ਮੁੱਖ ਮੰਤਰੀ ਨੇ ਪੇਂਡੂ ਖੇਤਰਾਂ ਦੇ ਵਿਕਾਸ ਲਈ ਮਨਰੇਗਾ ਸਕੀਮ ਦੀ ਵੱਧ ਤੋਂ ਵੱਧ ਵਰਤੋਂ ਦੀ ਕੀਤੀ ਵਕਾਲਤ
ਪੰਜਾਬ ਵਿੱਚ ਸਕੀਮ ਦਾ ਬਜਟ ਦੋ ਹਜ਼ਾਰ ਕਰੋੜ ਰੁਪਏ ਤੱਕ ਵਧਾਉਣ ਦੀ ਕੀਤੀ ਮੰਗ
ਸਰਕਾਰ ਇਸ ਸਕੀਮ ਦੀ ਵਰਤੋਂ ਪਿੰਡਾਂ ਦੇ ਵਿਕਾਸ ਤੇ ਨੌਕਰੀਆਂ ਪੈਦਾ ਕਰਨ ਲਈ ਕਰੇਗੀ ਮੁੱਖ ਮੰਤਰੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਖੇਤਰਾਂ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਅਤੇ ਰੋਜਗਾਰ ਦੇ ਮੌਕੇ ਮੁਹੱਈਆ ਕਰਨ ਲਈ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜਗਾਰ ਗਰੰਟੀ ਐਕਟ (ਮਨਰੇਗਾ) ਸਕੀਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਵਕਾਲਤ ਕੀਤੀ ਹੈ।

ਇੱਥੇ ਇਸ ਸਕੀਮ ਦੇ ਕੰਮਕਾਜ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਮਹੱਤਵਪੂਰਨ ਹੈ ਕਿਉਂਕਿ ਇਹ ਸਕੀਮ ਹਰੇਕ ਵਿੱਤੀ ਸਾਲ ਵਿੱਚ ਹਰੇਕ ਉਸ ਘਰ ਨੂੰ ਘੱਟੋ-ਘੱਟ 100 ਦਿਨਾਂ ਦਾ ਗਰੰਟੀਸੁਦਾ ਰੋਜਗਾਰ ਦੇ ਕੇ ਰੋਜੀ-ਰੋਟੀ ਦੀ ਸੁਰੱਖਿਆ ਵਿੱਚ ਵਾਧਾ ਕਰਦੀ ਹੈ, ਜਿਨ੍ਹਾਂ ਦੇ ਬਾਲਗ ਮੈਂਬਰ ਗੈਰ-ਹੁਨਰਮੰਦ ਹੱਥੀਂ ਕੰਮ ਕਰਨ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਅਪ੍ਰੈਲ 2008 ਤੋਂ ਰਾਜ ਭਰ ਦੇ ਸਾਰੇ ਜ਼ਿਲਿ੍ਹਆਂ ਵਿੱਚ ਲਾਗੂ ਹੈ ਅਤੇ ਰਾਜ ਸਰਕਾਰ ਇਸ ਅਹਿਮ ਯੋਜਨਾ ਦੇ ਬਜਟ ਨੂੰ ਦੋ ਹਜਾਰ ਕਰੋੜ ਰੁਪਏ ਤੱਕ ਵਧਾਏਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਜਾਣ ਕੇ ਖੁਸੀ ਹੋਈ ਕਿ ਸੂਬੇ ਵਿੱਚ 14.86 ਲੱਖ ਸਰਗਰਮ ਵਰਕਰਾਂ ਦੇ ਨਾਲ 11.53 ਲੱਖ ਸਰਗਰਮ ਜੌਬ ਕਾਰਡ ਹਨ।

