ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 24 ਫਰਵਰੀ:
ਬੇਰੋਜ਼ਗਾਰੀ, ਅਨਪੜ੍ਹਤਾ ਅਤੇ ਬਿਮਾਰ ਸਿਹਤ ਸਿਸਟਮ ਨੇ ਜਿਥੇ ਪੰਜਾਬ ਨੂੰ ਕੰਗਾਲੀ ਵੱਲ ਤੋਰਿਆ ਹੈ, ਉਥੇ ਹੀ ਭ੍ਰਿਸ਼ਟਾਚਾਰ ਵੀ ਘਾਤਕ ਬਿਮਾਰੀ ਤੋਂ ਘੱਟ ਨਹੀਂ ਹੈ। ਮੰਨਿਆ ਕਿ ਪ੍ਰਾਈਵੇਟ ਅਦਾਰਿਆ ‘ਚ ਸ਼ੋਸ਼ਣ ਹੁੰਦਾ ਹੈ, ਪਰ ਸਰਕਾਰੀ ਦਫਤਰਾਂ ‘ਚ ਸਰਕਾਰੀ ਬਾਬੂ ਮੋਟੀਆਂ ਤਨਖਾਹਾਂ ਸਮੇਤ ਰਿਸ਼ਵਤ ਤੋਂ ਬਿਨਾ ਕੰਮ ਕਰਨ ਨੂੰ ਤਿਆਰ ਨਹੀਂ ਹਨ। ਇਸ ਸਬੰਧੀ ਜਲਦੀ ਹੀ ਨੰਬਰਦਾਰਾ ਐਸੋਸੀਏਸ਼ਨ ਸਰਕਾਰੀ ਦਫ਼ਤਰਾਂ ‘ਚ ਹੁੰਦੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁਕੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ, ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਸੁਰ-ਸਾਂਝ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਰਾਜ ਕੁਮਾਰ ਨੇ ਕਿਹਾ ਕਿ ਨੰਬਰਦਾਰ ਕਿਸੇ ਵੀ ਪਿੰਡ ਵਿੱਚ ਇੱਕ ਜ਼ਿੰਮੇਵਾਰ ਅਹੁਦਾ ਹੁੰਦਾ ਹੈ, ਜਿਸ ਨੂੰ ਤਨਦੇਈ ਨਾਲ ਨਿਭਾਉਣਾ ਹੁੰਦਾ ਹੈ। ਸਾਡੀ ਐਸੋਸੀਏਸ਼ਨ ਦੀ ਕੋਸ਼ਿਸ ਹੈ ਕਿ ਸਰਕਾਰੀ ਦਫ਼ਤਰਾਂ ‘ਚ ਹੁੰਦੀ ਲੁੱਟ ਨੂੰ ਖਤਮ ਕਰਨ ਲਈ ਉਪਰਾਲਾ ਕਰੀਏ ਤਾਂ ਜੋ ਗਰੀਬਾਂ ਨੂੰ ਸੁੱਖ ਦਾ ਸਾਹ ਆ ਸਕੇ I ੳਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਬਲਜੀਤ ਸਿੰਘ ਝੂੰਗੀਆ ਦੀ ਅਗਵਾਈ ‘ਚ ਸਾਰੇ ਪੰਜਾਬ ‘ਚ ਬਲਾਕ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਆਮ ਲੋਕਾਂ ਦੇ ਸਾਥ ਨਾਲ ਦਫ਼ਤਰਾਂ ‘ਚ ਹੁੰਦੇ ਭ੍ਰਿਸ਼ਟਚਾਰ ਦਾ ਭੰਡਾ ਭੰਨਿਆ ਜਾਵੇਗਾ ।