ਗ਼ਜ਼ਲ
ਗੁਰਭਜਨ ਗਿੱਲ
ਹੋਰ ਸੁਨੇਹੇ ਰਾਹ ਵਿੱਚ ਰਹਿ ਗਏ, ਚਿੱਠੀਆਂ ਤੁਰੀਆਂ ਮੇਰੇ ਨਾਲ।
ਹਾਲੇ ਰੂਹ ਟੁਣਕਾਰਦੀਆਂ ਨੇ, ਲੰਘੇ ਲਿਖਿਆਂ ਕਿੰਨੇ ਸਾਲ।


ਫ਼ਿਕਰੇ, ਵਾਕ ਬਣਤਰਾਂ ਹੁਣ ਵੀ, ਕਿੰਨਾ ਕੁਝ ਸਮਝਾਵਣ ਮੈਨੂੰ,
‘ਲਿਖਤੁਮ’ਤੁਰ ਗਏ ਦੂਰ ਸਫ਼ਰ ‘ਤੇ, ‘ਪੜ੍ਹਤੁਮ’ ਕਿਉਂ ਹਾਲੋਂ ਬੇਹਾਲ।
ਮੇਰੀ ਮਾਂ ਜਿਉਂ ਕੱਤ ਪੂਣੀਆਂ, ਫੇਰ ਅਟੇਰਨ ਤੇ ਸੀ ਵਲ਼ਦੀ,
ਮੈਂ ਵੀ ਉਸ ਤੋਂ ਪੋਖਾ ਲੈ ਕੇ, ਲਿਖਤਾਂ ਸਾਂਭਾਂ ਨਾਲੋ ਨਾਲ।
ਸੁਰਖ਼ ਬਹਾਰਾਂ ਦੇ ਵਣਜਾਰੇ, ਲੋਕ-ਮਾਤ ਦੇ ਰਾਜ ਦੁਲਾਰੇ,
ਕੋਰੇ ਵਰਕੇ ਉੱਪਰ ਤੁਰ ਤੂੰ, ਕਿਰਨਾਂ ਜੀਕੂੰ ਪਾਲ਼ੋ-ਪਾਲ਼।
ਦਰਦ -ਸੁਨੇਹਾ ਤੂੰ ਲਿਖ ਸਕਦੈਂ,ਕਾਨੀ ਦੀ ਲੱਜ- ਪਾਲ ਪਿਆਰੇ,
ਇਹ ਵਿਸ਼ਵਾਸ, ਮੁਹੱਬਤ, ਤੌਬਾ! ਕਰ ਗਈ ਮੈਨੂੰ ਮਾਲਾ ਮਾਲ।
ਡਾਕ ਅਜੇ ਵੀ ਆਉਂਦੀ ਹੈ, ਪਰ, ਰੂਹ ਤੋਂ ਸੱਖਣੀ ਛਪੀ ਛਪਾਈ,
ਜਿਉਂ ਕਲਬੂਤ,ਬਿਨਾ ਰੂਹ ਭਟਕੇ, ਚੱਲੀ ਸਮਿਆਂ ਕੈਸੀ ਚਾਲ।
ਹੱਥ ਲਿਖੀਆਂ ਚਿੱਠੀਆਂ ਦੇ ਅੱਖਰ ਬੋਲ ਬੋਲ ਕੇ ਪੁੱਛਦੇ ਮੈਨੂੰ,
ਮਾਂ ਸਦਕੇ! ਵੇ ਜਿਉਣ ਜੋਗਿਆ,ਕੀ ਦੁਖ਼ਦਾ ਈ ਮੇਰੇ ਲਾਲ।

