www.sursaanjh.com > ਚੰਡੀਗੜ੍ਹ/ਹਰਿਆਣਾ > ਅਕਾਲੀ ਦਲ ਹਲਕਾ ਖਰੜ ਵਿੱਚ 3 ਸਤੰਬਰ ਨੂੰ ਲਾਵੇਗਾ ਜਨਤਾ ਦਰਬਾਰ – ਚੌਧਰੀ ਮਾਜਰੀਆ

ਅਕਾਲੀ ਦਲ ਹਲਕਾ ਖਰੜ ਵਿੱਚ 3 ਸਤੰਬਰ ਨੂੰ ਲਾਵੇਗਾ ਜਨਤਾ ਦਰਬਾਰ – ਚੌਧਰੀ ਮਾਜਰੀਆ

ਚੰਡੀਗੜ੍ਹ 20 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
“ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਦੀ ਬਾਤ ਪਾਉਣ ਲਈ ਵਿਧਾਨ ਸਭਾ ਹਲਕਾ ਖਰੜ ਵਿੱਚ ਪੈਂਦੇ ਨਿਊ ਚੰਡੀਗੜ੍ਹ ਵਿੱਚ 3 ਸਤੰਬਰ ਨੂੰ ਇੱਕ ਜਨਤਾ ਦਰਬਾਰ ਲਗਾਵੇਗਾ“ ਇਹ ਐਲਾਨ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਅੱਜ ਇੱਥੇ ਰੱਖੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਸਥਾਨਕ ਵਿਧਾਇਕਾ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਇਸ ਜਨਤਾ ਦਰਬਾਰ ਵਿੱਚ ਆਕੇ ਵੋਟਰਾਂ ਨੂੰ ਹਰ ਗੱਲ ਦਾ ਜਵਾਬ ਦੇਣ।
ਸਥਾਨਕ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੋਂ ਮਹਿਜ਼ 200 ਮੀਟਰ ਤੋਂ ਸ਼ੁਰੂ ਹੋਣ ਵਾਲੇ ਇਸ ਹਲਕੇ ਦੇ ਲੋਕ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ, ਜਦਕਿ ਵਿਧਾਇਕਾ ਹਲਕੇ ਤੋਂ ਰੂਪੋਸ਼ ਹਨ। ਸਰਕਾਰ ਵੱਲੋਂ ਨਾਡਾ ਦੀ 1200 ਕਨਾਲ, ਪਿੰਡ ਮਾਜਰੀਆਂ ਦੇ ਪੰਜ ਪੱਤੀਆਂ ਦੀ 3200 ਏਕੜ ਅਤੇ ਨਵਾਂ ਗਰਾਂਓ ਦੀ ਸੈਂਕੜੇ ਕਨਾਲ ਜ਼ਮੀਨ ਵੱਸਦੇ ਘਰਾਂ ਨੂੰ ਬੇਘਰ ਕਰਕੇ ਧੱਕੇ ਨਾਲ ਖੋਹ ਲਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਵਿਧਾਇਕਾ ਨੇ ਹਲਕੇ ਦੇ ਲੋਕਾਂ ਦੀ ਅਣਦੇਖੀ ਕਰਦਿਆਂ ਗੈਰਹਾਜਰੀ ਦਰਜ ਕੀਤੀ ਤਾਂ ਇਕੱਠੇ ਹੋਏ ਲੋਕ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਤਮਾਮ ਮੁਸੀਬਤਾਂ ਦੀ ਪੰਡ ਇਕੱਲੇ ਖਰੜ ਇਲਾਕੇ ਵਿੱਚ ਹੀ ਨਹੀਂ ਬਲਕਿ ਇਹ ਸਮੁੱਚੇ ਪੰਜਾਬ ਦੀ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ, ਸੜ੍ਹਕਾਂ ਦੀ ਦੁਰਦਸ਼ਾ, ਸੀਵਰੇਜ ਦੇ ਖੁੱਲ੍ਹੇ ਮੈਨਹੋਲ, ਬਰਸਾਤੀ ਪਾਣੀ ਦੇ ਨਿਕਾਸ, ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ, ਨਸ਼ੇ ਦਾ ਵਿਆਪਕ ਪਸਾਰ, ਸਰਕਾਰੀ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ, ਗੈਰਕਾਨੂੰਨੀ ਮਾਈਨਿੰਗ, ਬੇਰੋਜ਼ਗਾਰੀ ਨਾਲ ਜੂਝਦੇ ਨੌਜਵਾਨ, ਧਾਰਮਿਕ ਅਸਥਾਨਾਂ ਅਤੇ ਗੁਰਬਾਣੀ ਦੀ ਬੇਅਦਬੀ, ਹੜ੍ਹ ਪੀੜਤ ਕਿਸਾਨਾਂ ਲਈ ਰਾਹਤ ਰਾਸ਼ੀ, ਨਾਕਸ ਸਿਹਤ ਤੇ ਸਿੱਖਿਆ ਸਹੂਲਤਾਂ, ਕਿਸਾਨਾਂ ਦੇ ਬਕਾਏ ਅਤੇ ਕਿਰਤੀਆਂ ਦੀ ਅਣਦੇਖੀ ਦੇ ਨਾਲ-ਨਾਲ ਪੰਜਾਬੀ ਜ਼ੁਬਾਨ ਦੀ ਬੇਕਦਰੀ ਨਾਲ ਸਮੂਹ ਪੰਜਾਬੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਬਜਾਏ ਲੋਕਾਂ ਨੂੰ ਚੁਟਕਲੇ ਸੁਣਾਕੇ ਅਤੇ ਵਿਰੋਧੀਆਂ ਨਾਲ ਮਸ਼ਖਰੀਆਂ ਕਰਕੇ ਡੰਗ ਟਪਾਈ ਕਰ ਰਹੇ ਹਨ, ਜਿਸ ਦਾ ਜਵਾਬ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ “ਆਪ” ਨੂੰ ਹਰਾਕੇ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸੀਬ ਚੰਦ ਸਰਪੰਚ, ਚੌਧਰੀ ਰੌਸ਼ਨ ਲਾਲ, ਚੌਧਰੀ ਤਰਸੇਮ ਲਾਲ, ਚੌਧਰੀ ਜਰਨੈਲ ਸਿੰਘ, ਇੰਦਰਜੀਤ ਸਿੰਘ ਖਰੜ ਅਤੇ ਚੌਧਰੀ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *