ਚੰਡੀਗੜ੍ਹ 27 ਅਪ੍ਰੈਲ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ):
ਰਿਸ਼ਤਿਆਂ ‘ਤੇ ਕਾਬਜ਼ ਰਹਿਣ ਦੀ ਸੋਚ ਤੋਂ ਉਪਜੇ ਦੁਖਾਂਤ ਨੂੰ ਬਿਆਨਦਾ ਕਰਮਵੀਰ ਸਿੰਘ ਸੂਰੀ ਦਾ ਨਾਵਲੈੱਟ ‘ਕਬਜ਼ਾ‘ – ਨਿਰੰਜਣ ਬੋਹਾ
ਮੈਂ ਕਰਮਵੀਰ ਸਿੰਘ ਸੂਰੀ ਨੂੰ ਇਕ ਕਹਾਣੀਕਾਰ, ਮਿੰਨੀ ਕਹਾਣੀਕਾਰ, ਸਮੀਖਿਅਕ ਤੇ ਅਨੁਵਾਦਕ ਦੇ ਤੌਰ ‘ਤੇ ਜਾਣਦਾ ਹਾਂ। ਇਨ੍ਹਾਂ ਖੇਤਰਾਂ ਵਿਚ ਉਸ ਆਪਣਾ ਚੰਗਾ ਨਾਂ- ਥਾਂ ਬਣਾਇਆ ਹੋਇਆ ਹੈ। ਹੁਣ ਜਦੋਂ ਉਸਦੇ ਪਲੇਠੇ ਨਾਵਲੈੱਟ ‘ਕਬਜ਼ਾ’ ਰਾਹੀਂ ਮੈਂ ਉਸਨੂੰ ਇਕ ਨਾਵਲਕਾਰ ਦੇ ਤੌਰ ‘ਤੇ ਵੀ ਜਾਣਨ ਲੱਗਾ ਹਾਂ ਤਾਂ ਮੈਨੂੰ ਬਹੁਤ ਤਸੱਲੀ ਮਿਲੀ ਹੈ ਕਿ ਉਸ ਆਪਣੇ ਦਾਦਾ ਨਾਨਕ ਸਿੰਘ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਨ ਲਈ ਆਪਣੇ ਵੱਲੋਂ ਗੰਭੀਰ ਯਤਨ ਕੀਤਾ ਹੈ। ਇਹ ਨਾਵਲੈੱਟ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਨੂੰ ਜੋੜਣ ਤੇ ਤੋੜਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਕਿਸੇ ਮਨੁੱਖ ਦੇ ਪਿੱਛੋਕੜੀ ਸੰਸਕਾਰਾਂ ਬਾਰੇ ਭਾਵਪੂਰਤ ਚਰਚਾ ਛੇੜ ਕੇ ਇਹਨਾਂ ਰਿਸ਼ਤਿਆਂ ਨੂੰ ਹੰਡਣਸਾਰ ਬਣਾਉਣ ਦੀਆਂ ਮਨੋ-ਵਿਗਿਆਨਕ ਜੁਗਤਾਂ ਵੱਲ ਵੀ ਪਾਠਕਾਂ ਦਾ ਧਿਆਨ ਦਿਵਾਉਂਦਾ ਹੈ। ਨਾਵਲ ਦੀ ਮਨੋਵਿਗਿਆਨਕ ਪੜ੍ਹਤ ਇਸ ਵਿਸ਼ਲੇਸ਼ਣੀ ਸਿੱਟੇ ਨੂੰ ਉਚੇਚੇ ਤੌਰ ‘ਤੇ ਉਭਾਰਦੀ ਹੈ ਕਿ ਹਰ ਮਨੁੱਖ ਅੰਦਰ ਸਮਾਜਿਕ ਰਿਸ਼ਤਿਆਂ ‘ਤੇ ਹਾਵੀ-ਪ੍ਰਭਾਵੀ ਰਹਿਣ ਦੀ ਭਾਵਨਾ ਜ਼ਰੂਰ ਹੁੰਦੀ ਹੈ। ਜੇ ਇਹ ਭਾਵਨਾ ਮਨੁੱਖ ਦੇ ਕੰਟਰੋਲ ਵਿਚ ਰਹੇ ਅਤੇ ਇਸਦਾ ਸਦ-ਉਪਯੋਗ ਕੀਤਾ ਜਾਵੇ ਤਾਂ ਸਮਾਜਿਕ ਰਿਸ਼ਤੇ ਬਹੁਤ ਨਿੱਘੇ ਬਣ ਜਾਂਦੇ ਹਨ ਪਰ ਜੇ ਇਹ ਰਿਸ਼ਤਿਆਂ ਤੇ ਕਾਬਜ਼ ਹੋਣ ਦੀ ਲਾਲਸਾ ਵਿਚ ਬਦਲ ਜਾਵੇ ਤਾਂ ਇਸਦੇ ਨਤੀਜੇ ਵੀ ਸਮਾਜ ਲਈ ਹਾਨੀਕਾਰਕ ਹੀ ਸਾਬਤ ਹੁੰਦੇ ਹਨ।
ਨਾਵਲੈੱਟ ਦੀ ਕਹਾਣੀ ਦੀ ਸ਼ੁਰੂਆਤ ਸਕੂਲੀ ਜੀਵਨ ਸਮੇਂ ਦੀ ਦੋਸਤੀ ਦੇ ਬਿਰਤਾਂਤ ਨਾਲ ਹੁੰਦੀ ਹੈ। ਗਰੀਬ ਪਰਿਵਾਰ ਦਾ ਜੰਮ-ਪਲ ਵਿਪਨ ਆਪਣੇ ਬਾਪ ਦੀ ਮੌਤ ਤੋਂ ਬਾਅਦ ਇਕਲਾਪੇ ਦਾ ਸ਼ਿਕਾਰ ਹੋਇਆ ਆਪਣੇ ਆਪ ਨੂੰ ਸਮਾਜਿਕ ਤੌਰ ‘ਤੇ ਅਸੁੱਰਖਿਅਤ ਮਹਿਸੂਸ ਕਰਦਾ ਹੈ ਤਾਂ ਉਸਦੀ ਕੋਸ਼ਿਸ਼ ਹੈ ਕਿ ਉਹ ਆਪਣੇ ਜਮਾਤੀ ਗੁਰਦਿਆਲ ਨਾਲ ਬਣੀ ਆਪਣੀ ਦੋਸਤੀ ਰਾਹੀਂ ਆਪਣੇ ਅੰਦਰਲੇ ਇਸ ਖਲਾਅ ਨੂੰ ਭਰ ਸਕੇ। ਅਸੁਰੱਖਿਅਤਾ ਦੀ ਇਹ ਭਾਵਨਾ ਜਦੋਂ ਉਸਨੂੰ ਦੋਸਤ ‘ਤੇ ਕਾਬਜ਼ ਰਹਿਣ ਲਈ ਉਕਸਾਉਂਦੀ ਹੈ ਤਾਂ ਉਹ ਯਤਨ ਕਰਦਾ ਹੈ ਕਿ ਉਹਨਾਂ ਦੇ ਦੋਸਤਾਨੇ ਵਿਚ ਕੋਈ ਹੋਰ ਦਖਲ ਨਾ ਦੇਵੇ। ਉਹ ਆਪਣੇ ਦੋਸਤ ਨੂੰ ਪ੍ਰਭਾਵਿਤ ਕਰਨ ਲਈ ਜੀਵਨ ਦੇ ਹਰ ਦੁੱਖ-ਸੁੱਖ ਵਿਚ ਉਸਦਾ ਪੂਰਾ ਸਾਥ ਦਿੰਦਾ ਹੈ। ਇਹ ਦੋਸਤੀ ਦੁਨੀਆਂ ਲਈ ਇੱਕ ਮਿਸਾਲ ਹੀ ਨਹੀਂ ਬਣਦੀ ਸਗੋ ਉਸਦੇ ਜਿਉਂਦੇ ਜੀਅ ਤੋੜ ਤੱਕ ਨਿਭਦੀ ਵੀ ਹੈ। ਗੁਰਦਿਆਲ ਵੱਲੋਂ ਵੀ ਇਹ ਦੋਸਤੀ ਨਿਭਾਉਣ ਵਿਚ ਆਪਣੇ ਵੱਲੋਂ ਪੂਰਾ ਯੋਗਦਾਨ ਪਾਇਆ ਜਾਂਦਾ ਹੈ।
ਭਾਵੇਂ ਵਿਪਨ ਗੁਰਦਿਆਲ ਨਾਲ ਦੋਸਤੀ ਤੇ ਕਾਬਜ਼ ਰਹਿਣ ਲਈ ਜੀਅ ਜਾਨ ਨਾਲ ਕੋਸ਼ਿਸ਼ ਕਰਦਾ ਹੈ ਪਰ ਇਹ ਕਬਜ਼ਾ ਆਪਣੇ ਦੋਸਤ ਦਾ ਹਰ ਪੱਖੋਂ ਚੰਗਾ ਸੋਚਣ ਦੀ ਹਾਂ-ਪੱਖੀ ਸੋਚ ਤੇ ਸੁਹਿਰਦਤਾ ਨਾਲ ਜੁੜਿਆ ਹੋਇਆ ਹੈ। ਇਸ ਕਬਜ਼ੇ ਦਾ ਨਕਤਾਰਕ ਪੱਖ ਅਮੀਰ ਘਰ ਤੋਂ ਆਈ ਵਿਪਨ ਦੀ ਘਰ ਵਾਲੀ ਵੰਦਨਾ ਅੰਦਰਲੀ ਨਾਂਹ ਪੱਖੀ ਸੋਚ ਰਾਹੀਂ ਉਜਾਗਰ ਹੁੰਦਾ ਹੈ। ਉਸ ਅੰਦਰਲੀ ਕਬਜ਼ੇ ਦੀ ਭਾਵਨਾ ਨਾਲ ਹਾਊਮੈ ਤੇ ਖੁਦਗਰਜ਼ੀ ਵਾਲੇ ਪਰਿਵਾਰਕ ਸੰਸਕਾਰ ਵੀ ਜੁੜੇ ਹੋਏ ਹਨ। ਵਿਪਨ ਦੀ ਤਰੱਕੀ ਨਾਲ ਈਰਖਾ ਕਰਦੇ ਉਸਦੇ ਪਰਿਵਾਰ ਦੇ ਮੈਂਬਰ ਉਸ ਕੋਲ ਵਿਪਨ ਦੀ ਬੁਰਾਈ ਕਰਕੇ ਇਸ ਕਬਜ਼ੇ ਦੀ ਭਾਵਨਾ ਨੂੰ ਹੋਰ ਹਵਾ ਦਿੰਦੇ ਹਨ। ਵੰਦਨਾ ਕੇਵਲ ਵਿਪਨ ‘ਤੇ ਹੀ ਕਾਬਜ਼ ਰਹਿਣ ਲਈ ਉਸਨੂੰ ਭੈਣ ਭਰਾਵਾਂ ਤੋਂ ਵੀ ਅਲੱਗ-ਥਲੱਗ ਨਹੀਂ ਕਰਦੀ ਸਗੋਂ ਉਸਦੀ ਗੁਰਦਿਆਲ ਨਾਲ ਦੋਸਤੀ ਤੁੜਵਾਉਣ ਲਈ ਵੀ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਉਹ ਆਪਣੇ ਬੱਚਿਆ ‘ਤੇ ਕਾਬਜ਼ ਰਹਿਣ ਲਈ ਉਨ੍ਹਾਂ ਨੂੰ ਆਪਣੇ ਪਿਤਾ ਦੇ ਖਿਲਾਫ ਭੜਕਾਉਂਦੀ ਹੈ ਤਾਂ ਨਤੀਜੇ ਵਜੋ ਹਰ ਕਿਸੇ ਦੇ ਕੰਮ ਆਉਣ ਵਾਲਾ ਵਿਪਨ ਇਕ ਦੱਬੂ ਤੇ ਬੇਚਾਰਾ ਜਿਹਾ ਇਨਸਾਨ ਬਣ ਕੇ ਰਹਿ ਜਾਂਦਾ ਹੈ।
