ਬੰਦ ਸਕੂਲ ਚੋਂ ਕੱਟੇ ਦਰੱਖਤ, ਨਾ ਸਰਪੰਚ ਜਾਣੇ, ਨਾ ਸੈਕਟਰੀ
ਦਰੱਖਤ ਰਾਤੋ – ਰਾਤ ਹੋਏ ਗਾਇਬ
ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਰਕਾਰਾਂ ਦਾ ਤਾਂ ਪਤਾ ਨਹੀਂ, ਪਰ ਆਮ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਲੋਕ ਦਰੱਖਤਾਂ ਨੂੰ ਲੈ ਕੇ ਬਹੁਤ ਚਿੰਤਕ ਹਨ। ਲੋਕਾਂ ਦੁਆਰਾ ਦਰੱਖਤਾਂ ਨੂੰ ਬਚਾਉਣ ਦੇ ਉਪਰਾਲੇ ਵੀ ਹੁੰਦੇ ਤੇ ਸਮੇਂ ਸਮੇਂ ਤੇ ਸਾਂਝੀਆਂ ਥਾਵਾਂ ਅਤੇ ਹੋਰ ਥਾਵਾਂ ਤੇ ਦਰੱਖਤ ਲਾਏ ਜਾਂਦੇ ਹਨ, ਕਿਉਂਕਿ ਆਏ ਦਿਨ ਵਾਤਾਵਰਨ ਨਿਘਾਰ ਵੱਲ ਜਾ ਰਿਹਾ ਹੈ। ਜਿੱਥੇ ਦਰੱਖਤ ਲਾਉਣ ਵਾਲੇ ਬਹੁਤ ਹਨ, ਉਥੇ ਹੀ ਦਰੱਖਤਾਂ ਨੂੰ ਵੱਢਣ – ਕੱਟਣ ਵਾਲੇ ਵੀ ਬਹੁਤ ਹਨ। ਅਜਿਹੀ ਮਿਸਾਲ ਬਲਾਕ ਮਾਜਰੀ ਦੇ ਪਿੰਡ ਬਰਸਾਲਪੁਰ ਟੱਪਰੀਆਂ ਤੋਂ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੋ ਹੁਣ ਬੰਦ ਹੋ ਚੁੱਕਾ ਹੈ, ਵਿੱਚੋਂ ਵੱਡੇ ਮੋਟੇ ਦਰੱਖਤ ਵੱਢ – ਕੱਟ ਲਏ ਗਏ ਹਨ।


ਹੈਰਾਨੀਜਨਕਤ ਗੱਲ ਇਹ ਹੈ ਕਿ ਪਿੰਡ ਬਰਸਾਲਪੁਰ ਦੇ ਸਰਪੰਚ ਦੇ ਪਤੀ ਅਤੇ ਪੰਚਾਇਤ ਸੈਕਟਰੀ ਨੂੰ ਵੀ ਇਸ ਬਾਬਤ ਕੋਈ ਪਤਾ ਨਹੀਂ ਹੈ। ਇਸ ਸਬੰਧੀ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਦੇਖਣ ਤੇ ਪਤਾ ਲੱਗਿਆ ਕਿ 15 – 20 ਸਾਲ ਪੁਰਾਣੇ ਵੱਡੇ ਦਰੱਖਤ ਬੁਰੀ ਤਰ੍ਹਾਂ ਵੱਡੇ ਕੱਟੇ ਜਾ ਰਹੇ ਹਨ, ਇਹਨਾਂ ਦਰੱਖਤਾਂ ਨੂੰ ਵੱਢਣ ਅਤੇ ਕੱਟਣ ਦੇ ਲਈ ਜੇਸੀਬੀ ਅਤੇ ਮਸ਼ੀਨੀ ਆਰੇ ਦਾ ਇਸਤੇਮਾਲ ਕੀਤਾ ਗਿਆ ਹੈ। ਦੇਖ ਕੇ ਸੱਚ ਹੀ ਉਹਨਾਂ ਮੁਨਾਫਾਖੋਰਾਂ ਤੇ ਜ਼ਰੂਰ ਗੁੱਸਾ ਆਉਂਦਾ ਹੈ ਜੋ ਵਾਤਾਵਰਨ ਨੂੰ ਗੰਧਲ਼ਾ ਕਰਨ ਤੇ ਲੱਗੇ ਹੋਏ ਹਨ। ਦੱਸ ਦਈਏ ਕਿ ਛੋਟਾ ਜਿਹਾ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੱਚੇ ਘੱਟ ਹੋਣ ਕਰਕੇ ਕੁਝ ਦੇਰ ਪਹਿਲਾਂ ਬੰਦ ਹੋ ਗਿਆ ਸੀ ਅਤੇ ਇਸ ਵਿੱਚ ਲੱਗੇ ਵੱਡੀ ਗਿਣਤੀ ਵਿੱਚ ਦਰੱਖਤ ਕੁਦਰਤ ਦੀ ਮਿਹਰ ਨਾਲ ਉਸ ਤਰ੍ਹਾਂ ਹੀ ਵੱਧ ਫੁੱਲ ਰਹੇ ਸਨ ਅਤੇ ਇਹ ਦਰੱਖਤ ਨਾਲ ਹੀ ਬਣੇ ਸਕੂਲ ਥਾਣਾ ਗੋਬਿੰਦ ਗੜ ਨੂੰ ਚੰਗੀ ਛਾਂ ਦਿੰਦੇ ਸਨ।
ਬੀਤੇ ਦਿਨੀਂ ਜਦ ਪੱਤਰਕਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇਖਿਆ ਕਿ ਦਿਹਾੜੀਦਾਰ ਬੰਦੇ ਦਰੱਖਤ ਵੱਢਣ ਵਿੱਚ ਰੁਝੇ ਹੋਏ ਸਨ, ਜਦੋਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਦਰੱਖਤਾਂ ਦੀ ਪੰਚਾਇਤ ਦੁਆਰਾ ਬੋਲੀ ਕਰਵਾਈ ਗਈ ਹੈ ਤੇ ਅਸੀਂ ਵੱਢਣ ਲੱਗੇ ਹੋਏ ਹਾਂ। ਇਸ ਸਬੰਧੀ ਜਦੋਂ ਬਰਸਾਲਪੁਰ ਦੀ ਸਰਪੰਚ ਦੇ ਪਤੀ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ ਤੇ ਮੈਂ ਜਲਦੀ ਇਸ ਬਾਰੇ ਪਤਾ ਕਰਵਾਉਦਾ ਹਾਂ ਤੇ ਤੁਹਾਨੂੰ ਜਾਣਕਾਰੀ ਦਿੰਦਾ ਹਾਂ, ਪਰ ਅੱਜ ਦੂਜੇ ਦਿਨ ਵੀ ਸਰਪੰਚ ਦੇ ਪਤੀ ਦਾ ਕੋਈ ਪੱਖ ਨਹੀਂ ਆਇਆ ਤੇ ਜਨਾਬ ਫੋਨ ਵੀ ਨਹੀਂ ਚੱਕ ਰਹੇ ਹਨ। ਇਸ ਸਬੰਧੀ ਜਦੋਂ ਪੰਚਾਇਤ ਸੈਕਟਰੀ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਵੀ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ, ਮੈਂ ਪਤਾ ਕਰਵਾਉਂਦਾ ਹਾਂ।
ਇਸ ਸੰਬੰਧੀ ਪੁਲਿਸ ਥਾਣਾ ਇੰਚਾਰਜ ਮਾਜਰੀ ਇੰਸਪੈਕਟਰ ਸੁਨੀਲ ਕੁਮਾਰ ਹੋਰਾਂ ਨੂੰ ਦਰੱਖਤਾਂ ਦੀ ਚੋਰੀ ਦੀ ਰਿਪੋਰਟ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਅਜੇ ਤੱਕ ਪਿੰਡ ਦੇ ਸਰਪੰਚ ਜਾਂ ਕਿਸੇ ਹੋਰ ਦੁਆਰਾ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ। ਇਸ ਸਬੰਧੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹਨਾਂ ਦਰੱਖਤਾਂ ਨੂੰ ਕੱਟਣ ਬਾਰੇ ਪਿੰਡ ਵਾਸੀਆਂ ਨੂੰ ਕੁਝ ਵੀ ਨਹੀਂ ਪਤਾ ਅਤੇ ਇੱਥੇ ਹੀ ਬੱਸ ਨਹੀਂ, ਜਦੋਂ ਅੱਜ ਦੁਪਹਿਰ ਬਾਅਦ ਜਾ ਕੇ ਇਸੇ ਥਾਂ ਦਾ ਦੌਰਾ ਕੀਤਾ ਗਿਆ ਤਾਂ ਹੋਰ ਵੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਕੱਲ ਸ਼ਾਮ ਨੂੰ ਪਤਾ ਲੱਗਣ ਤੋਂ ਬਾਅਦ ਰਾਤੋ – ਰਾਤ ਇੱਥੋਂ ਵੱਡੇ ਦਰੱਖਤ ਜੋ ਕੱਟੇ ਸਨ, ਗਾਇਬ ਕਰ ਦਿੱਤੇ ਗਏ ਹਨ ਅਤੇ ਪੱਟੇ ਟੋਏ ਵੀ ਜੇਸੀਬੀ ਮਸ਼ੀਨ ਨਾਲ ਭਰ ਦਿੱਤੇ ਗਏ ਹਨ। ਇਥੋਂ ਸਾਫ ਪਤਾ ਲੱਗਦਾ ਹੈ ਕਿ ਸੱਚ ਹੀ ਮਾੜੀ ਨੀਤ ਨਾਲ ਦਰੱਖਤ ਕੱਟੇ ਗਏ ਹਨ ਤੇ ਕੋਈ ਚੋਰ ਮੋਰੀ ਸੀ। ਜੇਕਰ ਹੁਣ ਇਥੇ ਕੱਟੇ ਦਰਖਤ ਨਹੀਂ ਬਚੇ ਤਾਂ ਇਹਨਾਂ ਦੇ ਪੱਤੇ ਜਰੂਰ ਇਥੇ ਦੇਖਣ ਨੂੰ ਮਿਲ ਸਕਦੇ ਹਨ ਅਤੇ ਹੋ ਸਕਦਾ ਹੈ ਇਸ ਖਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਦੇ ਵੀ ਕੰਨ ਖੁੱਲ੍ਹ ਜਾਣ ਅਤੇ ਬਾਕੀ ਰਹਿੰਦੇ ਦਰੱਖਤ ਵੀ ਬਚ ਜਾਣ।

