ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ:
ਅਗਨੀ ਸਾਗਰ ਤਰਨ ਵਾਲ਼ਾ ਅਜਮੇਰ – ਸੁਰਜੀਤ ਸੁਮਨ
ਅਸੀਂ ਅਗਨੀ ਦੇ ਸਾਗਰ ‘ਚੋਂ ਸਹਿਜੇ ਹੀ ਤਰ ਜਾਂਗੇ
ਸੱਤ ਕੁ ਵਜੇ ਦੇ ਕਰੀਬ। ਸਵੇਰੇ ਸਵੇਰੇ। ਮੈਂ ਗਿੱਲਕੋ ਵੈਲੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਫਿਰ ਨਿਸ਼ਾਨ ਸਾਹਿਬ ਨੇੜੇ ਖੜ੍ਹੇ ਅਮਰਪਾਲੀ ਅੰਬਾਂ ਦੇ ਫਲ਼ਾਂ ਲੱਦੇ ਮਧਰੇ-ਮਧਰੇ ਬੂਟਿਆਂ ਨੂੰ ਨਿਹਾਰਨ ਲੱਗਾ। ਨਿੱਕੀਆਂ ਨਿੱਕੀਆਂ ਅੰਬੀਆਂ ਡਾਲ਼ੀਆਂ ਨਾਲ਼ੋਂ ਟੁੱਟ ਕੇ ਬੇਸੁੱਧ ਹੇਠਾਂ ਡਿੱਗੀਆਂ ਪਈਆਂ ਸਨ। ਮੇਰੇ ਅੰਦਰੋਂ ਇੱਕ ਚੀਸ ਜਿਹੀ ਉੱਠੀ। ਡਾਲ਼ੀਆਂ ਨਾਲ਼ ਲੱਗੀਆਂ ਅੰਬੀਆਂ ਨੂੰ ਵੀ ਮੈਂ ਗਹੁ ਨਾਲ਼ ਵੇਖਿਆ। ਟੁੱਟ ਕੇ ਹੇਠਾਂ ਡਿੱਗੀਆਂ ਕੁਝ ਅੰਬੀਆਂ ਚੁੱਕ ਮੈਂ ਜੇਬ ਵਿੱਚ ਪਾ ਲਈਆਂ। ਬੂਰ ਨਾਲ਼ ਭਰੇ ਇਨ੍ਹਾਂ ਬੂਟਿਆਂ ਨਾਲ਼ੋਂ ਕਿੰਨਾ ਬੂਰ ਝੜ ਗਿਆ ਸੀ? ਕਿੰਨਾ ਅੰਬੀਆਂ ਦੀ ਜੂਨ ਵਿੱਚ ਪਿਆ ਤੇ ਫਿਰ ਕਿੰਨੇ ਕੁ ਅੰਬ ਪੱਕਣ ਤੱਕ ਟਾਹਣੀਆਂ ਨਾਲ਼ ਗਲਵਕੜੀ ਪਾਈ ਰੱਖਣਗੇ? ਪਤਾ ਨਹੀਂ। ਅਜਿਹਾ ਕੁਝ ਸੋਚਦਾ ਮੈਂ ਪੈਰੀਂ ਚੱਪਲਾਂ ਪਾਈਆਂ ਤੇ ਘਰ ਵੱਲ ਤੁਰ ਪਿਆ।
ਲੰਗਰ ਹਾਲ ਮੂਹਰੇ ਯੋਗੀ ਖੜ੍ਹਾ ਸੀ। ਯੋਗੀ, ਅਜਮੇਰ ਸਾਗਰ ਦਾ ਛੋਟਾ ਬੇਟਾ। ਹਾਈਕੋਰਟ ਪ੍ਰੈਕਟਿਸ ਕਰਦੈ। ਓਹਦੇ ਨਾਲ਼ ਦੋ ਮੁੰਡੇ ਹੋਰ ਵੀ ਸਨ। ‘ਯੋਗੀ ਕੀ ਹਾਲ ਏ ਬੇਟਾ‘ ਮੈਂ ਪੁੱਛਿਆ।
