ਨਿਊ ਚੰਡੀਗੜ੍ਹ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ), 27 ਫ਼ਰਵਰੀ:
ਤਿੰਨ ਰੋਜ਼ਾ ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਨ.ਆਈ.ਡੀ.) ਮੁਹਿੰਮ ਤਹਿਤ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਇਲਾਕਿਆਂ ਵਿਚ ਪਹਿਲੇ ਦਿਨ ਪੰਜ ਸਾਲ ਤੋਂ ਘੱਟ ਉਮਰ ਦੇ 5695 ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਉੱਚ ਜ਼ੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਸਮੇਤ ਸਾਰੇ ਖੇਤਰ ਕਵਰ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਪੀ.ਐਚ.ਸੀ. ਬੂਥਗੜ੍ਹ ਅਧੀਨ ਪੰਜ ਸਾਲ ਤੋਂ ਘੱਟ ਉਮਰ ਦੇ 12143 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਹੈ ਅਤੇ ਸਿਹਤ ਕਾਮੇ ਕੁਲ 24873 ਘਰਾਂ ਵਿਚ ਫੇਰੀ ਪਾਉਣਗੇ ਤਾਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਨਾ ਰਹਿ ਸਕੇ।
ਪਲਸ ਪੋਲੀਓ ਮੁਹਿੰਮ ਦੇ ਨੋਡਲ ਅਫ਼ਸਰ ਡਾ. ਸਿਮਨ ਢਿੱਲੋਂ ਨੇ ਦਸਿਆ ਕਿ ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਭੱਠਿਆਂ ਦੀ ਗਿਣਤੀ 31 ਹੈ। ਉਨ੍ਹਾਂ ਦਸਿਆ ਕਿ 92 ਰੈਗੂਲਰ ਟੀਮਾਂ ਦਵਾਈ ਪਿਲਾਉਣ ਲਈ ਤੈਨਾਤ ਕੀਤੀਆਂ ਗਈਆਂ ਹਨ ਅਤੇ 10 ਸੁਪਰਵਾਈਜ਼ਰ ਇਸ ਮੁਹਿੰਮ ’ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਡਾ. ਅਲਕਜੋਤ ਨੇ ਕਈ ਬੂਥਾਂ ’ਤੇ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਬਲਾਕ ਵਿਚ ਪੋਲੀਓ ਰੋਕੂ ਮੁਹਿੰਮ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ। ਐਸ.ਐਮ.ਓ. ਨੇ ਕਿਹਾ ਕਿ ਸਿਹਤ ਵਿਭਾਗ ਯਕੀਨੀ ਬਣਾ ਰਿਹਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਾਲਾ ਕੋਈ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਇਸ ਸਬੰਧ ਵਿਚ ਅਧਿਕਾਰੀਆਂ ਨੂੰ ਪਹਿਲਾਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਚਾਹੇ ਬੱਚਾ ਬੀਮਾਰ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਬਰਕਰਾਰ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ।