ਨਿਊ ਚੰਡੀਗੜ੍ਹ 29 ਮਾਰਚ (ਸੁਰ ਸਾਂਝ ਬਿਊਰੋ-ਅਵਤਾਰ ਨਗਲੀਆਂ): ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੀ ਵਜ੍ਹਾ ਇਲਾਕੇ ਵਿਚ ਘੁੰਮਦੇ ਸ਼ੇਰ ਅਤੇ ਚੀਤਾ ਹੈ। ਦੱਸ ਦਈਏ ਕਿ ਨਿਊ ਚੰਡੀਗੜ ਦੇ ਪਿੰਡਾਂ ਸਮੇਤ ਰਾਜਧਾਨੀ ਦੇ ਗੋਦ ਚ ਵਸਦੇ ਕਸਬਾ ਨਵਾਂ ਗਰਾਓ ਚ ਚੀਤਾ ਦੇਖਣ ਦੀ ਅਫ਼ਵਾਹ ਅੱਗ ਵਾਂਗ ਫੈਲ ਰਹੀ ਹੈ, ਲੋਕਾਂ ਵਿਚ ਤਾਂ ਡਰ ਪਾਇਆ ਹੀ ਜਾ ਰਿਹਾ ਹੈ, ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਮੇਤ ਪੁਲਿਸ ਦੀ ਨੀਂਦ ਉਡੀ ਪਈ ਹੈ। ਇਸ ਦੇ ਨਾਲ ਹੀ ਨੇੜਲੇ ਪਿੰਡ ਰਾਣੀ ਮਾਜਰਾ ਚ ਸ਼ੇਰ ਅਤੇ ਪਿੰਡ ਤਿਊੜ ਚ ਚੀਤਾ ਦਿਖਣ ਦੀ ਗੱਲ ਵੀ ਹੋ ਰਹੀ ਹੈ। ਇਲਾਕੇ ਦੇ ਲੋਕਾਂ ਚ ਜੰਗਲੀ ਖੂੰਖਾਰ ਜਾਨਵਰਾਂ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਿੰਡਾਂ ਚ ਸੁਚੇਤ ਰਹਿਣ ਤੇ ਰਾਤ ਨੂੰ ਬਾਹਰ ਨਾ ਨਿਕਲਣ ਦੀ ਅਨਾਊਂਸਮੈਂਟਾ ਹੋ ਰਹੀਆਂ ਹਨ ਤੇ ਵਿਹਲੜ੍ਹ ਲੋਕ ਸ਼ੋਸਲ ਮੀਡੀਆ ਤੇ ਪੁਰਾਣੀਆਂ ਅਤੇ ਹੋਰ ਪਾਸੇ ਦੀਆਂ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਕੇ ਹੋਰ ਡਰਾ ਰਹੇ ਹਨ। ਇਸ ਬਾਰੇ ਜੰਗਲਾਤ ਵਿਭਾਗ ਦੇ ਨਿਗਰਾਨ ਅਫਸਰ ਬਲਵਿੰਦਰ ਸਿੰਘ ਅਭੇਪੁਰ ਨੇ ਦੱਸਿਆ ਕਿ ਇਲਾਕੇ ਵਿਚ ਕੋਈ ਅਜਿਹਾ ਜੰਗਲੀ ਜਾਨਵਰ ਨਹੀਂ ਹੈ ਤੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀ ਹੈ ।ਇਸ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਵਿਹਲੜ੍ਹ ਲੋਕ ਸੋਸ਼ਲ ਮੀਡੀਆ ਤੇ ਇਸ ਤਰਾਂ ਦੀਆਂ ਅਫ਼ਵਾਹਾਂ ਫੈਲਾਅ ਰਹੇ ਹਨ, ਉਨ੍ਹਾਂ ਤੇ ਪੁਲਿਸ ਨਿਗਾਹ ਰੱਖ ਰਹੀ ਹੈ ਤੇ ਸਖਤ ਕਾਰਵਾਈ ਵੀ ਕਰਵਾ ਸਕਦੀ ਹੈ।