ਸਵਪਨ ਫਾਊਂਡੇਸ਼ਨ ਵੱਲੋਂ ਸੁਭਾਸ਼ ਭਾਸਕਰ ਦੀ ਕਿਰਤ ਨਾਟਕਕਾਰ ‘ਤੇ ਕਰਵਾਈ ਗਈ ਵਿਚਾਰ ਚਰਚਾ
ਮੈਨੂੰ ਲਗਦੈ ਕਿਸੇ ਜਿਊਂਦੇ ਵਿਅਕਤੀ ਬਾਰੇ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ – ਡਾ. ਮਨਮੋਹਨ
ਕਹਾਣੀ ਦੀ ਸ਼ਕਲ ਨਾ ਦੇ ਕੇ ਰਚਨਾ ਨੂੰ ਰੇਖਾ-ਚਿੱਤਰ ਲਿਖਣਾ ਬੇਹਤਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਸਤੰਬਰ:


ਸਵਪਨ ਫਾਊਂਡੇਸ਼ਨ (ਰਜਿ.) ਪਟਿਆਲ਼ਾ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਮਹੀਨਾਵਾਰ ਮੀਟਿੰਗ ਦੌਰਾਨ ਉੱਘੇ ਲੇਖਕ ਸੁਭਾਸ਼ ਭਾਸਕਰ ਦੀ ਰਚਨਾ ‘ਨਾਟਕਕਾਰ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਲੇਖਕ ਸੁਭਾਸ਼ ਭਾਸਕਰ ਵੱਲੋਂ ਆਪਣੀ ਰਚਨਾ ‘ਨਾਟਕਕਾਰ’ ਜੋ ਡਾ. ਆਤਮਜੀਤ ਸਿੰਘ ਦੀ ਜ਼ਿੰਦਗੀ ਅਤੇ ਨਾਟਕ ਕਲਾ ਨਾਲ਼ ਜੁੜੀ ਹੋਈ ਹੈ, ਦਾ ਪਾਠ ਕੀਤਾ ਗਿਆ। ਸੁਭਾਸ਼ ਭਾਸਕਰ ਨੇ ਕਿਹਾ, ‘ਕਾਫੀ ਸਮੇਂ ਤੋਂ ਮੇਰੇ ਮਨ ਵਿੱਚ ਸੀ ਕਿ ਅਜਿਹਾ ਕੰਮ ਕੀਤਾ ਜਾਵੇ, ਜਿਸ ਵਿੱਚ ਕਿਸੇ ਮੰਨੀ-ਪ੍ਰਮੰਨੀ ਸ਼ਖਸੀਅਤ ਬਾਰੇ ਜਾਣਕਾਰੀ ਹੋਵੇ। ਹੁਣ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਸੀ। ਮੇਰੇ ਮਨ ਵਿੱਚ ਸਭ ਤੋਂ ਪਹਿਲਾਂ ਡਾ. ਆਤਮਜੀਤ ਬਾਰੇ ਲਿਖਣ ਦਾ ਖਿਆਲ ਆਇਆ। ਕਈ ਵਾਰੀ ਉਨ੍ਹਾਂ ਨਾਲ਼ ਗੱਲਬਾਤ ਕੀਤੀ। ਜਦੋਂ ਲਿਖਿਆ ਤਾਂ ਸੋਚਿਆ ਕਿ ਇਸ ‘ਤੇ ਚਰਚਾ ਹੋਣੀ ਚਾਹੀਦੀ ਹੈ। ਸੋ ਮੈਂ ਇਸ ਰਚਨਾ ਨੂੰ ਰੇਖਾ-ਚਿੱਤਰ ਵਜੋਂ ਲਿਖਿਆ ਹੈ, ਜਦਕਿ ਮੇਰਾ ਮਨ ਕਹਾਣੀ ਲਿਖਣ ਦਾ ਸੀ।’
ਕਵੀ ਤੇ ਆਲੋਚਕ ਡਾ. ਸੁਨੀਤ ਮਦਾਨ ਨੇ ਕਿਹਾ, ‘ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਲਿਖਣਾ ਕਿਵੇਂ ਹੈ।’ ਡਾ. ਮਨਮੋਹਨ ਨੇ ਕਿਹਾ, ‘ਇਸ ਰਚਨਾ ਵਿੱਚ ਲੇਖਕ ਨਾਲ਼ ਜੁੜੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ। ਉਮੀਦ ਹੈ ਕਿ ਲੇਖਕ ਇਸ ਚਰਚਾ ਵਿੱਚ ਉਠਾਏ ਗਏ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਗੇ। ਸੁਭਾਸ਼ ਭਾਸਕਰ ਨੇ ਆਤਮਜੀਤ ਬਾਰੇ ਲਿਖਿਆ ਹੈ। ਮੈਨੂੰ ਲਗਦੈ ਕਿਸੇ ਜਿਊਂਦੇ ਵਿਅਕਤੀ ਬਾਰੇ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ।’
ਇਸ ਵਿਚਾਰ ਚਰਚਾ ਵਿੱਚ ਪਾਲ ਅਜਨਬੀ, ਪੰਨਾ ਲਾਲ ਮੁਸਤਫਾਵਾਦੀ, ਸੰਜੀਵਨ, ਪ੍ਰੀਤਮ ਰੁਪਾਲ, ਅਲਕਾ ਕਾਂਸਰਾ, ਬਲਕਾਰ ਸਿੱਧੂ, ਸੁਖਵਿੰਦਰ ਸਿੱਧੂ, ਹਰਵਿੰਦਰ ਸਿੰਘ, ਅਜੈ ਰਾਣਾ, ਸ਼ਾਇਰ ਭੱਟੀ, ਡਾ. ਪ੍ਰਵੀਨ ਕੁਮਾਰ, ਬਲੀਜੀਤ, ਜੰਗ ਬਹਾਦਰ ਗੋਇਲ, ਅਸ਼ਨੀ ਸਾਂਡਿਆਲ ਆਦਿ ਸ਼ਾਮਿਲ ਹੋਏ। ਫਾਊਂਡੇਸ਼ਨ ਵੱਲੋਂ ਹਰਵਿੰਦਰ ਸਿੰਘ ਅਤੇ ਜਗਦੀਪ ਸਿੱਧੂ ਹਾਜ਼ਰ ਸਨ।

