ਚੰਡੀਗੜ (ਸੁਰ ਸਾਂਝ ਬਿਊਰੋ), 24 ਫਰਵਰੀ:
ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ (ਪੀ.ਐੱਮ.ਆਈ.ਡੀ.ਸੀ.) ਦੀ ‘ਐਮਸੇਵਾ‘ ਪਹਿਲਕਦਮੀ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਸ਼੍ਰੇਣੀ-I – ਡਿਜੀਟਲ ਕਾਇਆਕਲਪ ਲਈ ਗੌਰਮਿੰਟ ਪ੍ਰੋਸੈਸ ਰੀ-ਇੰਜਨੀਅਰਿੰਗ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਈ-ਗਵਰਨੈਂਸ 2020-21 ਸਬੰਧੀ ਨੈਸ਼ਨਲ ਐਵਾਰਡ ਸਕੀਮ ਤਹਿਤ ਪੰਜਾਬ ਸਰਕਾਰ ਨੂੰ ਗੋਲਡ ਐਵਾਰਡ ਪ੍ਰਦਾਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪ੍ਰਬੰਧਕੀ ਸੁਧਾਰਾਂ ਅਤੇ ਜਨ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ੍ਰੀ ਵੀ. ਸ੍ਰੀਨਿਵਾਸ ਨੇ ਪੀ.ਐੱਮ.ਆਈ.ਡੀ.ਸੀ. ਦੇ ਸਾਬਕਾ ਸੀ.ਈ.ਓ. ਅਤੇ ਸਕੂਲ ਸਿੱਖਿਆ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਮੌਜੂਦਾ ਸਕੱਤਰ ਸ੍ਰੀ ਅਜੋਏ ਸ਼ਰਮਾ ਵੱਲੋਂ ਵਚਨਬੱਧਤਾ ਅਤੇ ਸਮਰਪਿਤ ਯਤਨਾਂ ਨਾਲ ਪਾਏ ਵੱਡਮੁੱਲੇ ਯੋਗਦਾਨ ਸਦਕਾ ਉਪਰੋਕਤ ਸ਼੍ਰੇਣੀ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ‘ਈ-ਗਵਰਨੈਂਸ ਲਈ ਰਾਸ਼ਟਰੀ ਪੁਰਸਕਾਰ‘ ਸ਼ੁਰੂ ਕੀਤੇ ਗਏ ਹਨ ਜੋ ਈ-ਗਵਰਨੈਂਸ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਮਾਨਤਾ ਦੇਣ ਤੇ ਉਤਸ਼ਾਹਿਤ ਕਰਨ ਅਤੇ ਸਫ਼ਲ ਈ-ਗਵਰਨੈਂਸ ਕਾਰਜਾਂ ਵਿੱਚ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਦਿੱਤੇ ਜਾਂਦੇ ਹਨ। ਇਹ ਸਕੀਮ ਕੇਂਦਰ ਅਤੇ ਸੂਬਾ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਸੰਸਥਾਵਾਂ, ਜਨਤਕ ਖੇਤਰ ਦੇ ਅਦਾਰਿਆਂ, ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਅਸਾਧਾਰਨ ਅਤੇ ਨਿਵੇਕਲੇ ਕਾਰਜਾਂ ਨੂੰ ਮਾਨਤਾ ਦਿੰਦੀ ਹੈ।