Breaking
www.sursaanjh.com > ਅੰਤਰਰਾਸ਼ਟਰੀ > ਹੋਲੀ ਦੇ ਮੌਕੇ ਤੇ ਜੰਗਬਾਜ਼ਾਂ ਨੂੰ “ਖੂਨੀ ਹੋਲੀ” ਬੰਦ ਕਰਨ ਦੀ ਅਪੀਲ – ਪ੍ਰਿੰ. ਬਹਾਦਰ ਸਿੰਘ ਗੋਸਲ਼

ਹੋਲੀ ਦੇ ਮੌਕੇ ਤੇ ਜੰਗਬਾਜ਼ਾਂ ਨੂੰ “ਖੂਨੀ ਹੋਲੀ” ਬੰਦ ਕਰਨ ਦੀ ਅਪੀਲ – ਪ੍ਰਿੰ. ਬਹਾਦਰ ਸਿੰਘ ਗੋਸਲ਼

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:

ਅੱਜ ਹੋਲੀ ਦੇ ਮੌਕੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਅਜੋਕੇ ਸੰਸਾਰ ਦੇ ਜੰਗਬਾਜ਼ਾਂ ਨੂੰ “ਖੂਨੀ ਹੋਲੀ” ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਸੰਸਥਾ ਦੇ ਅਹੁਦੇਦਾਰਾਂ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ (ਸ਼ਾਂਤੀ ਦੂਤ ਅਵਾਰਡੀ), ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਉਪ ਪ੍ਰਧਾਨ, ਭੁਪਿੰਦਰ ਭਾਗੋਮਾਜਰੀਆ, ਦਰਸ਼ਨ ਸਿੰਘ ਸਿੱਧੂ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਜੁਆਇੰਟ ਸਕੱਤਰ ਸ੍ਰੀ ਕ੍ਰਿਸ਼ਨ ਰਾਹੀਂ (ਨੈਸ਼ਨਲ ਅਵਾਰਡੀ) ਅਤੇ ਪ੍ਰੈੱਸ ਸਕੱਤਰ ਅਮਰਜੀਤ ਬਠਲਾਣਾਸਲਾਹਕਾਰ ਬਲਵਿੰਦਰ ਸਿੰਘ ਅਤੇ ਬਲਜਿੰਦਰ ਕੌਰ ਸ਼ੇਰਗਿੱਲ ਨੇ ਇਕ ਅਪੀਲ ਵਿੱਚ ਸੰਸਾਰ ਵਿਚ ਚੱਲ ਰਹੀਆਂ ਖੂਨੀ ਖੇਡਾਂ ਅਤੇ ਮਨੁੱਖਤਾ ਦੇ ਘਾਣ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਹੈ। ਹੋਲੀ ਦੇ ਪਵਿੱਤਰ ਮੌਕੇ ਤੇ ਕਿਹਾ ਗਿਆ ਹੈ ਕਿ ਲੋੜ ਹੈ ਕਿ ਮਨੁੱਖਤਾ ਵਿਚ ਭਾਈਚਾਰਾ, ਪ੍ਰੇਮ ਅਤੇ ਸ਼ਾਂਤੀ ਦੀ ਜੋਤ ਜਗਾਈ ਜਾਵੇ ਨਾ ਕਿ ਕੁਝ ਵਿਅਕਤੀਆਂ ਦੀ ਵਿਅਕਤੀਗਤ ਮਨੋਸਥਿਤੀ ਨੂੰ ਬਰਕਰਾਰ ਰੱਖਣ ਲਈ ਮਨੁੱਖਤਾ ਦਾ ਖੂਨ ਵਹਾਇਆ ਜਾਵੇ ਅਤੇ ਸੰਸਾਰ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕਿਆ ਜਾਵੇ।

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸੰਸਾਰ ਸ਼ਾਂਤੀ ਨੂੰ ਸਥਿਰ ਬਣਾਇਆ ਜਾਵੇ ਅਤੇ ਕਿਸੇ ਵੀ ਮਨੁੱਖ ਦੀ ਜਾਨ ਅਜਾਈ ਨਾ ਜਾਣ ਦਿੱਤੀ ਜਾਵੇ। ਜੰਗਾਂ ਵਿਚ ਮਨੁੱਖਾਂ ਨੂੰ ਮਾਰਨ ਵਾਲੇ ਕਦੇ ਵੀ ਜੇਤੂ ਨਹੀਂ ਕਹੇ ਜਾ ਸਕਦੇ ਅਤੇ ਮਨੁੱਖਤਾ ਅਜਿਹੇ ਮਨੁੱਖਾਂ ਨੂੰ ਕਦੇ ਵੀ ਸਹੀ ਨਹੀਂ ਠਹਿਰਾ ਸਕਦੀ। ਅਮਨ, ਸ਼ਾਂਤੀ, ਭਾਈਚਾਰਾ ਅਤੇ ਆਪਸੀ ਪਿਆਰ ਹੀ ਮਨੁੱਖਤਾ ਦਾ ਆਧਾਰ ਹੈ ਨਾ ਕਿ ਬੰਬ ਜਾਂ ਮਿਜ਼ਾਇਲਾਂ। ਜੰਗ ਦੀ ਗੱਲ ਕਰਨ ਵਾਲੇ ਮਨੁੱਖਤਾ ਦੇ ਦੋਖੀ ਹਨ ਅਤੇ ਕਦੇ ਵੀ ਮੁਆਫ ਨਹੀਂ ਕੀਤੇ ਜਾ ਸਕਦੇ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਅਹੁਦੇਦਾਰਾਂ ਨੇ ਇਸ ਗੱਲ ਪਰ ਵੀ ਚਿੰਤਾ ਪ੍ਰਗਟ ਕੀਤੀ ਕਿ ਸੰਸਾਰ ਦੀਆਂ ਅਮਨ ਅਤੇ ਸ਼ਾਂਤੀ ਬਹਾਲ ਕਰਨ ਵਾਲੀਆਂ ਪੰਚਾਇਤੀ ਧਿਰਾਂ ਅੱਜ ਕੱਲ ਕਿੱਥੇ ਅਲੋਪ ਹੋ ਗਈਆਂ ਹਨ? ਯੂ.ਐਨ.ਓ. ਸਕਿਊਰਟੀ ਕੌਂਸਲਾਂ ਸਭ ਸ਼ਾਂਤ ਕਿਉਂ ਹਨ? ਕੋਈ ਵੀ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਅਤੇ ਕਿਸੇ ਨੂੰ ਵੀ ਮਨੁੱਖਤਾ ਦਾ ਘਾਣ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਵਲੋਂ ਸੰਸਾਰ ਦੇ ਪ੍ਰਮੁੱਖ ਲੀਡਰਾਂ ਨੂੰ ਹਰ ਥਾਂ ਜੰਗ ਬੰਦੀ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਗਈ ਹੈ।

ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ  ਦੇ ਅਹੁਦੇਦਾਰ ਇਸ ਮੌਕੇ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

Leave a Reply

Your email address will not be published. Required fields are marked *