www.sursaanjh.com > ਅੰਤਰਰਾਸ਼ਟਰੀ > ਪਾਣੀ ਦਾ ਦਿਨ ਪ੍ਰਤੀ ਦਿਨ ਘੱਟ ਹੋਣਾ ਚਿੰਤਾ ਦਾ ਵਿਸ਼ਾ : ਪ੍ਰਿੰਸੀਪਲ  ਸਤਨਾਮ ਸਿੰਘ ਸੋਕਰ

ਪਾਣੀ ਦਾ ਦਿਨ ਪ੍ਰਤੀ ਦਿਨ ਘੱਟ ਹੋਣਾ ਚਿੰਤਾ ਦਾ ਵਿਸ਼ਾ : ਪ੍ਰਿੰਸੀਪਲ  ਸਤਨਾਮ ਸਿੰਘ ਸੋਕਰ

ਪਾਣੀ ਦਾ ਦਿਨ ਪ੍ਰਤੀ ਦਿਨ ਘੱਟ ਹੋਣਾ ਚਿੰਤਾ ਦਾ ਵਿਸ਼ਾ : ਪ੍ਰਿੰਸੀਪਲ  ਸਤਨਾਮ ਸਿੰਘ ਸੋਕਰ 
ਚੰਡੀਗੜ੍ਹ 10 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਅੰਤਾਂ ਦੀ ਪੈ ਰਹੀ ਗਰਮੀ ਅਤੇ ਆਏ ਦਿਨ ਤਾਪਮਾਨ ਦਾ ਵਧਣਾ ਜਿੱਥੇ ਇਨਸਾਨੀ ਜੀਵਨ ਲਈ ਖਤਰਨਾਕ ਹੈ, ਉਥੇ ਹੀ ਦਿਨ ਪ੍ਰਤੀ  ਦਿਨ ਪਾਣੀ ਦਾ ਘੱਟ ਹੋਣਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਰ ਇਸ ਨੂੰ ਲੈ ਕੇ ਆਮ ਲੋਕ ਚਿੰਤਤ ਨਹੀਂ ਹਨ, ਜਦਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ  ਸਮਾਜ ਸੇਵੀ ਤੇ ਲੇਖਕ ਸੇਵਾ ਮੁਕਤ ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਹੁਸ਼ਿਆਰਪੁਰ ਨੇ ਨਿਊ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਕੀਤਾ ਹੈ। ਪ੍ਰਿੰਸੀਪਲ ਸੋਕਰ ਨੇ ਕਿਹਾ ਹੈ ਕਿ ਅਸੀਂ ਨਿਰਾਪੁਰਾ ਸਰਕਾਰਾਂ ਨੂੰ ਹੀ ਦੋਸ਼ ਦੇਈ ਜਾਂਦੇ ਹਾਂ, ਜਦਕਿ ਕੁਦਰਤੀ ਵਾਤਾਵਰਨ ਦੀ ਬਰਬਾਦੀ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ।
ਉਨ੍ਹਾਂ ਕਿਹਾ ਕਿ ਲਾਲਚੀ ਇਨਸਾਨ ਆਪਣੀਆਂ ਜ਼ਰੂਰਤਾਂ ਲਈ ਆਏ ਦਿਨ ਜੰਗਲ ਅਤੇ ਹਰੇ ਭਰੇ  ਖੇਤਰਾਂ ਨੂੰ ਨਸ਼ਟ ਕਰ ਰਿਹਾ ਹੈ। ਬੇਸ਼ਕ ਉਹ ਆਪਣੇ ਰਹਿਣ ਲਈ ਸੁੰਦਰ ਆਰਾਮਗਾਹ ਜ਼ਰੂਰ ਬਣਾ ਲੈਂਦਾ ਹੈ, ਪਰ ਉਸ ਇੱਕ ਵਿਅਕਤੀ ਦੇ ਨਾਲ ਲੱਖਾਂ  ਇਨਸਾਨਾਂ ਅਤੇ ਜਾਨਵਰਾਂ, ਪੰਛੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਿੰਸੀਪਲ ਸੋਕਰ ਨੇ ਕਿਹਾ ਕਿ ਜੇਕਰ ਅਸੀਂ ਅਜੇ ਵੀ ਨਾ ਸੁਧਰੇ ਤਾਂ ਆਉਣ ਵਾਲਾ ਸਮਾਂ ਬਹੁਤ ਘਾਤਕ ਹੋਵੇਗਾ, ਕਿਉਂਕਿ ਮਤਲਬੀ ਇਨਸਾਨ ਸਿਰਫ ਆਪਣੇ ਤੇ ਆਪਣੇ ਪਰਿਵਾਰ ਬਾਰੇ ਸੋਚਦਾ ਹੈ। ਉਸ ਨੂੰ ਦੂਜਿਆਂ ਦੀਆਂ ਜਾਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਜਦਕਿ ਚਾਹੀਦਾ ਤਾਂ ਇਹ ਹੈ ਕਿ ਅਸੀਂ ਸੋਹਣੀ ਦੁਨੀਆ  ਵਿੱਚ ਆਏ ਹਾਂ, ਤਾਂ ਸਾਨੂੰ ਹੋਰ ਲੋਕਾਂ ਦੀ ਵੀ ਫਿਕਰ ਕਰਨੀ ਲਾਜ਼ਮੀ ਬਣ ਜਾਂਦੀ ਹੈ। ਸਾਡੇ ਜੀਣ ਲਈ ਪਾਣੀ ਅਤੀ ਜ਼ਰੂਰੀ ਹੈ ਪਰ ਪੀਣ ਯੋਗ ਪਾਣੀ ਆਏ ਦਿਨ ਘੱਟ ਹੋ ਰਿਹਾ, ਨਦੀ, ਦਰਿਆ ਤੇ ਡੈਮ ਸੁੱਕ ਰਹੇ ਹਨ।
ਇਹਨਾਂ ਕਿਹਾ ਕਿ ਚੈੱਕ ਡੈਮ ਵੀ ਪਾਣੀ ਦਾ ਪੱਧਰ ਹੇਠਾਂ ਲਿਜਾਣ ਵਿੱਚ ਜ਼ਿੰਮੇਂਵਾਰ ਹਨ। ਇਨ੍ਹਾਂ ਨੇ ਪਹਿਲਾਂ ਪਹਿਲਾਂ ਨਦੀਆਂ ਨਾਲਿਆਂ ਦਾ ਪਾਣੀ ਰੋਕਿਆ, ਜਿਸ ਕਾਰਨ ਪਾਣੀ ਦੇ ਕੁਦਰਤੀ ਵਹਾਅ ਉੱਤੇ ਵਸੋਂ ਨੇ ਕਬਜ਼ਾ ਕਰ ਲਿਆ। ਜਿੰਨੇ ਡੈਂਮ ਬਣੇ ਉਸ ਦੇ ਆਲੇ ਦੁਆਲੇ ਡੈਂਮ ਤੋਂ 10 ਗੁਣਾ ਧਰਤੀ ਉੱਤੋਂ ਜੰਗਲ ਖਤਮ ਹੋ ਗਿਆ। ਪਾਣੀ ਦੀ ਮਾਰ ਹੇਠ ਆਈ ਬਨਸਪਤੀ ਖਤਮ ਹੋ ਗਈ। ਕੰਢੇ ਬਹੁਤ ਸਾਰੀ ਬਨਸਪਤੀ ਖਾ ਗਏ। ਡੈਂਮ ਲਈ ਇੱਕਠੀ ਹੋਈ ਉੱਤਰੀ ਸੂਬਿਆਂ ਦੇ ਲੇਬਰ ਡੈਂਮ ਦੇ ਆਲੇ ਦੁਆਲੇ ਵਸੋਂ ਬਣਾ ਕੇ ਰਹਿਣ ਲੱਗੀ। ਇਸ ਗਰੀਬ ਵਸੋਂ ਨੇ ਬੜੀ ਬੇਕਿਰਕੀ ਨਾਲ ਬਨਸਪਤੀ ਨਸ਼ਟ ਕੀਤੀ। ਜੰਗਲ – ਬਣਾਂ ਨੂੰ ਅੱਗ ਲਾ ਕੇ ਵਸੋਂ ਲਈ ਥਾਂ ਬਣਾਈ। ਬਾਲਣ ਦੇ ਰੂਪ ਵਿੱਚ ਲੱਖਾਂ ਦਰਖਤ ਕੱਟੇ।
ਪ੍ਰਿੰਸੀਪਲ ਸੋਕਰ ਨੇ ਕਿਹਾ ਬੇਸ਼ੱਕ ਸਾਨੂੰ ਵੱਡੀਆਂ ਸੜਕਾਂ ਦੀ ਜ਼ਰੂਰਤ ਹੈ, ਪਰ ਵੱਡੀਆਂ ਸੜਕਾਂ ਦੇ ਆੜ ਵਿੱਚ ਲੱਖਾਂ ਕਰੋੜਾਂ ਦਰਖਤ ਕੱਟੇ ਜਾਂਦੇ ਹਨ ਅਤੇ ਕੰਪਨੀਆਂ ਦੁਆਰਾ ਮੁੜ ਕੇ ਕਦੇ ਵੀ ਅਜਿਹੇ ਦਰਖਤ ਸੜਕਾਂ ਕਿਨਾਰੇ ਨਹੀਂ ਲਾਏ ਜਾਂਦੇ। ਆਓ ਆਪਾਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਆਉਂਦੇ ਸਾਲਾਂ ਨੂੰ ਚੰਗਾ ਬਣਾਉਣ ਲਈ ਅੱਜ ਤੋਂ ਹੀ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਾਣੀ ਬਚਾਉਣ ਦਾ ਯਤਨ ਕਰੀਏ। ਜੇਕਰ ਅਸੀਂ ਕਰੋਨਾ ਵਰਗੀ ਮਹਾਂਮਾਰੀ ਵਿੱਚ ਸੰਜਮ ਨਾਲ ਰਹਿ ਸਕਦੇ ਹਾਂ ਤਾਂ ਹੁਣ ਤੋਂ ਹੀ ਕਿਉਂ ਨਾ ਯਤਨ ਕਰੀਏ ਕਿ ਵਾਤਾਵਰਨ ਨੂੰ ਨਸ਼ਟ ਨਾ ਕਰਕੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਸਮਾਜ ਵਿੱਚ ਚੰਗੇ ਨਾਗਰਿਕ ਅਖਵਾਉਣ ਦਾ ਮੌਕਾ ਪਾਈਏ।

Leave a Reply

Your email address will not be published. Required fields are marked *