ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:
ਉੱਘੇ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਬਡਹੇੜੀ ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਜਿੱਥੇ ਪਰੰਪਰਾਗਤ ਤਰੀਕੇ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉੱਥੇ ਹੀ ਉਨ੍ਹਾਂ ਵੱਲੋਂ ਗੁਰਬਾਣੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਈਸ਼ਰ ਮਾਈਕਰੋ ਮੀਡੀਆ ਕੌਮ ਲਈ ਵੱਡੀ ਦੇਣ ਹੈ। ਉਨ੍ਹਾਂ ਦੇ ਇਸ ਉਪਰਾਲੇ ਦਾ ਕੇਵਲ ਗੁਰਬਾਣੀ ਅਤੇ ਇਤਿਹਾਸ ਦੇ ਖੋਜੀ ਹੀ ਲਾਹਾ ਨਹੀਂ ਲੈ ਰਹੇ, ਸਗੋਂ ਆਮ ਸਿੱਖ ਸੰਗਤਾਂ ਵੀ ਇਸ ਦੀ ਵਰਤੋਂ ਕਰਕੇ ਗੁਰਬਾਣੀ ਅਤੇ ਗੁਰਮਤਿ ਨਾਲ ਜੁੜ ਰਹੀਆਂ ਹਨ। ਸਿੱਖ ਕਿਸਾਨ ਨੇਤਾ ਨੇ ਕਿਹਾ ਕਿ ਅੱਜ ਦੇ ਇੰਟਰਨੈੱਟ ਦੇ ਯੁੱਗ ਅੰਦਰ ਉਨ੍ਹਾਂ ਦੀ ਇਸ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਡਹੇੜੀ ਨੇ ਬਾਬਾ ਬਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਇਹ ਸਦਮਾ ਬਰਦਾਸ਼ਤ ਕਰਨ ਦੀ ਹਿੰਮਤ ਬਖਸ਼ੇ।

