ਚਮੜੀ ਰੋਗਾਂ ਦਾ ਇੱਕ ਰੋਜ਼ਾ ਕੈਂਪ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਗੱਟੀ ਰਾਜੋ ਕੇ, ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਲਗਾਇਆ ਗਿਆ – ਬਲਬੀਰ ਕੌਰ ਰਾਏਕੋਟੀ
ਵਿਸ਼ਵ ਪੰਜਾਬੀ ਸਭਾ, ਕੇਨੈਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਲਗਾਇਆ ਗਿਆ ਇਹ ਕੈਂਪ – ਸਾਹਿਬਾ ਜੀਟਨ ਕੌਰ
ਫਿਰੋਜ਼ਪੁਰ (ਸੁਰ ਸਾਂਝ ਡਾਟ ਕਾਮ ਬਿਊਰੋ): 13 ਜੁਲਾਈ:


ਵਿਸ਼ਵ ਪੰਜਾਬੀ ਸਭਾ, ਕੇਨੈਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚਮੜੀ ਰੋਗਾਂ ਦਾ ਇੱਕ ਰੋਜਾ ਕੈਂਪ 12 ਜੁਲਾਈ 2024, ਦਿਨ ਸ਼ੁੱਕਰਵਾਰ ਨੂੰ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ, ਗੱਟੀ ਰਾਜੋ ਕੇ, ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਲਗਾਇਆ ਗਿਆ, ਜਿਸ ਦੀ ਅਗਵਾਈ ਭਾਰਤ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ ਨੇ ਕੀਤੀ ਅਤੇ ਉਹਨਾਂ ਨਾਲ ਸਾਹਿਬਾ ਜੀਟਨ ਕੌਰ ਵੀ ਸਨ। ਇਸ ਕੈਂਪ ਵਿੱਚ ਡਾਕਟਰ ਹਰਕੰਵਲ ਸੇਖੋਂ ਲੁਧਿਆਣਾ ਤੋਂ ਅਤੇ ਡਾਕਟਰ ਜੀ.ਐਸ.ਢਿੱਲੋਂ ਫਿਰੋਜ਼ਪੁਰ ਤੋਂ ਨੇ 400 ਤੋਂ ਵੱਧ ਮਰੀਜ਼ਾਂ ਦੀ ਚਮੜੀ ਦਾ ਉੱਚੇਚੇ ਤੌਰ ਤੇ ਚੈੱਕਅਪ ਕੀਤਾ। ਇਹ ਉਪਰਾਲਾ ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਕੀਤਾ। ਇਸ ਉਪਰਾਲੇ ਵਿੱਚ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਭੱਠਲ, ਸਰਦਾਰ ਨਰਿੰਦਰ ਸਿੰਘ ਕਮਿਉਨਿਟੀ ਹੈਲਥ ਅਫ਼ਸਰ ਅਤੇ ਸ਼੍ਰੀ ਵਿਸ਼ਾਲ ਗੁਪਤਾ ਵੀ ਸ਼ਾਮਿਲ ਸਨ। ਸਕੂਲ ਦੇ ਸਾਰੇ ਅਧਿਆਪਕ ਵੀ ਇਸ ਕੈਂਪ ਵਿੱਚ ਸ਼ਾਮਿਲ ਸਨ।
ਇਸ ਕੈਂਪ ਦੀ ਇਸ ਇਲਾਕੇ ਵਿੱਚ ਪਹਿਲ ਦੇ ਆਧਾਰ ‘ਤੇ ਜ਼ਰੂਰਤ ਸੀ, ਕਿਉਂਕਿ ਇਹ ਇਲਾਕਾ ਕੰਢੀ ਇਲਾਕੇ ਅਤੇ ਸਤਲੁਜ ਦਰਿਆ ਦੇ ਬਿਲਕੁੱਲ ਨਾਲ ਹੈ, ਇਸ ਕਰਕੇ ਇਸ ਇਲਾਕੇ ਵਿੱਚ ਰਹਿਣ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਚਮੜੀ ਰੋਗ ਜਾਂ ਕੋਈ ਚਮੜੀ ਦੇ ਇਨਫੈਕਸ਼ਨ ਹੁੰਦੇ ਹੀ ਰਹਿੰਦੇ ਹਨ। ਖਾਸ ਕਰਕੇ ਬਰਸਾਤਾਂ ਵਿੱਚ ਇਸ ਤਰ੍ਹਾਂ ਦੇ ਰੋਗ ਵਧੇਰੇ ਵੱਧ ਜਾਂਦੇ ਹਨ।
ਇਸ ਮੌਕੇ ‘ਤੇ ਬਣਦੀਆਂ ਦਵਾਈਆਂ ਵੀ ਜ਼ਰੂਰਤ ਮੁਤਾਬਿਕ ਦਿੱਤੀਆਂ ਗਾਈਆਂ। ਜਿੱਥੇ ਇਲਾਕੇ ਦੇ ਵਾਸੀਆਂ ਨੇ ਚੈੱਕਅਪ ਕਰਵਾਇਆ ਨਾਲ ਹੀ ਸਕੂਲ ਦੇ ਬੱਚਿਆਂ ਦਾ ਵੀ ਚਮੜੀ ਦਾ ਚੈੱਕਅਪ ਕੀਤਾ ਗਿਆ। ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸਟਾਫ ਨੇ ਇਸ ਕੈਂਪ ਲਈ ਡਾਕਟਰਾਂ ਦੀ ਟੀਮ, ਮੈਡਮ ਰਾਏਕੋਟੀ, ਸਾਹਿਬਾ ਜੀਟਨ ਕੌਰ ਅਤੇ ਬਲਵਿੰਦਰ ਸਿੰਘ ਭੱਠਲ, ਸਰਦਾਰ ਨਰਿੰਦਰ ਸਿੰਘ ਅਤੇ ਸ਼੍ਰੀ ਵਿਸ਼ਾਲ ਗੁਪਤਾ ਸਭ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ।
ਇਹ ਕੈਂਪ ਇੱਕ ਸਫ਼ਲ ਕੈਂਪ ਹੋ ਨਿਬੜਿਆ, ਜਿਸ ਲਈ ਡਾ. ਦਲਬੀਰ ਸਿੰਘ ਕਥੂਰੀਆ ਅਤੇ ਮੈਡਮ ਰਾਏਕੋਟੀ ਅਤੇ ਸਭਾ ਵਧਾਈ ਦੀ ਪਾਤਰ ਹੈ। ਸਭਾ ਵਲੋਂ ਸਮੇਂ-ਸਮੇਂ ‘ਤੇ ਜ਼ਰੂਰਤ ਦੇ ਹਿਸਾਬ ਨਾਲ ਸਿਹਤ ਸੰਭਾਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਵੇਂ ਕਿ ਅੱਖਾਂ ਦਾ ਕੈਂਪ, ਖੂਨਦਾਨ ਕੈਂਪ ਆਦਿ। ਉਮੀਦ ਹੈ ਕਿ ਭਵਿੱਖ ਵਿੱਚ ਵੀ ਸਭਾ ਇਹੋ ਜਿਹੇ ਕਾਰਜ ਉਲੀਕਦੀ ਰਹੇਗੀ।

