੌਕੇ ਤੇ ਸ੍ਰੀ ਗੁਰਮੰਦਰ ਸਿੰਘ ਐਸ.ਡੀ.ਐਮ. ਖਰੜ, ਸਕੂਲਾਂ ਦੇ ਪ੍ਰਿੰਸੀਪਲ, ਸਮੂਹ ਸਕੂਲਾਂ ਦੇ ਸਟਾਫ ਮੈਂਬਰ, ਸਕੂਲੀ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਵਾਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Leave a Reply

Your email address will not be published. Required fields are marked *