www.sursaanjh.com > ਅੰਤਰਰਾਸ਼ਟਰੀ > ਰੌਲਿਆਂ ਵੇਲੇ’, ‘ਡਲਿਵਰੀ ਮੈਨ’ ਤੇ ‘ਗੋਇਲ’ ਨੂੰ ਮਿਲੇ਼ਗਾ 2025 ਦਾ ਢਾਹਾਂ ਸਾਹਿਤ ਪੁਰਸਕਾਰ

ਰੌਲਿਆਂ ਵੇਲੇ’, ‘ਡਲਿਵਰੀ ਮੈਨ’ ਤੇ ‘ਗੋਇਲ’ ਨੂੰ ਮਿਲੇ਼ਗਾ 2025 ਦਾ ਢਾਹਾਂ ਸਾਹਿਤ ਪੁਰਸਕਾਰ

ਸਰੀ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ:
ਬੀਤੇ ਦਿਨੀਂ ਸਰੀ ਸਥਿਤ ਨਿਊਟਨ ਲਾਇਬਰੇਰੀ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬੀ ਦੇ ਸਭ ਤੋਂ ਵੱਡੇ ਢਾਹਾਂ ਸਾਹਿਤ ਪੁਰਸਕਾਰਾਂ ਲਈ ਸਾਲ 2025 ਵਾਸਤੇ ਤਿੰਨ ਪੁਸਤਕਾਂ ‘ਰੌਲਿਆਂ ਵੇਲੇ’ (ਨਾਵਲਕਾਰ ਬਲਬੀਰ ਪਰਵਾਨਾ), ਡਲਿਵਰੀ ਮੈਨ (ਕਹਾਣੀਕਾਰ ਭਗਵੰਤ ਰਸੂਲਪੁਰੀ) ਤੇ ਗੋਇਲ (ਨਾਵਲਕਾਰ ਮੁਦੱਸਰ ਬਸ਼ੀਰ) ਗਲਪ ਦੀਆਂ ਤਿੰਨ ਕਿਤਾਬਾਂ ਅਤੇ ਉਨ੍ਹਾਂ ਦੇ ਲੇਖਕਾਂ ਦਾ ਐਲਾਨ ਕੀਤਾ ਗਿਆ।
ਅੱਜ ਐਲਾਨੇ ਗਏ ਤਿੰਨ ਫਾਈਨਲਿਸਟਾਂ ਵਿੱਚ ਪ੍ਰਸਿੱਧ ਨਾਵਲਕਾਰ ਬਲਬੀਰ ਪਰਵਾਨਾ ਦੇ ਗੁਰਮੁਖੀ ਵਿੱਚ ਲਿਖੇ ਨਾਵਲ ‘ਰੌਲਿਆਂ ਵੇਲੇ’, ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਗੁਰਮੁੱਖੀ ਵਿੱਚ ਲਿਖੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਅਤੇ ਪ੍ਰਸਿੱਧ ਨਾਵਲਕਾਰ ਮੁਦੱਸਰ ਬਸ਼ੀਰ ਦੇ ਸ਼ਾਹਮੁੱਖੀ ਵਿੱਚ ਲਿਖੇ ਨਾਵਲ ‘ਗੋਇਲ’ ਨੂੰ  ਸਾਲ 2025 ਦੇ ਵਕਾਰੀ ਪੁਰਸਕਾਰ ਲਈ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੀ ਗਲਪ ਪੁਸਤਕ ਨੂੰ 25000 ਹਜ਼ਾਰ ਡਾਲਰ, 10-10 ਹਜ਼ਾਰ ਡਾਲਰ ਦੇ ਦੋ ਦੂਜੇ ਇਨਾਮ ਸਮੇਤ 6000 ਹਾਜ਼ਰ ਡਾਲਰ ਪੁਸਤਕਾਂ ਨੂੰ  ਲਿਪੀਅੰਤਰ ਕਰਨ ਦੇ ਇਨਾਮ ਸਮੇਤ ਕੁਲ 51,000 ਡਾਲਰ ਰਾਸ਼ੀ ਵਾਲੇ ਪੁਰਸਕਾਰ ਦਾ ਮੁੱਖ ਸਮਾਗਮ 13 ਨਵੰਬਰ, 2025 ਨੂੰ   ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਕੀਤਾ ਜਾਵੇਗਾ, ਜਿੱਥੇ ਤਿੰਨੇ ਜੇਤੂ ਗਲਪਕਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਕਿਤਾਬਾਂ ਦੀ ਚੋਣ ਕਰਨ ਵਾਲੀਆਂ ਤਿੰਨ ਜਿਊਰੀਆਂ ਦੇ ਨਵਾਂ ਦਾ ਐਲਾਨ ਵੀ ਕੀਤਾ ਗਿਆ। ਸ਼ੈਟਰਨ ਜਿਊਰੀ ਵਿੱਚ ਡਾ. ਜਗਬੀਰ ਸਿੰਘ (ਚੇਅਰ), ਡਾ. ਰਘਬੀਰ ਸਿੰਘ (ਮੈਂਬਰ), ਪ੍ਰੋ. ਜਮੀਲ ਅਹਿਮਦ ਪਾਲ (ਮੈਂਬਰ), ਗੁਰਮੁੱਖੀ ਜਿਊਰੀ ਵਿੱਚ ਡਾ. ਲਖਵਿੰਦਰ ਸਿੰਘ ਜੌਹਲ (ਚੇਅਰ), ਡਾ. ਰਮਿੰਦਰ ਕੌਰ (ਮੈਂਬਰ), ਪਰਗਟ ਸਤੌਜ (ਮੈਂਬਰ) ਸਨ ਅਤੇ ਸ਼ਾਹਮੁੱਖੀ ਜਿਊਰੀ ਵਿੱਚ ਸਫ਼ੀਰ ਰਮਾਹ (ਚੇਅਰ), ਨਵੀਦ ਆਲਮ (ਮੈਂਬਰ), ਪ੍ਰੋ. ਯਸਮੀਨ ਹਮੀਦ (ਮੈਂਬਰ) ਹਨ।
ਚੇਤੇ ਰਹੇ ਬਲਬੀਰ ਪਰਵਾਨਾ ਦਾ ਲਿਖਿਆ ਨਾਵਲ ‘ਰੌਲਿਆਂ ਵੇਲੇ’, 1947 ਵਿੱਚ ਹੋਈ ਦੇਸ਼-ਵੰਡ ਨਾਲ ਸਬੰਧਿਤ ਹੈ। ਇਹ ਦੁਖਾਂਤ ਪਹਿਲਾਂ ਵੀ ਪੰਜਾਬੀ ਸਾਹਿਤ ਦਾ ਵਿਸ਼ਾ ਬਣਦਾ ਰਿਹਾ ਹੈ, ਪਰ ਲੇਖਕ ਨੇ ਆਪਣੇ ਲੰਮੇ ਸਾਹਿਤਕ ਅਨੁਭਵ ਰਾਹੀਂ ਦੇਸ਼-ਵੰਡ ਨੂੰ ਨਵੀਂ ਦਿ੍ਸ਼ਟੀ ਤੋਂ ਵੇਖਣ ਦਾ ਉਪਰਾਲਾ ਕੀਤਾ ਹੈ। ਨਾਵਲ ਦਾ ਕੇਂਦਰੀ ਪਾਤਰ ਗੁਰਪ੍ਰੀਤ ਆਪਣੇ ਯੂਟਿਊਬ ਚੈਨਲ ਲਈ ਕੰਮ ਕਰਦਿਆਂ ਵੰਡ ਦੀ ਤ੍ਰਾਸਦੀ ਨੂੰ ਸਮਝਣ ਵਾਸਤੇ, ਉਨ੍ਹਾਂ ਵਡੇਰਿਆਂ ਦੀ ਵਾਰਤਾ ਰਿਕਾਰਡ ਕਰਦਾ ਹੈ, ਜਿਨ੍ਹਾਂ ਨੇ ਸੰਤਾਲੀ ਦਾ ਦੁਖਾਂਤ ਖੁਦ ਹੰਢਾਇਆ ਜਾਂ ਆਪਣੀ ਅੱਖੀਂ ਵੇਖਿਆ ਸੀ। ਲੇਖਕ, ਇਸ ਨਾਵਲ ਵਿੱਚ ਤ੍ਰਾਸਦੀ ਤੋਂ ਬਾਅਦ ਆਏ ਸਮਾਜਿਕ, ਰਾਜਨੀਤਕ ਅਤੇ ਆਰਥਿਕ ਬਦਲਾਵਾਂ ਦੀ ਵੀ ਸਾਰਥਿਕ ਤੌਰ ‘ਤੇ ਪੜਚੋਲ ਕਰਦਾ ਹੈ। ਬਿਰਤਾਂਤ ਉਸਾਰੀ ਵਿੱਚ ਨਵੀਨ ਜੁਗਤਾਂ ਦੀ ਵਰਤੋਂ ਸਦਕਾ ਆਪਣੀ ਕਲਾਤਮਿਕਤਾ ਕਾਰਨ ਦੇਸ਼-ਵੰਡ ਦੀ ਤ੍ਰਾਸਦੀ ਬਾਰੇ ਬਹੁਤ ਸੰਘਣੀ ਬੁਣਤੀ ਵਾਲਾ ਇਹ ਨਾਵਲ ਇਕ ਸਾਂਭਣਯੋਗ ਦਸਤਾਵੇਜ਼ ਹੈ।
