www.sursaanjh.com > ਅੰਤਰਰਾਸ਼ਟਰੀ > ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਮੋਗਾ ਵਿਖੇ ਕਰਵਾਇਅ ਯੁਵਾ ਸਾਹਿਤੀ ਪ੍ਰੋਗਰਾਮ – ਬੂਟਾ ਸਿੰਘ ਚੌਹਾਨ

ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਮੋਗਾ ਵਿਖੇ ਕਰਵਾਇਅ ਯੁਵਾ ਸਾਹਿਤੀ ਪ੍ਰੋਗਰਾਮ – ਬੂਟਾ ਸਿੰਘ ਚੌਹਾਨ

ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਮੋਗਾ ਵਿਖੇ ਕਰਵਾਇਅ ਯੁਵਾ ਸਾਹਿਤੀ ਪ੍ਰੋਗਰਾਮ  – ਬੂਟਾ ਸਿੰਘ ਚੌਹਾਨ  
ਹਰਵਿੰਦਰ ਸਿੰਘ ਰੋਡੇ ਅਤੇ ਅਲਫਾਜ਼ ਨੇ ਕੀਤੀਆਂ ਕਹਾਣੀਆਂ ਪੇਸ਼                    
ਪਰਮਿੰਦਰ ਕੌਰ ਤੇ ਅਮਨਦੀਪ ਕੌਰ ਨੇ ਕੀਤੀਆਂ ਕਵਿਤਾਵਾਂ ਪੇਸ਼                                        
ਮੋਗਾ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ;
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਸੁਤੰਤਰਤਾ ਸੰਗਰਾਮੀ ਭਵਨ, ਮੋਗਾ ਵਿਖੇ ਯੁਵਾ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ “ਯੁਵਾ ਸਾਹਿਤੀ” ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਹਾਣੀਕਾਰ ਹਰਵਿੰਦਰ ਸਿੰਘ ਰੋਡੇ ਨੇ ਆਪਣੀ ਕਹਾਣੀ ‘ਲਾਲ ਲਕੀਰ’ ਅਤੇ ਕਹਾਣੀਕਾਰ ਅਲਫਾਜ਼ ਨੇ ਆਪਣੀ ਕਹਿਣੀ ‘ਬੰਦੋਬਸਤ’ ਪੜ੍ਹੀਆਂ। ਇਨਾਂ ਪੜ੍ਹੀਆਂ ਕਹਾਣੀਆਂ ‘ਤੇ ਬੋਲਦਿਆਂ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ,  ਵਿਅੰਗਕਾਰ ਕੇ ਐਲ ਗਰਗ, ਕਹਾਣੀਕਾਰ ਗੁਰਮੀਤ ਕੜਿਆਲਵੀ, ਕਹਾਣੀਕਾਰ ਰਾਜਵਿੰਦਰ ਸਿੰਘ ਰਾਜਾ, ਜਸਵੀਰ ਸਿੰਘ ਕਲਸੀ, ਰੂਪ ਸਿੰਘ ਬੁੱਟਰ ਅਤੇ ਕਹਾਣੀਕਾਰ ਜਸਵਿੰਦਰ ਨੇ ਕਿਹਾ ਕਿ ਦੋਵਾਂ ਕਹਾਣੀਕਾਰਾਂ ਨੂੰ ਕਹਾਣੀ ਕਹਿਣੀ ਆਤੇ ਬੁਣਨੀ ਅਤੇ ਨਾਟਕੀ ਅੰਦਾਜ਼ ਵਿਚ ਪੇਸ਼ ਵੀ ਕਰਨੀ ਆਉਂਦੀ ਹੈ। ਰੋਡੇ ਦੀ ਕਹਾਣੀ ਦੱਸਦੀ ਹੈ ਕਿ ਪਿਆਰ ਮਨੁੱਖ ਦਾ ਅਮਰ ਜਜ਼ਬਾ ਹੈ। ਅਲਫਾਜ਼ ਦੀ ਕਹਾਣੀ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਪੂਜੀਪਤੀ ਬੈਂਕਾਂ ਨਾਲ ਭਾਈਵਾਲੀ ਕਰਕੇ ਲੋਕਾਂ ਨੂੰ ਆਪਣੇ ਕਰਜ਼ੇ ਦੇ ਮੱਕੜ ਜਾਲ ਵਿਚ ਫਸਾਉਂਦੇ ਹਨ ਅਤੇ ਕਿਵੇਂ ਆਰਥਿਕ ਪੱਖੋ ਟੁੱਟ ਚੁੱਕੇ ਲੋਕ ਪਹਿਲੇ ਲਏ ਕਰਜ਼ੇ ਲਾਹੁਣ ਲਈ ਵੱਡੇ ਕਰਜ਼ੇ ਚੁੱਕਦੇ ਹਨ।
