ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਉੱਘੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਦਿਆ ਧਾਮ ਯੂ.ਐਸ.ਏ. ਵੱਲੋਂ ”ਭਾਰਤੀ ਸੰਸਕ੍ਰਿਤੀ ਸਮਵਾਹਕ” ਐਵਾਰਡ ਨਾਲ਼ ਸਨਮਾਨਿਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ:


ਪੰਜਾਬ ਕਲਾ ਭਵਨ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਤੇ ਉੱਘੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਦਿਆ ਧਾਮ ਯੂ.ਐਸ.ਏ. ਵੱਲੋਂ ਭਾਰਤੀ ਸੰਸਕ੍ਰਿਤੀ ਸਮਵਾਹਕ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਐਵਾਰਡ ਡਾ. ਸਰਿਤਾ ਮਹਿਤਾ ਪ੍ਰਧਾਨ ਤੇ ਫਾਊਂਡਰ ਯੂ.ਐਸ.ਏ. ਬ੍ਰਾਂਚ ਵਿਦਿਆ ਧਾਮ ਵੱਲੋਂ ਪ੍ਰਦਾਨ ਕੀਤਾ ਗਿਆ, ਜੋ ਅੱਜ ਕੱਲ੍ਹ ਭਾਰਤ ਆਏ ਹੋਏ ਹਨ।
ਇਸ ਮੌਕੇ ਡਾ. ਬਲਵਿੰਦਰ ਸਿੰਘ, ਡਾਇਰੈਕਟਰ ਇੰਸਟੀਚਿਊਟ ਆਫ ਫਾਈਨ ਆਰਟਸ ਯੂ.ਟੀ. ਚੰਡੀਗੜ੍ਹ, ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿੱਜ, ਡਾ. ਵਿਨੋਕ ਕੁਮਾਰ ਸ਼ਰਮਾ, ਆਰਟਿਸਟ ਪੁਨੀਤ ਮਦਾਨ ਤੋਂ ਇਲਾਵਾ ਹੋਰ ਕਲਾਕਾਰ ਤੇ ਬੁੱਧੀਜੀਵੀ ਵੀ ਹਾਜ਼ਰ ਸਨ। ਇਸ ਮੌਕੇ ਡਾ. ਸਰਿਤਾ ਮਹਿਤਾ ਤੇ ਪ੍ਰੇਮ ਵਿਜ ਨੇ ਕਿਹਾ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਇਹ ਐਵਾਰਡ ਉਨ੍ਹਾਂ ਵੱਲੋਂ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਗੋਸਲ ਜੀ ਨੇ 100 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲ਼ੀ ਪਾਈਆਂ ਹਨ ਅਤੇ ਉਨ੍ਹਾਂ ਬਾਲ ਸਾਹਿਤ ਵਿੱਚ ਵੀ ਚੰਗਾ ਨਾਮ ਕਮਾਇਆ ਹੈ। ਉਨ੍ਹਾਂ ਦੀਆਂ ਕਈ ਬਾਲ ਪੁਸਤਕਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ।
ਇਸੇ ਦੌਰਾਨ ਪ੍ਰਿ. ਗੋਸਲ ਵੱਲੋਂ ਆਪਣੀ 100ਵੀਂ ਪੁਸਤਕ ਮਾਤਾ ਗੁਜਰੀ ਦੇ ਲਾਲ ਦੇ ਲਾਲ ਡਾ. ਸਰਿਤਾ ਮਹਿਤਾ ਨੂੰ ਭੇਟ ਕੀਤੀ ਅਤੇ ਐਵਾਰਡ ਦੇਣ ਲਈ ਸੰਸਥਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰੇਮ ਵਿੱਜ ਨੇ ਗੋਸਲ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਵਿਨੋਦ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ।

