ਬਲਬੀਰ ਸਿੰਘ ਕੰਵਲ ਦੀ ਨਵੀਂ ਪੁਸਤਕ ਭਾਰਤੀ ਕੁਸ਼ਤੀ ਦਾ ਸ਼ਹਿਨਸ਼ਾਹ ਮਹਾਂਬਲੀ ਕਿੱਕਰ ਸਿੰਘ ਪਹਿਲਵਾਨ – ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 11 ਅਕਤੂਬਰ:


“ਪੰਜ ਸਾਲ ਪਹਿਲਾਂ ਮੈਂ ਇੰਗਲੈਂਡ ਗਿਆ ਤਾਂ ਭੁਪਿੰਦਰ ਮੱਲ੍ਹੀ ਦੇ ਸੰਗ ਸਾਥ ਸ. ਬਲਬੀਰ ਸਿੰਘ ਕੰਵਲ ਜੀ ਨਾਲ ਡਾ. ਤਾਰਾ ਸਿੰਘ ਆਲਮ ਦੇ ਘਰ ਸਾਊਥਾਲ ਵਿੱਚ ਮੁਲਾਕਾਤ ਹੋਈ। ਉਨ੍ਹਾਂ ਅੰਗਰੇਜ਼ੀ ‘ਚ ਲਿਖੀ ਗਾਮਾ ਪਹਿਲਵਾਨ ਬਾਰੇ ਕਿਤਾਬ ਦਾ ਮਸੌਦਾ ਵਿਖਾਇਆ ਤਾਂ ਬੇਹੱਦ ਚੰਗਾ ਲੱਗਿਆ। 1964 ਵਿੱਚ ਉਨ੍ਹਾਂ “ਭਾਰਤ ਦੇ ਪਹਿਲਵਾਨ“ ਪੁਸਤਕ ਲਿਖ ਕੇ ਖੇਡ ਸਾਹਿੱਤ ਦਾ ਬੂਹਾ ਖੋਲ੍ਹਿਆ ਸੀ, ਜਿਸ ਥਾਣੀਂ ਸਰਵਣ ਸਿੰਘ ਤੇ ਨਵਦੀਪ ਸਿੰਘ ਗਿੱਲ ਲੰਘ ਕੇ ਆਏ ਨੇ“ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਬਲਬੀਰ ਸਿੰਘ ਕੰਵਲ ਵੱਲੋਂ ਲਿਖੀ ਨਵੀਂ ਪੁਸਤਕ ਭਾਰਤੀ ਕੁਸ਼ਤੀ ਦਾ ਸ਼ਹਿਨਸ਼ਾਹ ਮਹਾਂਬਲੀ ਕਿੱਕਰ ਸਿੰਘ ਪਹਿਲਵਾਨ ਦਾ ਸਰਵਰਕ ਸਾਂਝਾ ਕਰਦਿਆਂ ਪ੍ਰਗਟਾਏ।
ਉਨ੍ਹਾਂ ਦੱਸਿਆ ਕਿ ਹੁਣ ਪਹਿਲਵਾਨ ਕਿੱਕਰ ਸਿੰਘ ਬਾਰੇ ਉਨ੍ਹਾਂ ਦੀ ਕਿਤਾਬ ਕ੍ਰਿਸ਼ਮਾ ਹੈ। ਲਗਪਗ ਨੌਂ ਦਹਾਕੇ ਮਾਣ ਚੁਕੇ ਕੰਵਲ ਜੀ ਨੇ ਬਹੁਤ ਔਕੜਾਂ ਦੇ ਬਾਵਜੂਦ ਕਲਮ ਹੱਥੋਂ ਨਹੀਂ ਛੱਡੀ। ਯੂਨੀਸਟਾਰ ਨੇ ਇਸ ਕਿਤਾਬ ਦਾ ਪ੍ਰਕਾਸ਼ਤ ਕੀਤੈ। ਕੰਵਲ ਜੀ ਨੇ ਕਿਤਾਬ ਦਾ ਟਾਈਟਲ ਭੇਜਿਆ ਤਾਂ ਪੜ੍ਹਨ ਦੀ ਭੁੱਖ ਤੇਜ਼ ਹੋ ਗਈ। ਤੁਸੀਂ ਵੀ ਪੜ੍ਹਿਉ। ਮਾਵਾਂ ਹਰ ਰੋਜ਼ ਕਿੱਕਰ ਸਿੰਘ ਨਹੀਂ ਜੰਮਦੀਆਂ। ਉਹ ਖੇਡ ਖੇਤਰ ਦਾ ਲੋਕ ਨਾਇਕ ਹੈ। ਕੰਵਲ ਜੀ ਦਾ ਸੰਪਰਕ ਨੰਬਰ +44 7448 214699 ਹੈ। ਸੂਰਮੇ ਲਿਖਾਰੀ ਤੇ ਖਿਡਾਰੀ ਨੂੰ ਸਲਾਮ। ਗੁਰਭਜਨ ਗਿੱਲ