ਬੁਲਾਰਿਆਂ ਨੇ ਪ੍ਰਸਿੱਧ ਕਹਾਣੀਕਾਰਾਂ ਕੁਲਵੰਤ ਸਿੰਘ ਵਿਰਕ ਅਤੇ ਗੁਰਦਿਆਲ ਸਿੰਘ ਜੈਤੋ ਦੀਆਂ ਪ੍ਰਸਿੱਧ ਕਹਾਣੀਆਂ ਦੇ ਪਰਿਪੇਖ ਵਿਚ ਪੇਸ਼ ਕੀਤੀਆਂ ਕਹਾਣੀਆਂ ਨੂੰ ਵੀ ਪਰਖਿਆ ਅਤੇ ਆਪਣੀ ਕਹਾਣੀ ਕਲਾ ਵਿਚ ਨਿਖ਼ਾਰ ਲਿਆਉਣ ਲਈ ਸੁਝਾਅ ਵੀ ਦਿੱਤੇ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਲੇਖਕ ਨੇ ਯਥਾਰਥ ਵੀ ਪੇਸ਼ ਕਰਨਾ ਹੁੰਦਾ ਹੈ ਅਤੇ ਉਸ ਵਿਚੋਂ ਇੱਛਤ ਯਥਾਰਥ ਵੀ ਸਿਰਜਣਾ ਹੁੰਦਾ ਹੈ। ਕੇ ਐਲ ਗਰਗ ਨੇ ਕਿਹਾ ਕਿ ਕਹਾਣੀਕਾਰ ਉਹ ਕਹਾਣੀ ਲਿਖਣ ਜਿਹੜੀ ਮਨੁੱਖੀ ਦਰਦ ਅਤੇ ਮਨੁੱਖੀ ਸੁਭਾਅ ਨਾਲ ਜੁੜੀ ਹੋਈ ਹੋਵੇ। ਡਾ ਗੁਰਜੀਤ ਸਿੰਘ ਸਿੱਧੂ ਅਤੇ ਡਾ ਅਜੀਤਪਾਲ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਅਕੈਡਮੀ ਦਾ ਮੋਗਾ ਵਿਖੇ ਸੱਤਵਾਂ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਰਾਮ ਸਰੂਪ ਅਣਖੀ ਬਾਰੇ ਹੰਡਿਆਇਆ, ਗੁਰਚਰਨ ਚਾਹਲ ਭੀਖੀ ਬਾਰੇ ਭੀਖੀ, ਅਜੀਤ ਸਿੰਘ ਪੱਤੋ ਬਾਰੇ ਪਿੰਡ ਪੱਤੋ ਹੀਰਾ ਸਿੰਘ, ਬਖਤਾਬਰ ਸਿੰਘ ਦਿਉਲ ਬਾਰੇ ਪਿੰਡ ਦੌਲਤ ਸ਼ੇਖ਼, ਭੂਰਾ ਸਿੰਘ ਕਲੇਰ ਬਾਰੇ ਭਗਤਾ ਭਾਈ, ਸੰਤ ਰਾਮ ਉਦਾਸੀ ਬਾਰੇ ਪਿੰਡ ਰਾਏਸਰ ਵਿਖੇ ਸਮਾਗਮ ਕਰਵਾਏ ਜਾ ਚੁੱਕੇ ਹਨ। ਅਕੈਡਮੀ ਹੁਣ ਵੱਡੇ ਸ਼ਹਿਰਾਂ ਦੀ ਬਜਾਏ ਪਿੰਡਾਂ ਵੱਲ ਰੁਖ਼ ਕਰ ਰਹੀ ਹੈ।
ਸਮਾਗਮ ਦੇ ਦੂਜੇ ਭਾਗ ਵਿਚ ਦੋ ਕਵਿੱਤਰੀਆਂ ਪਰਮਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਬੂਟਾ ਸਿੰਘ ਚੌਹਾਨ ਅਤੇ ਰਣਜੀਤ ਸਰਾਂ ਵਾਲੀ ਨੇ ਬਾਖੂਬੀ ਨਿਭਾਇਆ। ਸਮਾਗਮ ਵਿਚ ਪ੍ਰਸਿੱਧ ਗ਼ਜ਼ਲ ਗਾਇਕ ਜੀ ਐਸ ਪੀਟਰ, ਗਿਆਨ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਫਸਰ, ਅਸ਼ੋਕ ਚਟਾਨੀ, ਜਗਦੀਸ਼ ਪ੍ਰੀਤਮ, ਮੰਗਲ ਪੱਤੋ, ਜਸਵੰਤ ਸਿੰਘ ਬਾਘਾਪੁਰਾਣਾ, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ ਤੋਂ ਇਲਾਵਾ ਹੋਰਾਂ ਲੇਖਕ ਵੀ ਸ਼ਾਮਲ ਹੋਏ ।
ਕੈਪਸ਼ਨ – ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹਰਵਿੰਦਰ ਸਿੰਘ ਰੋਡੇ, ਅਲਫਾਜ਼, ਪਰਮਿੰਦਰ ਕੌਰ ਅਤੇ ਅਮਨਦੀਪ ਕੌਰ।

Leave a Reply

Your email address will not be published. Required fields are marked *