ਮੁੱਖ ਮੰਤਰੀ ਨੇ ਇਸ ਗੱਲ ‘ਤੇ ਅਫਸੋਸ ਜਾਹਰ ਕੀਤਾ ਕਿ ਸੂਬੇ ਲਈ ਮਨਰੇਗਾ ਤਹਿਤ ਅਧਿਸੂਚਿਤ ਮਜਦੂਰੀ ਦਰ 303 ਰੁਪਏ ਗੁਆਂਢੀ ਸੂਬੇ ਹਰਿਆਣਾ ਦੇ ਮੁਕਾਬਲੇ ਘੱਟ ਹੈ, ਜਿੱਥੇ ਇਹ 357 ਰੁਪਏ ਹੈ ਅਤੇ ਸੂਬਾ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਜੋਰਦਾਰ ਢੰਗ ਨਾਲ ਉਠਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਿੰਜਾਈ, ਜਲ ਸਪਲਾਈ ਅਤੇ ਸੈਨੀਟੇਸਨ ਨਾਲ ਸਬੰਧਤ ਕੰਮਾਂ ਵਿੱਚ ਤੇਜੀ ਲਿਆਉਣ ਲਈ “ਜਮੀਨਦੋਜ ਪਾਈਪ ਲਾਈਨ ਵਿਛਾਉਣ“ ਦੇ ਕੰਮਾਂ ਨੂੰ ਪ੍ਰਵਾਨਿਤ ਸੂਚੀ ਵਿੱਚ ਸਾਮਲ ਕਰਨ ਲਈ ਵੀ ਠੋਸ ਉਪਰਾਲੇ ਕਰੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ, ਭਾਰਤ ਸਰਕਾਰ ਨੂੰ ਇਸ ਸਕੀਮ ਤਹਿਤ ਕਾਰਪਸ ਫੰਡ ਮੁਹੱਈਆ ਕਰਵਾਉਣ ਲਈ ਵੀ ਬੇਨਤੀ ਕਰੇਗੀ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ, ਭਾਰਤ ਸਰਕਾਰ ਵੱਲੋਂ ਦਿੱਤੇ ਦਿਹਾੜੀਆਂ ਦੇ ਬਜਟ ਵਿੱਚ ਵੀ ਵਾਧਾ ਕਰਨ ਦੀ ਮੰਗ ਕਰੇਗੀ ਕਿਉਂਕਿ ਸੂਬੇ ਲਈ ਸਿਰਫ 250 ਲੱਖ ਦਿਹਾੜੀਆਂ ਦੇਣ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਪਿਛਲੇ ਸਾਲ ਦੀਆਂ 321 ਲੱਖ ਦਿਹਾੜੀਆਂ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਨੇ ਆਮ ਆਦਮੀ ਨੂੰ ਲਾਭ ਦੇਣ ਲਈ ਇਸ ਸਕੀਮ ਨੂੰ ਹੋਰ ਮਕਬੂਲ ਬਣਾਉਣ ਦੀ ਲੋੜ ‘ਤੇ ਵੀ ਜੋਰ ਦਿੱਤਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਕੀਮ ਤਹਿਤ ਹਰ ਕੰਮ ਵਾਲੀ ਥਾਂ ‘ਤੇ ਸੂਚਨਾ ਬੋਰਡ ਲਗਾਇਆ ਜਾਵੇ ਤਾਂ ਜੋ ਆਮ ਲੋਕਾਂ ਵਿਚ ਇਸ ਸਕੀਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਕੀਤੇ ਗਏ ਕੰਮਾਂ ਦਾ ਵੇਰਵਾ ਲੋਕਾਂ ਤੱਕ ਪਹੁੰਚ ਸਕੇ .

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਫੇਸਬੁੱਕ ਪੇਜ, ਯੂਟਿਊਬ ਚੈਨਲ, ਟਵਿੱਟਰ ਅਤੇ ਵਟਸਐਪ ਗਰੁੱਪਾਂ ਵਰਗੇ ਸੋਸਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਸਕੀਮ ਨੂੰ ਹਰਮਨ ਪਿਆਰਾ ਬਣਾਉਣ ਲਈ ਵੀ ਆਖਿਆ ਤਾਂ ਕਿ ਸਕੀਮ ਦੇ ਵਧੀਆ ਪਹਿਲੂਆਂ ਦਾ ਪ੍ਰਚਾਰ ਅਤੇ ਪੇਂਡੂ ਲੋਕਾਂ ਤੱਕ ਲੋੜੀਂਦੀ ਜਾਣਕਾਰੀ ਦਾ ਪ੍ਰਸਾਰ ਹੋ ਸਕੇ। ਭਗਵੰਤ ਮਾਨ ਨੇ ਉਮੀਦ ਜਾਹਰ ਕੀਤੀ ਕਿ ਇਹ ਸਕੀਮ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਕਮਜੋਰ ਅਤੇ ਪਛੜੇ ਵਰਗਾਂ ਦੇ ਜੀਵਨ ਨੂੰ ਬਦਲਣ ਵਿੱਚ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।

Leave a Reply

Your email address will not be published. Required fields are marked *