www.sursaanjh.com > ਸਾਹਿਤ > ਹਿੰਮਤ ਦਾ ਦੂਸਰਾ ਨਾਮ ਹੈ ਕਰਮ ਸਿੰਘ ਜ਼ਖ਼ਮੀ

ਹਿੰਮਤ ਦਾ ਦੂਸਰਾ ਨਾਮ ਹੈ ਕਰਮ ਸਿੰਘ ਜ਼ਖ਼ਮੀ

ਹਿੰਮਤ ਦਾ ਦੂਸਰਾ ਨਾਮ ਹੈ ਕਰਮ ਸਿੰਘ ਜ਼ਖ਼ਮੀ/ ਗੁਰਭਜਨ ਗਿੱਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ:
ਕਰਮ ਸਿੰਘ ਜ਼ਖ਼ਮੀ ਸੰਗਰੂਰ ਦੀ ਸਾਹਿੱਤਕ ਜਥੇਬੰਦਕ ਲਹਿਰ ਦਾ ਮਜ਼ਬੂਤ ਥੰਮ ਹੈ। ਮੈਂ ਉਸ ਦੀ ਲਗਪਗ ਹਰ ਕਿਤਾਬ ਪੜ੍ਹੀ ਹੈ। ਗ਼ਜ਼ਲ ਵਿੱਚ ਨਿਰੰਤਰ ਵਿਕਾਸ ਦਾ ਦੂਜਾ ਨਾਮ ਹੈ ਕਰਮ ਸਿੰਘ ਜ਼ਖ਼ਮੀ। ਉਸ ਦੀਆਂ ਕਾਵਿ ਰਚਨਾਵਾਂ ਵਿੱਚ ਚਾਨਣ ਦੀ ਲਲਕਾਰ, ਤੁਪਕੇ ਵਿੱਚ ਸਮੁੰਦਰ, ਸੂਰਜਾਂ ਦਾ ਕਾਫ਼ਲਾ, ਯਾਦਾਂ ਦੇ ਪਰਕੰਡੇ, ਚੁੱਲ੍ਹੇ ਵਿੱਚ ਮੁੱਕਦਰ, ਕੱਦ ਬੋਲਾਂਗੇ, ਤੇ ਲਗਰਾਂ ਬਣੀਆਂ ਰੁੱਖ, ਅੱਖ ਤਿਣ ਪੜ੍ਹਨ ਯੋਗ ਹਨ। ਗੁਰਮੇਲ ਮਡਾਹੜ ਦੀਆਂ “ਚੋਣਵੀਆਂ ਕਹਾਣੀਆਂ” ਦੇ ਸੰਪਾਦਕ ਵਜੋਂ ਕਦਰਦਾਨੀ ਦੀ ਮਿਸਾਲ ਕਾਇਮ ਕੀਤੀ ਹੈ। ਮਾਲਵਾ ਲਿਖਾਰੀ ਸਭਾ, ਸੰਗਰੂਰ ਰਾਹੀਂ ਉਹ ਲਗਾਕਾਰ ਕ੍ਰਿਆਸ਼ੀਲ ਸਿਰਜਕ ਹੈ। ਬੂਟਾ ਸਿੰਘ ਚੌਹਾਨ ਉਸ ਨੂੰ ਧਰਤੀ ਹੇਠਲਾ ਬੌਲਦ ਮੰਨਦਾ ਹੈ ਕਿਉਂਕਿ ਉਹ ਆਪਣੇ ਲਈ ਨਹੀਂ ਸਾਹਿੱਤ ਲਈ ਜਿਉਂਦਾ ਹੈ। ਉਸ ਦੀਆਂ ਲਿਖਤਾਂ ਅਕਸਰ ਸਿਰਕੱਢ ਅਖ਼ਬਾਰਾਂ ਅਤੇ ਮੈਗਜ਼ੀਨਜ਼  ਵਿੱਚ ਛਪਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਜੀਵਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ  ਸਮਰਪਿਤ ਹੈ। ਸ਼ਬਦ ਸਾਧਕ ਕਰਮ ਸਿੰਘ ਜ਼ਖ਼ਮੀ ਦੀ ਸਾਹਿੱਤ ਸੇਵਾ ਵਿੱਚ ਨਿਰੰਤਰਤਾ ਨੂੰ ਸਤਿਕਾਰ ਭੇਂਟ ਹੈ ਮੇਰਾ। ਪੇਸ਼ ਹਨ ਕਰਮ ਸਿੰਘ ਜ਼ਖ਼ਮੀ ਦੀਆਂ  ਚੋਣਵੀਆਂ ਪੰਜ ਗ਼ਜ਼ਲਾਂ
1.
ਹਰ ਥਾਂ ਹੋਈ ਬੇਕਦਰੀ
ਹਰ ਥਾਂ ਹੋਈ ਬੇਕਦਰੀ ਬਰਬਾਦੀ ਹੈ।
ਕਿੱਦਾਂ ਇਹਨੂੰ ਆਖ ਦੇਵਾਂ ਆਜ਼ਾਦੀ ਹੈ।
ਹੱਲ ਅਜੇ ਨਾ ਹੋਇਆ ਮਸਲਾ ਰੋਟੀ ਦਾ,
ਹਰ ਬੰਦੇ ਦਾ ਹੱਕ ਇਹੋ ਬੁਨਿਆਦੀ ਹੈ।
ਧੱਕੇਸ਼ਾਹੀ ਦਾ ਜੋ ਸ਼ਖ਼ਸ ਵਿਰੋਧ ਕਰੇ,
ਹਾਕਮ ਝੱਟ ਬਣਾ ਦਿੰਦਾ ਅਤਿਵਾਦੀ ਹੈ।
ਵਹਿਮਾਂ ਭਰਮਾਂ ਦੀ ਹੀ ਟੈਲੀਵਿਜ਼ਨ ਤੋਂ,
ਹੁੰਦੀ ਰਹਿੰਦੀ ਹਰ ਵੇਲੇ ਮੁਨਿਆਦੀ ਹੈ।
ਲਾਠੀਚਾਰਜ ਨਾਲ ਸਵਾਗਤ ਹੋਵੇ ਕਿਉਂ,
ਦਿਲ ਦੇ ਦੁੱਖ ਸੁਣਾਉਂਦਾ ਜੇ ਫਰਿਆਦੀ ਹੈ।
ਪੋਤੀ ਜਿੱਡੀ ਕੁੜੀ ਵਿਆਹ ਕੇ ਲੈ ਤੁਰਿਆ,
ਬੁੜਾ ਵਿਦੇਸ਼ੋਂ ਆਇਆ ਕਹਿੰਦਾ ਸ਼ਾਦੀ ਹੈ।
‘ਜ਼ਖ਼ਮੀ’ ਕੌਣ ਝੰਜੋੜੇਗਾ ਹੁਣ ਸਰਕਾਰਾਂ ਨੂੰ
ਬੱਚਾ ਬੱਚਾ ਤਾਂ ਨਸ਼ਿਆਂ ਦਾ ਆਦੀ ਹੈ।
2.
ਅਸਲ ਵਿੱਚ ਜੋ ਹੈ
ਅਸਲ ਵਿੱਚ ਜੋ ਹੈ ਕਦੇ ਦਿਸਦਾ ਨਹੀਂ।
ਦਿਸ ਰਿਹੈ ਜੋ ਆਦਮੀ, ਹੁੰਦਾ ਨਹੀਂ।
ਹੋ ਗਿਐ ਮੁਸ਼ਕਿਲ ਮਨਾਂ ਨੂੰ ਸਮਝਣਾ,
ਆਖਦਾ ਕੋਈ ਨਹੀਂ, ਸੁਣਦਾ ਨਹੀਂ।
ਇੱਧਰ ਵੀ ਪੱਖ ਪੂਰਦੈ ਜੋ ਉੱਧਰ ਵੀ,
ਉਹ ਕਿਸੇ ਦਾ ਵੀ ਕਦੇ ਬਣਦਾ ਨਹੀਂ।
ਦੋਸਤਾਂ ਦੀ ਅੱਖ ਨਾ ਦੇਖੇ ਬੁਰਾ,
ਦੁਸ਼ਮਣਾਂ ਨੂੰ ਜੋ ਭਲਾ ਲੱਗਦਾ ਨਹੀਂ।
ਹਰ ਕਿਸੇ ਦਾ ਸੱਚ ਹੁੰਦੈ ਆਪਣਾ,
ਝੂਠ ਵਿੱਚ ਬੰਦਾ ਤਦੇ ਜਿਉਂਦਾ ਨਹੀਂ।
ਰੱਬ ਦਾ ਘਰ ਨਾ ਕਹੋ, ਵਿਉਪਾਰ ਹੈ,
ਜੇ ਭਲਾ ਸਰਬੱਤ ਦਾ ਮੰਗਦਾ ਨਹੀਂ।
ਜੰਗ ‘ਜ਼ਖ਼ਮੀ’ ਹੈ ਜਿਨ੍ਹਾਂ ਦੀ ਜ਼ਿੰਦਗੀ,
ਲੋਭ ਡਰ ਕੋਈ ਝੁਕਾ ਸਕਦਾ ਨਹੀਂ।
3.
ਮੁਹੱਬਤ ਵੀ ਵਿਸ਼ਾ ਹੈ
ਮੁਹੱਬਤ ਵੀ ਵਿਸ਼ਾ ਹੈ, ਪਰ ਬਥੇਰੇ ਹੋਰ ਵੀ ਨੇ।
ਵਿਛੋੜੇ ਤੋਂ ਭਿਆਨਕ ਡਰ, ਬਥੇਰੇ ਹੋਰ ਵੀ ਨੇ।
ਪਿਸੇ ਹਾਲਾਤ ਦੀ ਚੱਕੀ ’ਚ ਆਪਾਂ ਹੀ ਨਹੀਂ ਹਾਂ,
ਜਿਨ੍ਹਾਂ ਦਾ ਘਾਟ ਹੈ ਨਾ ਘਰ, ਬਥੇਰੇ ਹੋਰ ਵੀ ਨੇ।
ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਬਣੇ ਨੇ ਖ਼ਬਰ ਓਹੀ,
ਬਿਨਾਂ ਮਰਿਆਂ ਰਹੇ ਜੋ ਮਰ, ਬਥੇਰੇ ਹੋਰ ਵੀ ਨੇ।
ਹਵਾ ਦਾ ਰੁਖ਼ ਜ਼ਮਾਨਾ ਦੇਖਦਾ ਹੈ, ਜਾਣਦੇ ਹਾਂ
ਅਜੇ ਵੀ ਜੋ ਭਿੜੇ ਨਾ ਦਰ, ਬਥੇਰੇ ਹੋਰ ਵੀ ਨੇ।
ਬੜਾ ਬੇਦਰਦ ਹੋ ਕੇ ਤੋੜਿਆ ਕੀ ਸੋਚ ਕੇ ਤੂੰ
ਇਨ੍ਹਾਂ ਦੇ ਬਾਝ ਹੁੰਦੇ ਪਰ, ਬਥੇਰੇ ਹੋਰ ਵੀ ਨੇ।
ਕਦੇ ਨਾ ਦੇਣ ਬੇਦਾਵੇ, ਮੁਕਾਇਆਂ ਮੁੱਕਣੇ ਨਾ
ਤੁਰੇ ਜੋ ਸਿਰ ਤਲੀ ’ਤੇ ਧਰ, ਬਥੇਰੇ ਹੋਰ ਵੀ ਨੇ।
ਹਮੇਸ਼ਾਂ ਜੂਝਦੇ ‘ਜ਼ਖ਼ਮੀ’ ਰਹੇ ਨੇ ਸ਼ਿਅਰ ਮੇਰੇ
ਇਨ੍ਹਾਂ ਨੂੰ ਦੇਖ ਨਾ ਬੁੱਕ ਭਰ, ਬਥੇਰੇ ਹੋਰ ਵੀ ਨੇ।
4.
ਇੱਕ ਦੂਜੇ ਤੋਂ 
ਇੱਕ ਦੂਜੇ ਤੋਂ ਬੁਰਾ ਭਲਾ ਅਖਵਾਉਣ ਕਤਾਰਾਂ ਵਿੱਚ ਖੜ੍ਹੇ
ਲੋਕ ਵਿਚਾਰੇ ਕਿੱਦਾਂ ਮਨ ਸਮਝਾਉਣ ਕਤਾਰਾਂ ਵਿੱਚ ਖੜ੍ਹੇ
ਅਸਰ ਰਸੂਖ ਜਿਨ੍ਹਾਂ ਦਾ ਉਹ ਤਾਂ ਨੋਟ ਪਲਾਂ ਵਿੱਚ ਲੈ ਜਾਂਦੇ
ਭੁੱਖੇ ਪਿਆਸੇ ਹੋਸ਼ ਹਵਾਸ਼ ਗਵਾਉਣ ਕਤਾਰਾਂ ਵਿੱਚ ਖੜ੍ਹੇ
ਅੱਖ ਜਦੋਂ ਖੁੱਲ੍ਹ ਜਾਵੇ ਉੱਠ ਕੇ ਬੈਂਕਾਂ ਵੱਲ ਭੱਜ ਲੈਂਦੇ ਨੇ
ਰੋਟੀ ਟੁੱਕ ਵੀ ਓਥੇ ਹੀ ਮੰਗਵਾਉਣ ਕਤਾਰਾਂ ਵਿੱਚ ਖੜ੍ਹੇ
