ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ:
ਕਵਿਤਾਵਾਂ ਦੀ ਮਹਿਫ਼ਲ (ਕਾਵਿ–ਸੰਗ੍ਰਹਿ) ਸਮਿੱਤਰ ਸਿੰਘ ਦੋਸਤ
ਪੰਨੇ: 94, ਮੁੱਲ: 200 ਰੁਪਏ
ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲ਼ਾ
ਸਾਦ-ਮੁਰਾਦੀਆਂ ਕਵਿਤਾਵਾਂ ਨਾਲ਼ ਹਾਜ਼ਰ ਹੋਇਆ – ਸਮਿੱਤਰ ਸਿੰਘ ਦੋਸਤ
‘’ਕਵਿਤਾਵਾਂ ਦੀ ਮਹਿਫ਼ਲ’’, ਸਮਿੱਤਰ ਸਿੰਘ ਦੋਸਤ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਹ ਆਪਣੀਆਂ ਸਾਦ-ਮੁਰਾਦੀਆਂ ਕਵਿਤਾਵਾਂ ਨਾਲ਼ ਹਾਜ਼ਰ ਹੋਇਆ ਹੈ। ਮਹਿਫਲ ਵਿੱਚ ਸੁਣਾਈ ਕਵਿਤਾ ਦਾ ਸੁਆਦ ਈ ਵੱਖਰਾ ਹੁੰਦੈ। ਬਸ਼ਰਤੇ ਮਹਿਫਲ ਵਿੱਚ ਸਜੀਆਂ ਸ਼ਖਸੀਅਤਾਂ ਦੇ ਮੱਥੇ ਦੀ ਜੋਤ ਲਟ-ਲਟ ਬਲ਼ਦੀ ਹੋਵੇ। ਇਨ੍ਹਾਂ ਜਗਤੀਆਂ ਜੋਤਾਂ ਦਾ ਚਾਨਣ ਸਾਨੂੰ ਸਾਡੀ ਕਵਿਤਾ ਭਾਵ ਰਚਨਾ ਦੇ ਕੱਚ-ਸੱਚ, ਕੋਹਜ-ਸੋਹਜ ਬਾਰੇ ਬੋਧ ਕਰਾਉਂਦਾ ਹੈ। ਫਿਰ ਵੇਲ਼ਾ ਅਮਲ ਦਾ ਆਉਂਦਾ ਹੈ। ਅਮਲਾਂ ਬਾਜੋਂ ਆਲਮਾਂ ਇਲਮ ਨਿਕੰਮੇ ਸਾਰੇ।
ਇਸ ਨੁਕਤੇ ਨੂੰ ਸਮਝਣ ਲਈ ਆਪਾਂ ਕਬੀਰ ਸਾਹਿਬ ਕੋਲ਼ ਚੱਲਦੇ ਹਾਂ। ਉਹ ਕਹਿੰਦੇ ਨੇ ਕਿ ਸਧੇ ਹੋਏ ਵਿਦਵਾਨ ਦੀ ਸੰਗਤ, ਸੁਗੰਧ ਨਾਲ਼ ਭਰਪੂਰ ਹੁੰਦੀ ਹੈ। ਚੰਦਨ ਦੇ ਰੁੱਖ ਵਾਂਗ ਉਹ ਆਪਣੇ ਆਲ਼ੇ-ਦੁਆਲ਼ੇ ਨੂੰ ਸੁਗੰਧਤ ਕਰਦਾ ਰਹਿੰਦਾ ਹੈ। ਇਸ ਲਈ ਢੱਕ ਜਾਂ ਪਲਾਅ ਨਾਲ਼ੋਂ ਚੰਦਨ ਦਾ ਛੋਟਾ ਜਿਹਾ ਬੂਟਾ ਸੌ ਦਰਜੇ ਉੱਤਮ ਹੁੰਦਾ ਹੈ, ਜਿਸ ਕੋਲ਼ ਵਾਸ ਕਰਦਿਆਂ ਚੰਦਨ ਹੋ ਜਾਣਾ ਹੁੰਦਾ ਹੈ।


ਵਿਦਵਾਨ ਆਖਦੇ ਹਨ, ‘’ਕਵਿਤਾ ਸਾਹਿਤ ਦਾ ਇੱਕ ਅਜਿਹਾ ਰੂਪ ਹੈ, ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ।‘’ ਕਵਿਤਾ ਹੁੰਦੀ ਕੀ ਹੈ? ਇਹ ਸਮਝਣ ਦੀ ਜ਼ਰੂਰਤ ਹੈ। ਵਿਦਵਾਨ ਕਹਿੰਦੇ ਹਨ, ‘’ਕਵਿਤਾ ਮਨ ਦੀ ਉਡਾਰੀ ਜਾਂ ਅਨੁਭਵ ਦਾ ਪ੍ਰਗਟਾਵਾ ਹੈ। ਕਵਿਤਾ ਸਾਡੀਆਂ ਸ਼ਕਤੀਸ਼ਾਲੀ ਭਾਵਨਾਵਾਂ ਦਾ ਆਪਮੁਹਾਰਾ ਪ੍ਰਗਟਾਅ ਹੁੰਦੀ ਹੈ। ਕਵਿਤਾ ਸੰਗੀਤਮਈ ਖਿਆਲ ਨੂੰ ਕਹਿੰਦੇ ਹਨ।‘’
ਸਮਿੱਤਰ ਸਿੰਘ ਕਵਿਤਾ ਨੂੰ ਪਿਆਰ ਕਰਨ ਵਾਲ਼ਾ ਸੁਹਿਰਦ ਦੋਸਤ ਹੈ। ਇਸ ਕਾਵਿ-ਸੰਗ੍ਰਹਿ ‘’ਕਾਵਿਤਾਵਾਂ ਦੀ ਮਹਿਫਲ‘’ ਵਿੱਚੋਂ ‘’ਬਾਣੀ ਬਾਬੇ ਨਾਨਕ ਦੀ’’ ਗੀਤ ਦਾ ਮੁੱਖੜਾ ‘’ਦਿਲਾਂ ਦੇ ਦਰਦ ਮਿਟਾਏ/ ਬਾਣੀ ਬਾਬੇ ਨਾਨਕ ਦੀ/ ਵਿਛੜਿਆਂ ਦਾ ਮੇਲ਼ ਕਰਾਏ/ ਬਾਣੀ ਬਾਬੇ ਨਾਨਕ ਦੀ।‘’ ਵੇਖੋ ਇਸ ਗੀਤ ਦਾ ਸਾਦ-ਮੁਰਾਦਾ ਮੁੱਖੜਾ ਕਿੰਨਾ ਟੁੰਬਦਾ ਹੈ। ਕਿਵੇਂ ਨਾ ਟੁੰਬੇ? ਦੋਸਤ, ਸ਼ਬਦ ਨਾਲ਼, ਕਵਿਤਾ ਨਾਲ਼ ਸਾਂਝ ਪਾਉਣ ਲਈ ਸਭ ਤੋਂ ਪਹਿਲਾਂ ਬਾਬਾ ਨਾਨਕ ਕੋਲ਼ ਜਾਂਦਾ ਹੈ, ਜੋ ਆਖਦੇ ਹਨ, ‘’ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥‘’ ਕਵਿਤਾ ਦੇ ਸੰਦਰਭ ਵਿੱਚ ਗੁਰੂ ਬਾਬਾ ਨਾਨਕ ਦਾ ਇਹ ਸ਼ਬਦ ਵਿਚਾਰਨ ਵਾਲ਼ਾ ਹੈ। ਉਹ ਸਮਝਾਉਂਦੇ ਹਨ, ‘’ਧੰਨ ਉਹ ਕਾਗ਼ਜ਼ ਤੇ ਕਲਮ ਹੈ, ਮੁਬਾਰਕ ਹੈ ਉਹ ਦਵਾਤ ਤੇ ਸਿਆਹੀ। ਹੇ ਨਾਨਕ ਉਹ ਲਿਖਣ ਵਾਲ਼ਾ ਵੀ ਮੁਬਾਰਕ ਹੈ, ਜਿਸ ਨੇ ਇਹ ਸੱਚ ਲਿਖਾਇਆ ਹੈ।‘’
ਹੁਣ ਸਾਡੇ ਬਹੁਤ ਸਾਰੇ ਕਵੀ, ਪੀਰਾਂ-ਪੈਗੰਬਰਾਂ, ਰਿਸ਼ੀਆਂ-ਮੁਨੀਆਂ, ਸ਼ਹੀਦਾਂ-ਮੁਰੀਦਾਂ ਜਾਂ ਤੁਰ ਗਏ ਵਿਦਵਾਨਾਂ ਨੂੰ ਮੁੜ ਆਉਣ ਲਈ ਪੁਕਾਰਦੇ ਹਨ, ਜੋ ਹਾਸੋ-ਹੀਣਾ ਹੈ। ਇਨ੍ਹਾਂ ਸ਼ਖਸੀਅਤਾਂ ਦੀਆਂ ਨਸੀਹਤਾਂ ਤੇ ਸਿਖਿਆਵਾਂ ਸਾਡੇ ਕੋਲ਼ ਮੌਜੂਦ ਹਨ। ਸਦਾ ਰਹਿਣਗੀਆਂ। ਬੱਸ, ਕਮੀ ਹੈ ਤਾਂ ਉਨ੍ਹਾਂ ਦੇ ਅਮਲ ਦੀ। ਇਸ ਲਈ ਸਾਨੂੰ ਸਾਰਿਆਂ ਨੂੰ ਕਵਿਤਾ ਕਹਿੰਦਿਆਂ ਅਜਿਹੇ ਦੋਸ਼ਾਂ ਤੋਂ ਮੁਕਤ ਹੋਣ ਦੀ ਵੀ ਲੋੜ ਹੈ।
‘’ਰੁੱਖਾਂ ਵਾਂਗ ਜੋ ਛਾਵਾਂ ਦੇਵਣ/ ਉਹ ਹੁੰਦੀਆਂ ਨੇ ਮਾਵਾਂ/ ਤਹੀਉਂ ਤਾਂ ਦੁਨੀਆਂ ਕਹਿੰਦੀ/ ਮਾਵਾਂ ਠੰਢੀਆਂ ਛਾਵਾਂ‘’ ਇਹ ਕਵਿਤਾ ਵਿਚਾਦਿਆਂ ਜ਼ਿਹਨ ਵਿੱਚ ਆਉਂਦਾ ਹੈ ਕਿ ਮਾਂ ਬਾਰੇ ਹਰ ਕਵੀ ਲਿਖਦਾ ਹੈ, ਪਰ ਨਜ਼ਰੀਆ ਸਭ ਦਾ ਆਪੋ-ਆਪਣਾ ਹੁੰਦਾ ਹੈ। ਅਨੁਭਵ ਅਲੱਗ ਹੁੰਦਾ ਹੈ। ਇਸੇ ਤਰ੍ਹਾਂ ‘’ਵੇ ਵਣਜਾਰਿਆ‘’ ਕਵਿਤਾ ਵਿੱਚ ‘’ਵੇ ਵਣਜਾਰਿਆ/ ਵੰਗਾਂ ਵਾਲ਼ਿਆ/ ਸਾਡੀ ਗਲ਼ੀ ਫੇਰਾ ਪਾ/ ਨਵਾਂ ਰੰਗ ਕੋਈ ਵੇ ਚੜ੍ਹਾਅ/ ਮੇਰਾ ਪੂਰਾ ਹੋ ਜਾਏ ਚਾਅ।‘’ ਬਹੁਤ ਹੀ ਸੂਖਮ ਭਾਵਾਂ ਨਾਲ਼ ਓਤ-ਪੋਤ ਗੀਤ/ ਕਵਿਤਾ ਹੈ।
ਹਰ ਕਵੀ ਨੂੰ, ਗੀਤਕਾਰ ਨੂੰ, ਸਾਹਿਤਕਾਰ ਨੂੰ, ਕਹਾਣੀਕਾਰ ਨੂੰ ਜਾਂ ਹਰ ਵੰਨਗੀ ਵਿੱਚ ਲਿਖਣ ਵਾਲ਼ੇ ਓਸ ਲਿਖਾਰੀ ਨੂੰ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਕੋਈ ਵੀ ਰਚਨਾ ਵਾਧੂ ਦਾ ਭਾਰ ਬਰਦਾਸ਼ਤ ਨਹੀਂ ਕਰਦੀ। ਇਸ ਲਈ ਸਾਧਨਾ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕਿਸੇ ਵੀ ਪੁਸਤਕ ਬਾਰੇ ਲਿਖਣ ਲਈ ਤੋਂ ਪਹਿਲਾਂ ਮੈਂ ਇਹ ਮਨ ਬਣਾ ਲੈਂਦਾ ਹਾਂ ਕਿ ਇਸ ਪੁਸਤਕ ਵਿੱਚਲੀਆਂ ਗਹਿਰ-ਗੰਭੀਰ ਤੇ ਉੱਤਮ ਗੱਲਾਂ ਜਾਂ ਨੁਕਤਿਆਂ ਨੂੰ ਹੀ ਫੜਾਂ। ਹੰਸ ਤੇ ਬਗੁਲੇ ਨੂੰ ਪ੍ਰਤੱਖ ਦੇਖਦਾ ਹਾਂ। ਸਮਝੋ ਮੈਂ ਮੋਤੀ ਚੁਗਣ ਦੀ ਕੋਸ਼ਿਸ਼ ਕਰਦਾ ਹਾਂ।
ਉਸ ਕੋਲ਼ੋਂ ਇਹ ਉਮੀਦ ਕਰਨੀ ਬਣਦੀ ਹੈ ਕਿ ਉਹ ਭਵਿੱਖ ਵਿੱਚ ਕਵਿਤਾ ਰਚਣ ਵੇਲ਼ੇ ਸ਼ਬਦ ਚੋਣ, ਸ਼ਬਦ ਜੜਤ, ਭਾਸ਼ਾਈ ਸ਼ੁੱਧਤਾ ਤੇ ਸ਼ਬਦਾਂ ਦੇ ਡੂੰਘੇਰੇ ਅਰਥਾਂ ਵੱਲ ਹੋਰ ਵੀ ਧਿਆਨ ਦੇਣਗੇ। ਸਮਿੱਤਰ ਸਿੰਘ ਦੋਸਤ ਨੂੰ ਉਸ ਦੇ ਪਲੇਠੇ ਕਾਵਿ-ਸੰਗ੍ਰਹਿ ਦੀਆਂ ਸਾਦ-ਮੁਰਾਦੀਆਂ ‘’ਕਵਿਤਾਵਾਂ ਦੀ ਮਹਿਫਲ‘’ ਲਈ ਬਹੁਤ ਬਹੁਤ ਮੁਬਾਰਕ।
ਸੁਰਜੀਤ ਸੁਮਨ – 98144 30874