ਆਪਣੇ ਬੱਚਿਆ ਨੂੰ ਜਿਹੜੇ ਸੰਸਕਾਰ ਵੰਦਨਾ ਵੱਲੋਂ ਦਿੱਤੇ ਜਾਂਦੇ ਹਨ, ਉਹੀ ਸਮਾਂ ਪਾ ਕੇ ਉਸ ਲਈ ਪਛਤਾਵੇ ਦਾ ਕਾਰਨ ਬਣ ਜਾਂਦੇ ਹਨ। ਨੌਜਵਾਨ ਉਮਰ ਵਿਚ ਪਹੁੰਚ ਕੇ ਉਹਨਾਂ ਦੇ ਬੱਚੇ ਆਪਣੀ ਪਿਤਾ ਤੋਂ ਬਾਅਦ ਆਪਣੀ ਮਾਂ ‘ਤੇ ਵੀ ਕਾਬਜ਼ ਰਹਿਣ ਦਾ ਰਾਹ ਅਪਣਾ ਲੈਂਦੇ ਹਨ ਤਾਂ ਉਸਨੂੰ ਆਪਣੀ ਗਲਤੀ ਦਾ ਤੀਬਰ ਅਹਿਸਾਸ ਹੁੰਦਾ ਹੈ ਪਰ ਉਸ ਵੇਲੇ ਤੱਕ ਸਾਰੀ ਬਾਜ਼ੀ ਉਸਦੇ ਹੱਥ ਵਿੱਚੋਂ ਨਿਕਲ ਚੁੱਕੀ ਹੁੰਦੀ ਹੈ।
ਨਾਵਲੈੱਟ ਦੀ ਉਦੇਸ਼ਾਤਮਕ ਪਹੁੰਚ ‘ਜਿਹਾ ਬੀਜੋਗੇ, ਉਹੀ ਵੱਢੋਗੇ’ ਦੀ ਲੋਕ ਧਾਰਨਾ ਦੀ ਪੁਸ਼ਟੀ ਤੇ ਪ੍ਰੋੜਤਾ ਦਲੀਲ ਯੁਕਤ ਢੰਗ ਨਾਲ ਕਰਦੀ ਹੈ। ਇਕ ਪੜਾਅ ‘ਤੇ ਵੰਦਨਾ ਆਪਣੇ ਪਤੀ ਤੇ ਕਾਬਜ਼ ਹੋਣ ਲਈ ਆਪਣੇ ਪੁੱਤਰਾਂ ਦੀ ਵਰਤੋਂ ਕਰਦੀ ਹੈ ਤਾਂ ਦੂਜੇ ਪੜਾਅ ‘ਤੇ ਉਨ੍ਹਾਂ ਹੀ ਪੁੱਤਰਾ ਨੂੰ ਆਪਣੇ ਕਬਜ਼ੇ ਵਿਚੋ ਨਿਕਲਦਿਆਂ ਵੇਖ ਕੇ ਲੱਗਣ ਵਾਲਾ ਮਾਨਿਸਕ ਝਟਕਾ ਉਸਨੂੰ ਪਾਗਲਖਾਨੇ ਪਹੁੰਚਾ ਦਿੰਦਾ ਹੈ। ਜੇ ਵਿਪਨ ਦੀ ਮੌਤ ਤੋਂ ਬਾਅਦ ਉਹ ਆਪਣੇ ਪੁੱਤਰਾਂ ਨਾਲ ਮਿਲ ਕੇ ਉਸ ਵੱਲੋਂ ਛੱਡੀ ਚੱਲ ‘ਤੇ ਅਚੱਲ ਜਾਇਦਾਦ ‘ਤੇ ਕਾਬਜ਼ ਹੋਣ ਲਈ ਕਾਹਲੀ ਹੈ ਤਾਂ ਇਹੀ ਕਾਹਲ ਉਸਦੀ ਮੌਤ ਤੋ ਬਾਅਦ ਉਸਦੇ ਪੁੱਤਰਾਂ ਵੱਲੋਂ ਵੀ ਵਿਖਾਈ ਜਾਂਦੀ ਹੈ। ਗੁਰਦਿਆਲ ਸਿੰਘ ਵਿਪਨ ਨਾਲ ਦੋਸਤੀ ਨਿਭਾਉਣ ਲਈ ਅੰਤ ਤੱਕ ਇਸ ਪਰਿਵਾਰ ਨਾਲ ਜੁੜਿਆ ਰਹਿਣ ਦੀ ਦੀ ਕੋਸ਼ਿਸ਼ ਕਰਦਾ ਹੈ ਪਰ ਅੰਤ ਉਹ ਵੀ ਡੱਕਾ ਤੋੜ ਕੇ ਇਸ ਨਾ-ਸ਼ੁਕਰੇ ਪਰਿਵਾਰ ਤੋਂ ਕਿਨਾਰਾ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਨਾਨਕ ਸਿੰਘ ਦੇ ਨਾਵਲਾਂ ਵਾਂਗ ਇਸ ਨਾਵਲੇੱਟ ਵਿਚ ਕਹਾਣੀ ਰਸ ਕਮਾਲ ਦਾ ਹੈ। ਨਾਵਲੈੱਟ ਆਪਣੇ ਪਾਤਰਾਂ ਦੀ ਮਨ ਦੀ ਉਧੇੜ-ਬੁਣ ਰਾਹੀਂ ਉਨ੍ਹਾਂ ਦੇ ਮਾਨਸਿਕ ਦਵੰਦ ਦੀਆ ਪਰਤਾਂ ਵੀ ਠੀਕ ਢੰਗ ਨਾਲ ਉਧੇੜਣ ਵਿਚ ਸਫਲ ਹੋਇਆ ਹੈ ਪਰ ਚੰਗਾ ਹੁੰਦਾ ਜੇ ਲੇਖਕ ਨਵੀਆਂ ਗਲਪੀ ਜੁਗਤਾਂ ਅਨੁਸਾਰ ਪਾਤਰਾਂ ਦੀ ਮਨੋ-ਅਵਸੱਥਾ ਨੂੰ ਉਹਨਾਂ ਦੇ ਆਹਮੋ -ਸਾਹਮਣੇ ਦੇ ਵਾਰਤਾਲਾਪ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਕਰਦਿਆਂ ਨਾਵਲੈੱਟ ਦੇ ਕਲਾਤਮਕ ਸੁਹਜ ਵਿੱਚ ਹੋਰ ਵੀ ਵਾਧਾ ਹੋ ਸਕਦਾ ਸੀ ਪਰ ਲੇਖਕ ਨੇ ਪਾਤਰੀ ਮਨੋ-ਵਿਗਿਆਨ ਨੂੰ ਬਿਆਨਣ ਲਈ ਵਧੇਰੇ ਕਰਕੇ ਬਿਰਤਾਂਤਕ ਸ਼ੈਲੀ ਦਾ ਹੀ ਸਹਾਰਾ ਲਿਆ ਹੈ। ਨਾਵਲੈੱਟ ਨਵੇਂ ਪਦਾਰਥਕ ਯੁੱਗ ਵਿਚ ਦੋਸਤੀ ਦੇ ਰਿਸ਼ਤੇ ਨੂੰ ਬਚਾਉਣ ਲਈ ਦਾਰਸ਼ਨਿਕ ਕਿਸਮ ਦੇ ਸੰਵਾਦ ਨੂੰ ਜਨਮ ਦਿੰਦਾ ਹੈ ਤੇ ਇਹ ਸੰਵਾਦ ਮਨੁੱਖੀ ਰਿਸ਼ਤਿਆਂ ਦੀ ਉਮਰ ਲੰਮੀ ਕਰਨ ਵਾਲਾ ਹੈ। ਮੈਂ ਇਸ ਨਾਵਲੈੱਟ ਦਾ ਸਵਾਗਤ ਕਰਦਿਆਂ ਇਸ ਕਲਮ ਤੋਂ ‘ਪਵਿੱਤਰ ਪਾਪੀ’ ਵਰਗੇ ਕੋਈ ਸ਼ਾਹਕਾਰ ਨਾਵਲ ਲਿਖੇ ਜਾਣ ਦੀ ਉਮੀਦ ਕਰਦਾ ਹਾਂ। ਕਰਮਵੀਰ ਸਿੰਘ ਸੂਰੀ (98558 00103) ਇਸ ਨਾਵਲੈੱਟ ਕਬਜ਼ਾ ਦੇ 112 ਪੰਨੇ ਤੇ 180 ਰੁਪਏ ਮੁੱਲ ਵਾਲੇ ਇਸ ਨਾਵਲੈੱਟ ਨੂੰ ਨਵਰੰਗ ਪਬਲਿਕੇਸਨਜ਼, ਸਮਾਣਾ ਨੇ ਛਾਪਿਆ ਹੈ। ਨਿਰੰਜਣ ਬੋਹਾ।