‘ਦਰੀਆਂ ਲੈਣ ਆਏ ਆਂ ਅੰਕਲ। ਪਾਪਾ ਨਹੀਂ ਰਹੇ। ਰਾਤੀਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ।‘ ਉਹ ਇੱਕੋ ਸਾਹ ਬੋਲ ਗਿਆ। ਉਦਾਸ ਤੇ ਧੀਮੀ ਆਵਾਜ਼। ਸੁਣ, ਮੈਂ ਅਵਾਕ ਰਹਿ ਗਿਆ। ਤੇਜ਼ ਕਦਮੀਂ ਉਨ੍ਹਾਂ ਕੋਲ਼ ਗਿਆ। ‘ਕਿਵੇਂ?‘ ਮੈਂ ਫਿਰ ਪੁੱਛਿਆ।
‘ਪਾਪਾ, ਵੱਡੇ ਵੀਰ ਦੇ ਸੰਨੀ ਐਨਕਲੇਵ ਵਾਲ਼ੇ ਘਰੋਂ, ਮੁੰਡੀ ਖਰੜ ਆ ਰਹੇ ਸਨ। ਏਅਰਪੋਰਟ ਰੋਡ ‘ਤੇ ਮੁੱਲਾਂਪੁਰ ਵੱਲੋਂ ਤੇਜ਼ ਆ ਰਹੀ ਸਕੌਡਾ ਨੇ, ਜਲਵਾਯੂ ਟਾਵਰ ਦੇ ਆਪੋਜ਼ਿਟ, ਪਾਪਾ ਨੂੰ ਐਕਟਿਵਾ ਸਮੇਤ ਦਰੜ ‘ਤਾ।‘
‘ਓਹ ਮਾਈ ਗੌਡ।‘ ਮੈਂਥੋਂ ਅੱਗੇ ਹੋਰ ਕੁਝ ਬੋਲਿਆ ਨਾ ਗਿਆ।


ਹਾਲੇ ਕੱਲ੍ਹ ਤਾਂ ਉਹ ਸੰਨੀ ਐਨਕਲੇਵ ਦੇ ਪਾਰਕ ਵਿੱਚ ਸਵੇਰੇ ਸਵੇਰੇ ਯੋਗਾ ਕਰਵਾ ਰਹੇ ਸਨ। ਮੈਨੂੰ ਵੇਖ, ਆਉਣ ਦਾ ਹੱਥ ਦਾ ਇਸ਼ਾਰਾ ਕਰ ਹੱਸ ਪਏ। ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ‘ਕਾਵਿਕ ਲਕੀਰਾਂ‘ ਪੁਸਤਕ ਦੇ ਲੋਕ ਅਰਪਣ ਵੇਲ਼ੇ ਸਾਡੇ ਨਾਲ਼ ਈ ਗਏ। ਇੰਦਰਜੀਤ ਪ੍ਰੇਮੀ ਨਾਲ਼ ਪਲਾਂ ਵਿੱਚ ਘੁਲ਼-ਮਿਲ਼ ਗਏ ਸਨ। ਉਨ੍ਹਾਂ ਨੂੰ ਆਪਣਾ ਇੱਕੋ ਇੱਕ ਗ਼ਜ਼ਲ ਸੰਗ੍ਰਹਿ ਭੇਂਟ ਕਰਦਿਆਂ ਕਈ ਗ਼ਜ਼ਲਾਂ ਸੁਣਾਈਆਂ। ਗੱਡੀ ਵਿੱਚ ਅਜਮੇਰ ਸਾਗਰ ਦੀ ਬਾਰੀਕ ਸੁਰੀਲੀ ਆਵਾਜ਼ ਗੂੰਜ ਰਹੀ ਸੀ; ‘‘ਸੱਚ ‘ਤੇ ਪਰਦਾ ਨਾ ਪਾਵੀਂ ਸੱਚ ਨੇ ਲੁਕਣਾ ਨਹੀਂ, ਪਾਣੀਆਂ ਨੇ ਜਿਉਂ ਨਿਵਾਣਾਂ ਜਾਣ ਤੋਂ ਰੁਕਣਾ ਨਹੀਂ/ ਰਾਤ ਨੂੰ ਦੀਵੇ ਜਗਾ ਕੇ ਤੂੰ ਚਾਹੇ ਚੰਨ ਚਾੜ੍ਹ ਦੇ, ਪਰ ਤਿਰਾ ਜੋ ਨੇਰ੍ਹ ਪਾਇਆ ਦਿਨ ਚੜ੍ਹੇ ਛੁਪਣਾ ਨਹੀਂ।‘‘
ਇੰਸਟੀਚਿਊਟ ਆਇਆ ਤਾਂ ਇੱਕ ਦੋ ਸਟੈਡੈਂਟ ਹੀ ਬੈਠੇ ਸਨ। ਬਾਕੀ ਬੱਚਿਆਂ ਨੇ ਸ਼ਾਇਦ ਲੇਟ ਆਉਣਾ ਸੀ। ਮੈਂ ਉਨ੍ਹਾਂ ਨੂੰ ਡਿਕਟੇਸ਼ਨ ਦੇਣ ਲੱਗਾ। ਪਰ ਮੇਰਾ ਮਨ ਉੱਖੜਿਆ ਪਿਆ ਸੀ। ਮੈਂ ਛੇਤੀ ਹੀ ਏਅਰਪੋਰਟ ਰੋਡ ਵੱਲ ਤੁਰ ਪਿਆ।
ਮੇਰੀ ਸੁਤਾਅ ਜੂਨ 1997 ਦੇ ਦੌਰ ਵੱਲ ਹੋ ਤੁਰੀ। ਛੋਟੇ ਭਰਾ ਦੀ ਬੇਵਕਤੀ ਮੌਤ ਨੇ ਮੇਰਾ ਨਾਤਾ ਪਿੰਡ ਨਾਲ਼ੋਂ ਤੋੜਨ ਲਈ, ਪਹਿਲੀ ਕਰਾਰੀ ਸੱਟ ਮਾਰੀ ਸੀ। ਪਿੰਡ ਮੋਹਣ ਮਾਜਰੇ ਵਿਚਲਾ ਉਹ ਘਰ, ਜਿੱਥੇ ਮੈਂ ਜੰਮਿਆਂ-ਪਲ਼ਿਆ, ਉਹ ਸਾਥੋਂ ਦੂਰ ਹੋਣ ਜਾ ਰਿਹਾ ਸੀ। ਨਹੀਂ ਨਹੀਂ, ਅਸੀਂ ਉਸ ਤੋਂ ਦੂਰ ਹੋਣ ਜਾ ਰਹੇ ਸੀ। ਉਸ ਪਿੰਡ ਨੂੰ ਹੁਣ ਵੀ ਹਰ ਦੂਜੇ-ਤੀਜੇ ਦਿਨ ਮੈਂ ਸੁਫਨੇ ਵਿੱਚ ਦੇਖਦਾ ਹਾਂ। ਪਿੰਡ ਦੇ ਖੁੱਲ੍ਹੇ ਵਾਤਾਵਰਣ ਵਿੱਚ ਵਿਚਰਨ ਵਾਲ਼ੀ ਮੇਰੀ ਮਾਂ, ਏਥੇ ਸ਼ਹਿਰ ਵਿੱਚ ਕਿਵੇਂ ਆਪਣੀਆਂ ਜੜ੍ਹਾਂ ਲਗਾਵੇਗੀ? ਸੋਚ ਕੇ ਮੈਂ ਸੁੰਨ ਹੋ ਜਾਂਦਾ ਸੀ।
