ਡਾਇਰੀ ਦਾ ਪੰਨਾ
ਰਵੀ ਬਾਈ ਮਿਲ ਤਾਂ ਜਾਂਦਾ – ਨਿੰਦਰ ਘੁਗਿਆਣਵੀ
ਚੰਡੀਗੜ੍ਹ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ), 27 ਫ਼ਰਵਰੀ:
ਪੰਜਾਬੀ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਮਰਾੜਾਂ ਵਾਲਿਆਂ ਦਾ ਜੇਠਾ ਪੁੱਤਰ ਰਵੀ ਪ੍ਰਕਾਸ਼ ਸਿੰਘ ਮਾਨ ਸਦੀਵੀ ਵਿਛੋੜਾ ਦੇ ਗਿਆ ਹੈ। ਰਵੀ ਮਾਨ ਦੇ ਸੰਪਰਕ ਵਿਚ ਮੈਂ 1992 ਤੋਂ ਸਾਂ, ਜਦ ਤੋਂ ਉਨਾਂ ਦੇ ਪਿਤਾ ਜੀ ਦੇ ਸੰਪਰਕ ਵਿਚ ਆਇਆ। ਮੈਂ ਉਸਨੂੰ ‘ਬਾਈ’ ਆਖਦਾ। ਰਵੀ ਬਾਈ ਨਾਲ ਆਖਰੀ ਮੁਲਾਕਾਤ ਛੇ ਕੁ ਮਹੀਨੇ ਪਹਿਲਾਂ ਹੋਈ ਸੀ। ਜਦ ਕਿਧਰੇ ਵੀ ਮੇਰੀ ਕੋਈ ਛਪੀ ਚੀਜ਼ ਪੜ੍ਹਦਾ-ਸੁਣਦਾ, ਤਾਂ ਫੋਨ ਕਰਨ ਵਿਚ ਘੌਲ ਨਹੀ ਸੀ ਕਰਦਾ। ਏਨੇ ਲੰਬੇ ਅਰਸੇ ਵਿੱਚ ਮੈਂ ਉਹਨੂੰ ਕਦੇ ਤਲਖ ਹੁੰਦਿਆਂ ਨਹੀਂ ਦੇਖਿਆ। ਉਸਦੀ ਦੋਸਤੀ ਤੇ ਜਾਣ-ਪਛਾਣ ਵਾਲਿਆਂ ਦਾ ਘੇਰਾ ਬਹੁਤ ਵਿਸ਼ਾਲ ਸੀ। ਰਵੀ ਬਾਈ ਦੁੱਖਾਂ-ਸੁਖਾਂ ਦਾ ਸਾਂਝੀ ਸੀ। ਮਾਨ ਸਾਹਿਬ ਪਿੰਡੋਂ ਬਾਹਰ ਹੁੰਦੇ, ਤਾਂ ਉਹ ਹਰ ਥਾਂ ਉਨ੍ਹਾਂ ਦੀ ਹਾਜ਼ਰੀ ਲੁਵਾਉਂਦਾ। ਜਦ ਮਾਨ ਸਾਹਿਬ ਪਿੰਡ ਰਹਿੰਦੇ ਸਨ, ਤਾਂ ਦੁਨੀਆਂ ਭਰ ‘ਚੋਂ ਵੱਡੇ-ਵੱਡੇ ਲੋਕ ਉਨਾਂ ਨੂੰ ਮਿਲਣ ਵਾਸਤੇ ਆਉਂਦੇ, ਜੇਕਰ ਉਹ ਘਰ ਨਾ ਹੁੰਦੇ ਤਾਂ ਰਵੀ ਬਾਈ ਆਏ ਮਹਿਮਨ ਦੀ ਟਹਿਲ ਸੇਵਾ ਤੇ ਆਓ-ਭਗਤ ਵਿਚ ਕੋਈ ਕਸਰ ਨਾ ਛਡਦਾ। ਬੜਾ ਮਿਲਾਪੜੇ ਸੁਭਾਓ ਵਾਲਾ ਸੀ। ਕਦੇ-ਕਦੇ ਹਸਾਉਂਦਾ ਵੀ ਬਹੁਤ। ਵੰਨ-ਸੁਵੰਨੀਆਂ ਗੱਲਾਂ ਦਾ ਖਜ਼ਾਨਾ ਸੀ ਰਵੀ ਬਾਈ। ਕਦੇ ਕਦੇ ਵਿਅੰਗ ਐਸਾ ਕੱਸਦਾ ਸੀ ਕਿ ਹੈਰਾਨ ਹੋਈਦਾ ਸੀ, ਉਹਦੇ ਸ਼ਬਦ ਭੰਡਾਰ ਤੋਂ। ਹੁਣ ਤਾਂ ਯਾਦਾਂ ਈ ਰਹਿ ਗਈਆਂ ਨੇ, ਮਾਨ ਸਾਹਿਬ ਦੇ ਲਿਖੇ ਗੀਤ ਵਾਂਗ: ਮਾਨਾਂ ਮਰ ਜਾਣਾ, ਪਿਛੋਂ ਯਾਦਾਂ ਰਹਿ ਜਾਣੀਆਂ।
ਹਾਲੇ ਪਿਛਲੇ ਸਾਲ ਹੀ ਰਵੀ ਦੇ ਮਾਤਾ ਜੀ ਵਿਛੜੇ ਸਨ, ਤੇ ਹੁਣ ਉਹ ਵੀ ਚਲਾ ਗਿਆ ਹੈ।ਮਾਂ ਦੇ ਮਗਰ ਈ। ਮਾਨ ਪਰਿਵਾਰ ਵਾਸਤੇ ਇਹ ਬਹੁਤ ਵੱਡਾ ਘਾਟਾ ਹੈ। ਰਵੀ ਬਾਈ ਨੂੰ ਚਾਹੁੰਣ ਵਾਲੇ ਸਾਡੇ ਵਰਗਿਆਂ ਨੂੰ ਵੀ ਜਾਪਿਆ ਹੈ ਕਿ ਸਾਡਾ ਕੋਈ ‘ਆਪਣਾ‘ ਤੁਰ ਗਿਆ ਹੈ। ਟੋਰਾਂਟੋ ਬੈਠਾ ਰਵੀ ਬਾਈ ਦਾ ਯਾਰ ਬਾਘਾ ਮੱਲਕਿਆਂ ਵਾਲਾ ਧਾਹਾਂ ਮਾਰ ਰਿਹੈ। ਇਹ ਸਤਰਾਂ ਲਿਖਦਿਆਂ ਅੱਖਾਂ ਨਮ ਹਨ, “ਰਵੀ ਬਾਈ ਮਿਲ ਤਾਂ ਜਾਂਦਾ, ਚੁੱਪ ਚੁਪੀਤੇ ਈ ਚਲਾ ਗਿਆ ਏਂ। “ ਮੇਰੇ ਮੂੰਹੋਂ ਨਿਕਲਿਆ ਹੈ। ਰੱਬ ਸਾਡੇ ਬਾਈ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਤੇ ਪਿਛਲਿਆਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਵੀ ਦੇਵੇ। ਚੰਗਾ ਰਵੀ ਬਾਈ, ਅਲਵਿਦਾ ……।