www.sursaanjh.com > ਅੰਤਰਰਾਸ਼ਟਰੀ > ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਹੋਇਆ ਰਾਸ਼ਟਰੀ ਸੈਮੀਨਾਰ

‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਹੋਇਆ ਰਾਸ਼ਟਰੀ ਸੈਮੀਨਾਰ

ਕਿਸਾਨਾਂ, ਕਿਰਤੀਆਂ ਅਤੇ ਕਾਰੀਗਰਾਂ ਨੂੰ ਜਥੇਬੰਦ ਕਰਨਾ ਲੇਖਕਾਂ ਦੀ ਜ਼ਿੰਮੇਵਾਰੀ : ਪ੍ਰੋ. ਕਾਂਚਾ ਇਲੈਆ ਸ਼ੈਫਰਡ 
ਵਿਚਾਰਕ ਅਦਾਨ-ਪ੍ਰਦਾਨ ਲਈ ਪੰਜਾਬ ਗੋਸ਼ਟੀ ਭੂਮੀ ਰਿਹਾ ਹੈ: ਡਾ. ਸਵਰਾਜਬੀਰ
‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਹੋਇਆ ਰਾਸ਼ਟਰੀ ਸੈਮੀਨਾਰ 
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 26 ਅਕਤੂਬਰ:
ਨਵੇਂ ਦਲਿਤ ਕਬਾਇਲੀ ਸਾਹਿਤ ਦੇ ਪ੍ਰਸੰਗ ਵਿਚ ਸ਼ੂਦਰ ਇਤਿਹਾਸ ਨੂੰ ਨਵੀਨ ਸਰੋਕਾਰਾਂ ਸਮੇਤ ਮੁੜ ਲਿਖਣਾ ਬਹੁਤ ਜ਼ਰੂਰੀ ਹੈ। ਲੇਖਕਾਂ ਦੀ ਭੂਮਿਕਾ ਕਿਸਾਨ, ਕਿਰਤੀ ਅਤੇ ਸ਼ਿਲਪੀ ਜਨਤਾ ਨੂੰ ਮੁੜ ਸੰਗਠਿਤ ਕਰਨਾ ਹੈ। ਇਹ ਵਿਚਾਰ ਲੇਖਕ ਤੇ ਚਿੰਤਕ ਪ੍ਰੋ. ਕਾਂਚਾ ਇਲੈਆ ਸ਼ੈਫਰਡ ਨੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਕਲਾ ਭਵਨ, ਚੰਡੀਗੜ ਵਿਖੇ ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਏ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਗਟਾਏ। ਪ੍ਰਲੇਸ ਦੇ ਰਾਸ਼ਟਰੀ ਪ੍ਰਧਾਨ ਪੀ. ਲਕਸ਼ਮੀਨਾਰਾਇਣ ਨੇ ਕਿਹਾ ਕਿ ਅੱਜ ਗਰੀਬੀ, ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਦੇ ਮੁੱਦੇ ਸਾਡੇ ਸਾਹਮਣੇ ਖੜ੍ਹੇ ਹਨ। ਸੋ ਲੇਖਕਾਂ ਨੂੰ ਵਿਸ਼ਵ ਪੱਧਰ ‘ਤੇ ਆਮ ਲੋਕਾਂ ਤੱਕ ਪਹੁੰਚਣ ਦੀ ਲੋੜ ਹੈ।
ਲੇਖਕ-ਪੱਤਰਕਾਰ ਉਰਮਿਲੇਸ਼ ਨੇ ਕਿਹਾ ਕਿ ਭਾਵੇਂ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਚਾਰ ਸਾਡੇ ਸਮਾਜ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ, ਪਰ ਫਿਰ ਵੀ ਇਸ ਸਬੰਧ ਵਿੱਚ ਅੱਜ ਦੀ ਸਥਿਤੀ ਸਭ ਲਈ ਚਿੰਤਾਜਨਕ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਈਦਾ ਹਮੀਦ ਨੇ ਆਪਣੇ ਨਿੱਜੀ ਪ੍ਰਸੰਗਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਬਾਬਰੀ ਮਸਜਿਦ ਦੀ ਸ਼ਹਾਦਤ, ਗੁਜਰਾਤ ਵਾਲਾ 2002 ਤੇ ਅਜਿਹੀ ਪਾਰਟੀ ਦੀ ਵੱਡੇ ਪੱਧਰ ‘ਤੇ ਵਾਪਸੀ ਸੀ, ਜਿਸ ਨੇ ਭਾਰਤ ਨੂੰ ਇੱਕ ਧਰਮ ਅਧਾਰਿਤ ਹਿੰਦੂ ਰਾਜ ਬਣਾਉਣ ਦੇ ਵਾਅਦੇ ‘ਤੇ ਚੋਣਾਂ ਜਿੱਤਣ ਵਾਲੇ ਤਿੰਨ ਝਟਕੇ ਲੱਗੇ, ਜੋ ਸਿਰਫ਼ ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਲੱਗੇ ਜੋ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਉਦਘਾਟਨੀ ਸੈਸ਼ਨ ਦਾ ਸੰਚਾਲਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤਾ।
‘ਭਾਰਤੀ ਲੋਕਤੰਤਰ ਸਾਹਮਣੇ ਚੁਣੌਤੀਆਂ’ ਵਿਸ਼ੇ ‘ਤੇ ਕਰਵਾਏ ਗਏ ਪਹਿਲੇ ਸੈਸ਼ਨ ਵਿੱਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਵਰਿੰਦਰ ਯਾਦਵ, ਹੇਤੂ ਭਾਰਦਵਾਜ ਅਤੇ ਡਾ. ਆਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੇਖਕਾਂ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਦਾ ਸੱਦਾ ਦਿੱਤਾ। ਇਸ ਸੈਸ਼ਨ ਦੇ ਸੰਚਾਲਕ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਵਿਚਾਰਕ ਅਦਾਨ ਪ੍ਰਦਾਨ ਦੀ ਹਾਮੀ ਰਹੀ ਹੈ, ਇੱਥੇ ਗੋਸ਼ਟੀਆਂ ਅਤੇ ਸੰਵਾਦ ਹੁੰਦੇ ਰਹੇ ਹਨ ਤੇ ਇਹ ਪੰਜਾਬ ਗੋਸ਼ਟੀ ਭੂਮੀ ਰਿਹਾ ਹੈ।
‘ਸਮਾਜਿਕ ਪਰਿਵਰਤਨ ਅਤੇ ਸਾਹਿਤ ਦੀਆਂ ਦਿਸ਼ਾਵਾਂ’ ਵਿਸ਼ੇ ’ਤੇ ਆਧਾਰਿਤ ਤੀਜੇ ਸੈਸ਼ਨ ਵਿੱਚ ਰਣੇਂਦਰ, ਆਸ਼ੀਸ਼ ਤ੍ਰਿਪਾਠੀ, ਸਾਰਿਕਾ ਸ੍ਰੀ ਵਾਸਤਵ ਅਤੇ ਵਿਨੀਤ ਤਿਵਾੜੀ ਨੇ ਆਪਣੇ ਲੈਕਚਰ ਪੇਸ਼ ਕੀਤੇ ਅਤੇ ਸਾਹਿਤ ਵਿੱਚ ਉਨ੍ਹਾਂ ਦੀਆਂ ਵਿਗਾੜਾਂ ਨੂੰ ਰੇਖਾਂਕਿਤ ਕਰਕੇ, ਨਵ-ਬਸਤੀਵਾਦ ਅਤੇ ਨਵ ਉਦਾਰਵਾਦ ਦੇ ਸੰਦਰਭਾਂ ਨੂੰ ਸਮਝਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸੈਸ਼ਨ ਦਾ ਸੰਚਾਲਨ ਡਾ.ਕੁਲਦੀਪ ਸਿੰਘ ਦੀਪ ਨੇ ਕੀਤਾ। ਆਖਰੀ ਸੈਸ਼ਨ ਵਿਚ ਖਾਲਿਦ ਹੁਸੈਨ, ਡਾ: ਵੰਦਨਾ ਚੌਬੇ, ਡਾ: ਕੁਸੁਮ ਮਾਧੁਰੀ ਟੋਪੋ ਅਤੇ ਰਾਕੇਸ਼ ਵਾਨਖੇੜੇ ਨੇ ‘ਪਛਾਣ ਦੀ ਰਾਜਨੀਤੀ ਅਤੇ ਸਾਹਿਤ’ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ: ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਜਸਪਾਲ ਮਾਨਖੇੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *