ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 22 ਫ਼ਰਵਰੀ:
ਸੋਹਣਾ-ਮੋਹਣਾ ਦੇ ਨਾਮ ਨਾਲ਼ ਜਾਣੇ ਜਾਂਦੇ, ਸੋਹਣ ਸਿੰਘ-ਮੋਹਣ ਸਿੰਘ ਜੋ ਦੋ ਧੜ ਤੇ ਇੱਕ ਸਰੀਰ ਕਾਰਣ ਕੁਦਰਤੀ ਵੱਖਰੀ ਪਛਾਣ ਰੱਖਦੇ ਹਨ। ਸੋਹਣਾ-ਮੋਹਣਾ ਵੱਲੋਂ ਮਾਨਾਵਾਲਾਂ ਕਲਾਂ (ਅੰਮ੍ਰਿਤਸਰ) ਦੇ ਚੋਣ ਬੂਥ ‘ਤੇ ਪਹਿਲੀ ਵਾਰ ਆਪਣੀ ਵੋਟ ਪਾਈ। ਅਸੈਂਬਲੀ ਹਲਕਾ ਆਟਾਰੀ ਅਧੀਨ ਆਉਂਦੇ ਇਹ ਚੋਣ ਬੂਥ ਇਸੇ ਪਿੰਡ ਮਾਨਾਂਵਾਲ਼ਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਇਆ ਗਿਆ ਸੀ। ਪਿੰਗਲਵਾੜਾ ਕੰਪਲੈਕਸ ਤੋਂ ਸੋਹਣਾ-ਮੋਹਣਾ ਨੂੰ ਚੋਣ ਬੂਥ ਤੱਕ ਲਿਜਾਣ ਲਈ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕੀਤਾ ਗਿਆ ਸੀ। ਉਹ ਹਾਲ ਵਿੱਚ ਹੀ ਅਠਾਰਾਂ ਸਾਲਾਂ ਦੇ ਹੋਏ ਸਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ.ਕਰੁਣਾਰਾਜ ਨੇ ਉਨ੍ਹਾਂ ਨੰ ਦੋ ਪਛਾਣ-ਪੱਤਰ ਜਾਰੀ ਕੀਤੇ ਸਨ।
ਸੋਹਣਾ-ਮੋਹਣਾ ਦਾ ਜਨਮ ਜੂਨ 2003 ਵਿੱਚ ਨਵੀਂ ਦਿੱਲੀ ਵਿਖੇ ਹੋਇਆ ਸੀ ਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਛੱਡ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੁੰ ਅੰਮ੍ਰਿਤਸਰ ਦੇ ਪਿੰਗਲਵਾੜਾ ਨੇ ਅਪਣਾ ਲਿਆ ਸੀ। ਜ਼ਿਕਰਯੋਗ ਹੈ ਕਿ ਸੋਹਣਾ-ਮੋਹਣਾ ਦੇ ਦੋ ਦਿਲ, ਦੋ ਵੱਖੋ-ਵੱਖਰੀਆਂ ਬਾਹਾਂ, ਕਿਡਨੀਆਂ ਤੇ ਰੀੜ ਦੀਆਂ ਹੱਡੀਆਂ ਹਨ, ਪਰ ਜਿਗਰ, ਪਿੱਤਾ, ਤਿੱਲੀ ਤੇ ਦੋ ਲੱਤਾਂ ਹਨ। ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੰਮ ਕਰਦੇ ਹਨ।