ਨੌਕਰੀ ਅਪਲਾਈ ਸਮੇਂ ਫੀਸਾਂ ਚ ਕਟੌਤੀ ਕਰੇ ਸਰਕਾਰ : ਐਡਵੋਕੇਟ ਨਰਿੰਦਰ ਸਿੰਘ
ਚੰਡੀਗੜ੍ਹ 11 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ):


ਉਘੇ ਸਮਾਜ ਸੇਵੀ ਤੇ ਸੀਨੀਅਰ ਐਡਵੋਕੇਟ ਨਰਿੰਦਰ ਸਿੰਘ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਗਈ ਹੈ। ਉਹ ਸਮੇਂ ਸਮੇਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ। ਇਸੇ ਤਰਾਂ ਉਨ੍ਹਾਂ ਲੋਕ ਪੱਖੀ ਗੱਲ ਕਰਦਿਆ ਇੱਕ ਹੋਰ ਮੁੱਦੇ ਵੱਲ ਸਰਕਾਰ ਦਾ ਧਿਆਨ ਦਵਾਇਆ ਹੈ ਉਨ੍ਹਾਂ ਵੱਲੋਂ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀ ਗਈ ਹੈ। ਐਡਵੋਕੇਟ ਨਰਿੰਦਰ ਸਿੰਘ ਨੇ ਚਿੱਠੀ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਮੁੱਖ ਕਾਰਨ ਇਹ ਵੀ ਹੈ ਕਿ ਸਰਕਾਰੀ ਨੌਕਰੀਆਂ ਨੂੰ ਅਪਲਾਈ ਕਰਨ ਆਏ ਨੌਜਵਾਨਾਂ ਤੋਂ ਭਾਰੀ ਫੀਸਾਂ ਵਸੂਲੀਆਂ ਜਾਂਦੀਆਂ ਹਨ।
ਫੀਸਾਂ ਭਰਨ ਦੇ ਬਾਵਜੂਦ ਵੀ ਨੌਕਰੀ ਦੇਣ ਦੀ ਪ੍ਰਕਿਰਿਆ ਧੀਮੀ ਹੁੰਦੀ ਹੈ ਤੇ ਨੌਕਰੀ ਲਈ ਅਰਜ਼ੀ ਦੇਣ ਵਾਲੇ ਨੌਜਵਾਨ ਦੀ ਨਿਰਧਾਰਤ ਉਮਰ ਵੀ ਲੰਘ ਜਾਂਦੀ ਹੈ। ਜ਼ਿਆਦਾ ਫੀਸਾਂ ਹੋਣ ਕਾਰਨ ਲੋੜਵੰਦ ਪਰਿਵਾਰਾਂ ਦੇ ਬੱਚੇ ਇਹ ਫ਼ੀਸ ਅਦਾ ਨਹੀਂ ਕਰ ਸਕਦੇ ਅਤੇ ਉਹ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਹਨ। ਕਈ ਨੌਜਵਾਨਾਂ ਵੱਲੋਂ ਫ਼ੀਸਾਂ ਭਰਨ ਦੇ ਬਾਵਜੂਦ ਤੇ ਕਾਬਲੀਅਤ ਹੋਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ, ਇਸ ਲਈ ਉਨ੍ਹਾਂ ਨੂੰ ਮਜਬੂਰੀਬੱਸ ਸੜਕਾਂ ਤੇ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ ਤੇ ਉਸ ਸਮੇਂ ਵੀ ਸਰਕਾਰ ਨੌਜਵਾਨਾਂ ਦੇ ਖਿਲਾਫ਼ ਹੋ ਜਾਂਦੀ ਹੈ ਅਤੇ ਉਨ੍ਹਾਂ ਤੇ ਲਾਠੀਚਾਰਜ ਸਮੇਤ ਜੇਲਾਂ ਵਿੱਚ ਬੰਦ ਕਰਨ ਤੱਕ ਜਾਂਦੀ ਹੈ।
ਐਡਵੋਕੇਟ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਸਰਕਾਰੀ ਨੌਕਰੀਆਂ ਅਪਲਾਈ ਕਰਨ ਦੀਆਂ ਫ਼ੀਸਾਂ ਮੁਆਫ਼ ਹੋਣੀਆਂ ਚਾਹੀਦੀਆਂ ਹਨ। ਸਰਕਾਰੀ ਨੌਕਰੀ ਦੇਣ ਦੀ ਪ੍ਰਕ੍ਰਿਆ ਨੂੰ ਸਰਲ, ਸਪਸ਼ਟ ਅਤੇ ਤੇਜ਼ ਬਣਾਉਣਾ ਚਾਹੀਦਾ ਹੈ ਤਾਂ ਜੋ ਸਰਕਾਰੀ ਨੌਕਰੀ ਦੇ ਕਾਬਲ ਨੌਜਵਾਨਾਂ ਨੂੰ ਸਮੇਂ ਸਿਰ ਨੌਕਰੀ ਮਿਲ ਸਕੇ। ਉਹ ਇਸ ਬੇਰੁਜ਼ਗਾਰੀ ਤੋਂ ਬਚ ਸਕਣ, ਕਿਉਂਕਿ ਜ਼ਿਆਦਾਤਰ ਨੌਜਵਾਨਾਂ ਨੂੰ ਬੇਰੁਜ਼ਗਾਰ ਰਹਿ ਕੇ ਆਪਣੇ ਮਾਤਾ-ਪਿਤਾ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੇ ਗੌਰ ਕਰਨ ਦੀ ਬੇਨਤੀ ਕੀਤੀ ਹੈ ਤਾਂ ਨੌਜਵਾਨਾਂ ਭਟਕਣ ਤੋਂ ਬਚਾਇਆ ਜਾ ਸਕੇ ਤੇ ਉਹ ਆਪਣਾ ਭਵਿੱਖ ਸਵਾਰ ਸਕਣ।

