ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:
ਜਾਗਦੀ ਹੈ ਮਾਂ ਅਜੇ/ ਗੁਰਭਜਨ ਗਿੱਲ
ਸੌ ਗਈ ਹੈ ਧਰਤ ਸਾਰੀ,
ਰੁਕ ਗਏ ਦਰਿਆ ਦੇ ਪਾਣੀ।
ਬਾਤ ਹੋ ਗਈ ਬੇਹੁੰਗਾਰਾ।
ਦੂਰ ਜਹੇ ਕਿਧਰੇ ਟਟੀਹਰੀ ਬੋਲਦੀ ਹੈ।
ਚੁੱਪ ਹੈ ਗਲੀਆਂ ’ਚ ਪਸਰੀ,
ਬੰਦਿਆਂ ਦੀ ਪੈਰ ਚਾਪ।
ਜਾਗਦੀ ਹੈ ਮਾਂ ਅਜੇ।
ਭਾਂਡਾ ਟੀਂਡਾ ਸਾਂਭ ਸੁੰਬਰ ਕੇ,
ਦੁੱਧ ਨੂੰ ਜਾਗ ਲਾ ਕੇ,
ਛੇਕਾਲੇ ਹੇਠ ਧਰ ਆਈ ਹੈ।


ਬਿੱਲੀ ਕੁੱਤੇ ਤੋਂ ਡਰਦੀ ਮਾਰੀ।
ਪੀ ਨਾ ਜਾਣ ਕਿਤੇ ਇਹ ਜਾਨਵਰ।
ਲਾਲਟੈਣ ਦੇ ਚਾਨਣੇ ’ਚ,
ਪਤਾ ਨਹੀਂ ਕੀ ਵੇਖਦੀ ਹੈ।
ਕਿਤਾਬ ਦੇ ਪੰਨਿਆਂ ’ਚੋਂ।
ਸ਼ਾਇਦ ਪੁੱਤਰ ਦੀ ਭਾਗ ਰੇਖਾ।
ਧੀ ਦੇ ਅਗਲੇ ਘਰ ਦਾ ਨਕਸ਼ਾ।
ਪੇਕਿਆਂ ਦੀ ਸੁਖ ਸਾਂਦ,
ਸਹੁਰੇ ਘਰ ਦੀ ਖੁਸ਼ਹਾਲੀ ਦੇ ਵੇਰਵੇ।
ਅਨਪੜ੍ਹ ਹੋ ਕੇ ਵੀ,
ਕਿੰਨਾ ਕੁਝ ਪੜ੍ਹੀ ਜਾਂਦੀ ਹੈ ।
ਐਨਕ ਵਿੱਚੋਂ ਦੀ,
ਸਗਲ ਸੰਸਾਰ ਨਾਲ ਰਿਸ਼ਤਾ ਜੋੜਦੀ
ਪੈਨਸਿਲ ਨਾਲ ਲੱਗੇ ਨਿਸ਼ਾਨਾਂ ਨੂੰ
ਗਹੁ ਨਾਲ ਵਾਚਦੀ,
ਪੜ੍ਹੇ ਹੋਏ ਨੂੰ ਪੁਣਦੀ ਛਾਣਦੀ।
ਜਾਗਦੀ ਹੈ ਮਾਂ ਅਜੇ,
ਦਾਦੀ ਬਣ ਕੇ ਵੀ ਜਾਗਦੀ ਹੈ ਹਾਲੇ।
ਅੰਬਰ ’ਚ ਨਹੀਂ ਵੇਖਦੀ ਤਾਰੇ।
ਅੱਖਰਾਂ ’ਚੋਂ ਅੱਖ ਦੇ ਤਾਰਿਆਂ ਦੇ,
ਸਿਤਾਰੇ ਪਛਾਣਦੀ ਹੈ।
ਜਾਗਦੀ ਹੈ ਮਾਂ ਅਜੇ।
ਜਿਹੜੇ ਘਰੀਂ ਮਾਂਵਾਂ ਸੌ ਜਾਂਦੀਆਂ,
ਓਥੇ ਘਰਾਂ ਨੂੰ,
ਜਗਾਉਣ ਵਾਲਾ ਕੋਈ ਨਹੀਂ ਹੁੰਦਾ।
ਰੱਬ ਵੀ ਨਹੀਂ।
ਮਾਂ ਵੱਡਾ ਸਾਰਾ ਰੱਬ ਹੈ।
ਧਰਤੀ ਜਿੱਡਾ ਜੇਰਾ।
ਅੰਬਰ ਜਿੱਡੀ ਅੱਖ।
ਸਮੁੰਦਰ ਤੋਂ ਡੂੰਘੀ ਨੀਝ।
ਪੌਣਾਂ ਤੋਂ ਤੇਜ਼ ਉਡਾਰੀ।
ਬਾਗ ਹੈ ਚੰਦਨ ਰੁੱਖਾਂ ਦਾ,
ਮਹਿਕਵੰਤੀ ਬਹਾਰ।
ਇਹ ਮਾਂ ਹੀ ਹੈ,
ਧਰਤ ਵਾਂਗ ਸਭ ਦੇ ਪਰਦੇ ਕੱਜਦੀ।
ਰੋਂਦੇ ਨੂੰ ਚੁੱਪ ਕਰਾਉਂਦੀ ਥਾਂ ਸਿਰ ਬਿਠਾਉਂਦੀ।
ਕੁਝ ਨਹੀਂ ਮੰਗਦੀ ਮੂੰਹੋਂ ਆਪਣੇ ਆਪ ਲਈ।
ਮਾਂ ਜਦ ਤੀਕ ਜਾਗਦੀ ਹੈ।
ਲਾਲਟੈਣ ਵੀ ਨਹੀਂ ਬੁਝਣ ਦਿੰਦੀ।
ਪੁੱਤਰ ਧੀਆਂ ਤੇ ਸਗਲ ਸੰਸਾਰ ਲਈ
ਜਾਗਦੀ ਹੈ ਮਾਂ ਅਜੇ।