ਚੁਣੀ ਗਈ ਭਗਵੰਤ ਰਸੂਲਪੁਰੀ ਦੀ ਦੂਜੀ ਕਿਤਾਬ ‘ਡਲਿਵਰੀ ਮੈਨ’, ਕਈ ਵੱਖੋ-ਵੱਖਰੇ ਬਿਰਤਾਂਤਾਂ ਨੂੰ ਪੇਸ਼ ਕਰਦਾ ਹੈ ਜੋ ਸਮਕਾਲੀ ਜੀਵਨ ਅਤੇ ਮਨੁੱਖੀ ਰਿਸ਼ਤਿਆਂ ਦੇ ਵਿਭਿੰਨ ਪਹਿਲੂਆਂ ਵਿੱਚ ਡੂੰਘਾਈ ਨਾਲ ਵਰਨਣ ਕਰਦੀ ਹੈ। ਕਲਾਤਮਕ ਵਿਕਾਸ, ਸਮਾਜਿਕ ਵਰਗ, ਇਮੀਗ੍ਰੇਸ਼ਨ, ਧਰਮ, ਲਿੰਗ, ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇਕੱਲਤਾ ਅਤੇ ਵਿਸਥਾਪਨ ਅਤੇ ਮਨੁੱਖ ਦੀ ਪਰਿਵਰਤਨਸ਼ੀਲ ਸ਼ਕਤੀ ਦੇ ਵਿਸ਼ਿਆਂ ਦੀ ਲੇਖਕ ਦੁਆਰਾ ਸੂਖਮਤਾ ਨਾਲ ਪੇਸ਼ਕਾਰੀ ਕੀਤੀ ਗਈ ਹੈ। ਸਿਰਲੇਖ ਵਾਲੀ ਕਹਾਣੀ ਡਾ. ਗੀਤਾ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਗ੍ਰੀਨ ਸਿਟੀ ਦੇ ਇੱਕ ਫਲੈਟ ਵਿੱਚ ਇਕੱਲੀ ਰਹਿੰਦੀ ਹੈ। ਰਸੂਲਪੁਰੀ ਦੁਆਰਾ ਪਾਤਰਾਂ ਦੇ ਅੰਦਰੂਨੀ ਮੌਨੋਲੌਗ ਅਤੇ ਉਥਲ-ਪੁਥਲ ਦੇ ਵਿਸਤਿ੍ਤ ਵਰਣਨ ਪਾਠਕ ਲਈ ਭਾਵਨਾਤਮਕ ਪ੍ਰਭਾਵ ਅਤੇ ਸੁਹਜਵਾਦੀ ਸ਼ਮੂਲੀਅਤ ਵਿੱਚ ਯੋਗਦਾਨ ਪਾਉਂਦੇ ਹਨ |
ਫਾਇਨਲਿਸਟ ‘ਚ ਚੁਣਿਆ ਗਿਆ ਮੁਦੱਸਰ ਬਸ਼ੀਰ ਦਾ ਸ਼ਾਹਮੁੱਖੀ ‘ਚ ਲਿਖਿਆ ਨਾਵਲ ‘ਗੋਇਲ’ ਇੱਕ ਮਹੱਤਵਾਕਾਂਖੀ ਅਤੇ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਨਾਵਲ ਹੈ ਜੋ ਦੋ ਕੇਂਦਰੀ ਪਾਤਰਾਂ ਦੇ ਆਪਸ ਵਿੱਚ ਜੁੜੇ ਜੀਵਨ ਰਾਹੀਂ ਯਾਦਦਾਸ਼ਤ, ਇਤਿਹਾਸ ਅਤੇ ਪਛਾਣ ਦੀ ਪੜਚੋਲ ਕਰਦਾ ਹੈ। ‘ਗੋਇਲ’ ਦਾ ਸਿਰਲੇਖ, ਅਸਥਿਰਤਾ ਨੂੰ ਉਜਾਗਰ ਕਰਦਾ ਹੈ ਅਤੇ ਨਾਵਲ ਦੇ ਕੇਂਦਰੀ ਸਰੋਕਾਰ ਨੂੰ ਸਮੇਟਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪ੍ਰਬੰਧਕਾ ਨੇ ਦੱਸਿਆ ਕਿ ਜਿਊਰੀ ਨੂੰ  ਇਸ ਸਾਲ ਵਕਾਰੀ ਪੁਰਸਕਾਰ ਲਈ ਭਾਰਤ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਤੋਂ 55 ਕਹਾਣੀ ਤੇ ਨਾਵਲ ਦੀਆਂ ਕਿਤਾਬਾਂ ਪ੍ਰਾਪਤ ਹੋਈਆਂ ਸਨ। ਗੁਰਮੁਖੀ ਜਿਊਰੀ, ਸ਼ਾਹਮੁੱਖੀ ਜਿਊਰੀ ਅਤੇ ਸ਼ੈਟਰਲ ਜਿਊਰੀ ਦੇ ਫੈਸਲਿਆਂ ‘ਤੇ ਅਧਾਰਤ ਛੇ ਕਿਤਾਬਾਂ ਦੀ ਇਕ ਛੋਟੀ ਸੂਚੀ ਜਾਰੀ ਕੀਤੀ ਗਈ। ਇਸ ਛੋਟੀ ਸੂਚੀ ਵਿੱਚ ਅਕਮਲ ਸ਼ਹਿਯਾਦ ਘੁੰਮਣ ਦਾ ਕਹਾਣੀ ਸੰਗ੍ਰਹਿ ‘ਪਿੰਜਰੇ ਵਿੱਚ ਆਲ੍ਹਣਾ’, ਬਲਬੀਰ ਪਰਵਾਨਾ ਦਾ ਨਾਵਲ ‘ਰੌਲਿਆਂ ਵੇਲੇ’, ਸੁਖਵਿੰਦਰ ਸਿੰਘ ਬਾਲੀਆਂ ਦਾ ਨਾਵਲ ‘ਮੰਡੀ ਰਹੀਮ ਖਾਂ’, ਮੁਦੱਸਰ ਬਸ਼ੀਰ ਦਾ ਨਾਵਲ ‘ਗੋਇਲ’ ਭਗਵੰਤ ਰਸੂਲਪੁਰੀ ਦਾ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਅਤੇ ਦਰਸ਼ਨ ਜੋਗਾ ਦਾ ਕਹਾਣੀ ਸੰਗ੍ਰਹਿ ‘ਫ਼ਨੀਅਰ’ ਕਿਤਾਬਾਂ ਦੀ ਚੋਣ ਕੀਤੀ ਗਈ। ਸ਼ੈਟਰਲ ਜਿਊਰੀ ਨੇ ਇਨ੍ਹਾਂ ਛੇ ਕਿਤਾਬਾਂ ਵਿੱਚੋਂ ਤਿੰਨ ਕਿਤਾਬ ਰੌਲਿਆਂ ਵੇਲੇ, ਡਲਿਵਰੀ ਮੈਨ ਤੇ ਗੋਇਲ ਨੂੰ ਫਾਈਨਲਿਸਟ ਵਜੋਂ ਐਲਾਨ ਕੀਤਾ।
ਪ੍ਰੈੱਸ ਕਾਨਫਰੰਸ ਦੌਰਾਨ ਢਾਹਾਂ ਸਾਹਿਤ ਫਾਊਡੇਸ਼ਨ ਦੇ ਬਾਨੀ ਬਰਜ ਢਾਹਾਂ ਨੇ ਕਿਹਾ ਕਿ ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਜਾਣਾ ਤੇ ਸਾਹਿਤ ਨੂੰ ਉੱਚਾ ਚੁੱਕਣਾ ਹੈ। ਪੰਜਾਬੀ ਗਲਪ ਵਿੱਚ ਸ਼ਕਤੀਸ਼ਾਲੀ ਨਵੀਆਂ ਕਹਾਣੀਆਂ ਨੂੰ ਪਛਾਣ ਕੇ ਸਾਡਾ ਉਦੇਸ਼ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦਾ ਸਮਰਥਨ ਕਰਨਾ ਅਤੇ ਸਰਹੱਦਾਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵਲੋਂ ਪੁਰਸਕਾਰਾਂ ਲਈ ਪ੍ਰਾਪਤ ਪੁਸਤਕਾਂ ‘ਚੋਂ ਤਿੰਨ ਫਾਈਨਲਿਸਟ ਕਿਤਾਬਾਂ ਦੀ ਚੋਣ ਬਹੁਤ ਹੀ ਯੋਗ ਅਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ। ਸਮਾਗਮ ਦੇ ਮੁੱਖ ਮਹਿਮਾਨ ਕੈਨੇਡੀਅਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਸਨ।

Leave a Reply

Your email address will not be published. Required fields are marked *