ਪੰਜਾਬ ਸਕੱਤਰੇਤ ਸਾਹਿਤ ਸਭਾ ਦੀਆਂ ਮੁਲਾਕਾਤਾਂ ਵਿੱਚ ਅਜਮੇਰ ਸਾਗਰ ਨਾਲ਼ ਮੇਲ਼-ਮਿਲ਼ਾਪ ਹੁੰਦਾ ਰਹਿੰਦਾ। ਉਦੋਂ ਉਹ ਸਭਾ ਦੇ ਪ੍ਰਧਾਨ ਸਨ। ਸਮਾਗਮ ਹੁੰਦੇ। ਉਹ ਗ੍ਰਹਿ ਵਿਭਾਗ ਵਿੱਚ ਤੈਨਾਤ ਸਨ ਤੇ ਮੈਂ ਵੀ। ਸਕੱਤਰੇਤ ਚੋਂ ਉਹ ਬਤੌਰ ਸੁਪਰਡੰਟ ਸੇਵਾ-ਮੁਕਤ ਹੋਏ। ਹੁਣ ਪੈਨਸ਼ਨਰਜ਼ ਦੇ ਸਿਰਕੱਢ ਆਗੂ ਸਨ। ਯੋਗਾ ਦੀਆਂ ਕਲਾਸਾਂ ਅਟੈਂਡ ਕਰਦੇ। ਪੋਤੇ-ਪੋਤੀਆਂ ਨਾਲ਼ ਰਚੇ-ਮਿਚੇ ਰਹਿੰਦੇ।
ਮੈਂ ਉਨ੍ਹਾਂ ਕੋਲ਼ ਆਪਣਾ ਦੁੱਖੜਾ ਰੋਇਆ। ਸ਼ਾਮੀਂ ਉਹ ਮੈਨੂੰ ਆਪਣੇ ਘਰ ਮੁੰਡੀ ਖਰੜ ਲੈ ਆਏ। ਉਨ੍ਹਾਂ ਕੋਲ਼ ਦੋ ਕਮਰਿਆਂ ਦਾ ਸੈੱਟ ਕਿਰਾਏ ਲਈ ਖਾਲੀ ਸੀ। ਉਹ ਮੈਨੂੰ ਛੋਟੇ ਭਰਾਵਾਂ ਵਾਂਗ ਸਮਝਾਉਂਦੇ।
ਅਜਮੇਰ ਸਾਗਰ ਦਾ ਛੋਟਾ ਜਿਹਾ ਪਰਿਵਾਰ। ਦੋ ਬੇਟੇ। ਪਤਨੀ ਬਿਜਲੀ ਬੋਰਡ ਵਿੱਚ ਮੁਲਾਜ਼ਮ। ਮਾਂ ਚਿੰਤ ਕੌਰ ਸਾਰਾ ਦਿਨ ਘਰ ਸਾਂਭਦੀ। ਬੀਬੀ ਨੇ ਮੇਰੇ ਕੋਲ਼ ਆਉਣ ਦੀ ਹਾਮੀ ਭਰ ਦਿੱਤੀ ਸੀ। ਇੰਝ ਸਾਗਰ ਸਾਹਿਬ ਦੀ ਮਾਤਾ ਚਿੰਤ ਕੌਰ ਨੇ ਸਾਡੀ ਚਿੰਤਾ ਹਰ ਲਈ ਸੀ। ਸਾਡੀਆਂ ਇਹ ਦੋਵੇਂ ਮਾਵਾਂ ਆਪਣਾ ਆਪਣਾ ਢਿੱਡ ਫਰੋਲਦੀਆਂ। ਦੋਹਾਂ ਦਾ ਇੱਕੋ ਜਿਹਾ ਜੀਵਨ ਸੰਘਰਸ਼। ਹੱਸਣਾ-ਰੋਣਾ, ਸਾਂਝਾ।
ਮੁੰਡੀ ਖਰੜ ਦੇ ਘੁਮਾਰ ਮੁਹੱਲੇ, ਭੀੜੀਆਂ ਗਲ਼ੀਆਂ ਵਿੱਚ ਉਹਦਾ ਇਹ ਹਵਾਦਾਰ ਘਰ। ਇਹ ਇਲਾਕਾ ਹਾਲੇ ਕਸਬਾਨੁਮਾ ਸੀ। ਟਾਵਾਂ ਟਾਵਾਂ ਘਰ ਸੀ ਉਦੋਂ। ਮੀਂਹ ਪੈਂਦਾ। ਚੁਫੇਰਾ ਪਾਣੀ ਨਾਲ਼ ਭਰ ਜਾਂਦਾ। ਕਮਲ ਦੇ ਫੁੱਲ ਖਿੜਦੇ। ਜਦੋਂ ਸੂਰਜ ਦੀਆਂ ਕਿਰਨਾਂ ਇਨ੍ਹਾਂ ਫੁੱਲਾਂ ‘ਤੇ ਪੈ ਰਹੀਆਂ ਹੁੰਦੀਆਂ, ਬੀਬੀ ਇਨ੍ਹਾਂ ਨੂੰ ਨਿਹਾਰਦੀ ਪਤਾ ਨਹੀਂ ਕੀ ਕੀ ਸੋਚ ਜਾਂਦੀ। ਉਦਾਸ ਹੋਈ ਬੀਬੀ ਨੂੰ ਮਾਤਾ ਚਿੰਤ ਕੌਰ ਆ ਦਿਲਾਸਾ ਦਿੰਦੀ।
ਐਕਸੀਡੈਂਟ ਵਾਲ਼ੀ ਥਾਂ ਲੋਕਾਂ ਦੀ ਕਾਫੀ ਭੀੜ ਸੀ। ਸਕੌਡਾ ਗੱਡੀ ਬਿਜਲੀ ਵਾਲ਼ੇ ਪੋਲ ਨਾਲ਼ ਟਕਰਾ ਕੇ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਲੋਕ ਗੱਲਾਂ ਕਰ ਰਹੇ ਸਨ। ‘ਇਨ੍ਹਾਂ ਮੁੰਡਿਆਂ ਕਈ ਐਕਸੀਡੈਂਟ ਕੀਤੇ ਆ ਬਈ। ਮੁੱਲਾਂਪੁਰ ਆਲ਼ੇ ਪਾਸਿਉਂ ਬਹੁਤ ਤੇਜ਼ ਆਈ ਇਹ ਗੱਡੀ। ਪਿੱਛੇ ਕਿਸੇ ਕੁੜੀ ਨੁੰ ਵੀ ਮਾਰ ਆਏ। ਫਿਰ ਅਹੁ ਕਾਈਨੈਟਿਕ ਵਾਲ਼ੇ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਦੋ ਹੋਰ ਵੀ ਮਰੇ ਨੇ ਕਹਿੰਦੇ। ਵਾਈਕ ਤਾਂ ਖਿੱਲਰ ਈ ਗਈ।‘ ਮੈਂ ਆਪ-ਮੁਹਾਰੇ ਖਿੱਲਰੀ ਪਈ ਵਾਈਕ ਵੱਲ ਤੁਰ ਪਿਆ।
ਬਹੁਤ ਭਿਆਨਕ ਐਕਸੀਡੈਂਟ ਸੀ। ਲੋਕ ਗੱਲਾਂ ਕਰ ਰਹੇ ਸਨ। ‘ਤਿੰਨ ਬੰਦੇ ਸੀ ਮੇਰੇ ਆਰ ਡਰਾਈਵਰ ਸਮੇਤ। ਇੱਕ ਕਿਸੇ ਪੁਲਿਸ ਆਲ਼ੇ ਦਾ ਮੁੰਡਾ ਦੱਸਦੇ ਆ। ਕਹਿੰਦੇ ਐਸਪੀ ਦਾ ਪਤਾ ਨੀਂ ਥਾਣੇਦਾਰ ਦਾ ਮੁੰਡਾ। ਬਹੁਤ ਤੇਜ਼ ਸੀ ਗੱਡੀ। ਰਾਤੀਂ ਨੌ ਸਵਾ ਨੌ ਦੀ ਗੱਲ ਦੱਸਦੇ ਨੇ। ਨਸ਼ੇ ਬਹੁਤ ਵਧਗੇ। ਨਸ਼ਾ ਕਰਕੇ ਡਰਾਈਵ ਕਰਦੇ ਨੇ ਲੋਕ। ਕੋਈ ਪਤਾ ਨਹੀਂ ਲਗਦਾ। ਨਿੱਤ ਚੋਰੀਆਂ, ਠੱਗੀਆਂ, ਕਤਲ। ਗੈਂਗਸਟਰਾਂ ਦਾ ਡਰ। ਹਾਲੇ ਪਿਛਲੇ ਹਫ਼ਤੇ ਤਿਊੜ ਦਾ ਮੁੰਡਾ ਮਾਰਿਐ। ਏਸੇ ਪਿੰਡ ਦੇ ਮੁੰਡੇ ਨੇ ਮਾਰਿਆ ਕਹਿੰਦੇ।‘ ਜਿੰਨੇ ਮੂੰਹ ਓਨੀਆਂ ਗੱਲਾਂ। ਚੁਫੇਰੇ ਦਹਿਸ਼ਤ ਦਾ ਰਾਜ ਸੀ।
ਇਹ ਸੱਚ ਹੈ, ਅਜਮੇਰ ਸਾਗਰ ਨਹੀਂ ਰਹੇ, ਪਰ ਉਹ ਆਪਣੀਆਂ ਰਚਨਾਵਾਂ ਵਿੱਚ ਸਦਾ ਜਿਊਂਦੇ ਰਹਿਣਗੇ; ‘ਗੀਤ ਨੇ ਮਨ ਦੀਆਂ ਮੌਜਾਂ, ਤਰੰਗਾਂ ਨਾਚ ਨੇ ਤਨ ਦੇ/ ਇਨ੍ਹਾਂ ਮੌਜਾਂ, ਤਰੰਗਾਂ ਬਿਨ ਅਸੀਂ ਜਿਊਂਦੇ ਹੀ ਮਰ ਜਾਂਗੇ/ ਤਨਾਂ ਵਿੱਚ ਤਾਣ ਦਾ ਰੇਤਾ, ਮਨਾਂ ਵਿੱਚ ਮਾਣ ਦਾ ਪਾਣੀ, ਅਸੀਂ ਅਗਨੀ ਦੇ ਸਾਗਰ ਚੋਂ ਵੀ ਸਹਿਜੇ ਹੀ ਤਰ ਜਾਂਗੇ।‘
ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਪਿਆਰੇ ਵੀਰ ਮਲਕੀਤ ਸਿੰਘ ਔਜਲਾ ਅਤੇ ਰਾਜ ਕੁਮਾਰ ਸਾਹੋਵਾਲ਼ੀਆ ਦੀ ਸੁਚੱਜੀ ਅਗਵਾਈ ਹੇਠ ਮਰਹੂਮ ਸ਼ਾਇਰ ਅਜਮੇਰ ਸਾਗਰ ਦੀ ਸ਼ਾਇਰੀ ਨੂੰ ਸਮਰਪਿਤ ਅੱਜ ਕਰਵਾਇਆ ਜਾ ਰਿਹਾ ਕਵੀ ਦਰਬਾਰ ਉਨ੍ਹਾਂ ਨੂੰ ਸੱਚ ਸ਼ਰਧਾਂਜਲੀ ਹੈ, ਕਿਉਂਕਿ ਉਹ ਇਸ ਸਭਾ ਦੇ ਰੂਹ-ਏ-ਰਵਾਂ ਰਹੇ ਹਨ।ਅਜਮੇਰ ਸਾਗਰ ਦੇ ਹੋਰ ਸ਼ੇਅਰ ਵੇਖੋ:
ਸੂਰਜ ਵਾਲ਼ੀ ਰਾਤ ਤੇਰਿਆਂ ਹੱਥਾਂ ਵਿੱਚ। ਵੱਡਮੁੱਲੀ ਸੌਗ਼ਾਤ ਤੇਰਿਆਂ ਹੱਥਾਂ ਵਿੱਚ। ਵਿਧੀ ਵਿਧਾਨ ਦਾ ਜੀਵਨ ਜੇਕਰ ਸਿੱਖ ਲਵੇਂ, ਹਰ ਵੇਲ਼ੇ ਪ੍ਰਭਾਤ ਤੇਰਿਆਂ ਹੱਥਾਂ ਵਿੱਚ।
ਖਿੱਚ ਕੇ ਧਰਤੀ ਤੇ ਲੀਕਾਂ, ਦਿਨ ਚੜ੍ਹੇ ਤੋਂ ਰਾਤ ਤੱਕ। ਕੌਣ ਕਰਦਾ ਹੈ ਉਡੀਕਾਂ, ਦਿਨ ਚੜ੍ਹੇ ਤੋਂ ਰਾਤ ਤੱਕ। ਤੰਗੀਆਂ, ਮਜ਼ਬੂਰੀਆਂ, ਨਾਕਾਮੀਆਂ ਦੇ ਦੌਰ ਵਿੱਚ, ਦਾਅ ਲਗਾਇਆ ਹੈ ਸ਼ਰੀਕਾਂ, ਦਿਨ ਚੜ੍ਹੇ ਤੋਂ ਰਾਤ ਤੱਕ।
ਗ਼ੈਰਾਂ ਦੀ ਸਾਜ਼ਿਸ਼ ਦਾ ਮੈਨੂੰ ਗ਼ਮ ਨਹੀਂ ਕੋਈ ਮਗਰ, ਮੈਂ ਡਰਾਂ ਕੋਲ਼ੋਂ ਸ਼ਰੀਕਾਂ, ਦਿਨ ਚੜ੍ਹੇ ਤੋਂ ਰਾਤ ਤੱਕ। ਤੋੜ ਕੇ ਵਰਣਾਂ ਦੇ ਬੰਧਨ, ਜਦ ਮਿਲ਼ੇ ਸਾਂ ਯਾਰ ਨੂੰ, ਮਾਰੀਆਂ ਰਸਤਾਂ ਨੇ ਚੀਕਾਂ, ਦਿਨ ਚੜ੍ਹੇ ਤੋਂ ਰਾਤ ਤੱਕ।
ਕਿ ਦਿਲ ਦੀ ਗੱਲ ਕਰਦੀ ਹੈ, ਗ਼ਜ਼ਲ ਅਜਮੇਰ ਸਾਗਰ ਦੀ। ਜਿਗਰ ਥੀਂ ਜਾ ਉਤਰਦੀ ਹੈ, ਗ਼ਜ਼ਲ ਅਜਮੇਰ ਸਾਗਰ ਦੀ। ਜਦੋਂ ਰਿਸ਼ਤੇ ਹੀ ਸੜ ਜਾਵਣ, ਬਣੇ ਸੜਿਆਂਦ ਹਰ ਥਾਂ ਤੇ, ਉਦੋਂ ਫੰਬੀ ਅਤਰ ਦੀ ਹੈ, ਗ਼ਜ਼ਲ ਅਜਮੇਰ ਸਾਗਰ ਦੀ।
ਸ਼ਾਇਰਾਂ ਦੀ ਸੰਗਤ ਤਾਂ ਰੂਹ ਦਾ ਖੇੜਾ ਦਿਲ ਦਾ ਦਾਰੂ ਸੀ, ਭੈੜਾ ਦੌਰ ਸਿਆਸਤ ਦਾ ਆ ਵੜਿਆ ਸਾਹਿਤ ਸਭਾਵਾਂ ਵਿੱਚ। ਦਿਸਦਾ ਨਾ ਉਲਫ਼ਤ ਦਾ ਭੋਰਾ ਏਥੇ ਭੈਣ ਭਰਾਵਾਂ ਵਿੱਚ। ਫ਼ੈਲ ਰਹੀ ਹੈ ਇਹ ਬਿਮਾਰੀ ਸਾਰੇ ਸ਼ਹਿਰ ਗਰਾਵਾਂ ਵਿੱਚ।
ਸੁਰਜੀਤ ਸੁਮਨ – 98144 30874