ਅੱਗ ਬਬੂਲੇ ਹੋ ਕੇ ਕੁੱਝ ਤਾਂ ਭੰਡਣ ਖ਼ੂਬ ਹਕੂਮਤ ਨੂੰ
ਕੁੱਝ ਵਿਚਾਰੇ ਹਾਲੇ ਵੀ ਗੁਣ ਗਾਉਣ ਕਤਾਰਾਂ ਵਿੱਚ ਖੜ੍ਹੇ
ਮੋਰਚਿਆਂ ਵਿੱਚ ਜਿਵੇਂ ਲੜਾਈ ਵੇਲ਼ੇ ਫੌਜੀ ਹੋਣ ਡਟੇ
ਭੋਰਾ ਵੀ ਨਾ ਪਿੱਛੇ ਪੈਰ ਹਟਾਉਣ ਕਤਾਰਾਂ ਵਿੱਚ ਖੜ੍ਹੇ
ਕਈਆਂ ਨੂੰ ਤਾਂ ਭਾਰੇ ਭਾਰੇ ਬੈਗ ਫੜਾਏ ਧਨੀਆਂ ਨੇ
ਪੰਜ ਸੌ ਲੈ ਕੇ ਅੱਧਾ ਲੱਖ ਬਚਾਉਣ ਕਤਾਰਾਂ ਵਿੱਚ ਖੜ੍ਹੇ
‘ਜ਼ਖ਼ਮੀ’ ਘਰ ਦੇ ਸੌਦੇ ਮੁੱਕੇ ਯਾਦ ਰਹਿਣ ਨਾ ਕਵੀਆਂ ਨੂੰ
ਲੱਗ ਜਾਂਦੇ ਨੇ ਗ਼ਜ਼ਲਾਂ ਗੀਤ ਸੁਣਾਉਣ ਕਤਾਰਾਂ ਵਿੱਚ ਖੜ੍ਹੇ।
5.
ਰੁਕਿਆ ਨਾ ਜੇ ਅੰਦਰਲਾ ਘਮਸਾਨ ਅਜੇ।
ਤਾਂ ਹੀ ਝੁਕ ਝੁਕ ਲੰਘਦੇ ਨੇ ਤੂਫ਼ਾਨ ਅਜੇ।
ਡੰਗ ਰਿਹੈ ਅਰਮਾਨਾਂ ਨੂੰ ਧਨਵਾਨ ਅਜੇ।
ਵੈਰੀ ਬਣਿਐ ਧਰਤੀ ਦਾ ਅਸਮਾਨ ਅਜੇ।
ਆਸ ਕਦੇ ਵੀ ਛੱਡੀਏ ਨਾ ਗੁਲਜ਼ਾਰਾਂ ਦੀ,
ਬੇਸ਼ੱਕ ਮਾਲੀ ਦਿਸਦੈ ਬੇਈਮਾਨ ਅਜੇ।
ਖ਼ੂਬ ਘਰਾਂ ਵਿੱਚ ਪੂਜ ਰਹੇ ਹਾਂ ਕੰਜਕਾਂ ਨੂੰ,
ਨਾਲ਼ੇ ਜਾਰੀ ਔਰਤ ਦਾ ਅਪਮਾਨ ਅਜੇ।
ਇਨਕਲਾਬ ਨੇ ਐਵੇਂ ਕੀਤੀ ਦੇਰ ਨਹੀਂ,
ਮੋਹ ਲੈਂਦੇ ਨੇ ਕਲਮਾਂ ਨੂੰ ਸਨਮਾਨ ਅਜੇ।
ਉੱਚੇ ਲੰਬੇ ਪੁਲ਼ ਤੇ ਚੌੜੀਆਂ ਸੜਕਾਂ ਨੇ,
ਪਰ ਭੁੱਖੇ ਨੇ ਕਿਰਤੀ ਤੇ ਕਿਰਸਾਨ ਅਜੇ।
‘ਜ਼ਖ਼ਮੀ’ ਜਿੱਦਣ ਆਪ ਲਿਖੋਗੇ ਦੇਖਾਂਗੇ,
ਲੇਖ ਤੁਹਾਡੇ ਲਿਖਦਾ ਹੈ ਭਗਵਾਨ ਅਜੇ।

Leave a Reply

Your email address will not be published. Required fields are marked *