ਨੌਜਵਾਨ ਸਾਹਿਤ ਸਭਾ (ਰਜਿ) ਮੋਰਿੰਡਾ ਵੱਲੋਂ ਰਚਾਇਆ ਗਿਆ ਸਾਹਿਤਕ ਸਮਾਗਮ
ਚੰਡੀਗੜ੍ਹ 27 ਅਪ੍ਰੈਲ (ਸੁਰ ਸਾਂਝ ਬਿਊਰੋ): ਨੌਜਵਾਨ ਸਾਹਿਤ ਸਭਾ (ਰਜਿ) ਮੋਰਿੰਡਾ ਵੱਲੋਂ ਸਾਹਿਤਕ ਸਮਾਗਮ ਰਚਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਰਸੂਲਪੁਰ ਨੇ ਕੀਤੀ ਅਤੇ ਮੁੱਖ ਮਹਿਮਾਨ ਸਨ ਪ੍ਰਸਿੱਧ ਕਹਾਣੀਕਾਰ ਸੁਖਜੀਤ। ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ‘ਸਾਹਿਤਕਾਰ ਅਧਿਆਪਕ —ਸਾਡਾ ਮਾਣ’ ਤਹਿਤ ਮਨਦੀਪ ਰਿੰਪੀ ਰੂਪਨਗਰ, ਸਟੇਟ ਐਵਾਰਡੀ ਵਿਕਾਸ ਵਰਮਾ ਨੰਗਲ, ਸਟੇਟ ਐਵਾਰਡੀ ਗੁਰਪ੍ਰੀਤ ਕੌਰ ਭੱਲੜੀ, ਅਜਮੇਰ ਸਿੰਘ ਫਿਰੋਜਪੁਰੀ ਅਤੇ ਰਜਨੀ ਧਰਮਾਣੀ ਸ੍ਰੀ ਅਨੰਦਪੁਰ ਸਾਹਿਬ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਹਾਣੀਕਾਰ ਸੁਖਜੀਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਹਿਤ ਰਚਣਾ ਮਮੂਲੀ ਕਾਰਜ ਨਹੀਂ ਹੈ, ਬਲਕਿ ਸਮਾਜ ਸਾਥੋਂ ਸੇਧ ਦੀ ਉਮੀਦ ਰੱਖਦਾ ਹੈ ਅਤੇ ਬਿਨਾਂ ਅਨੁਭਵ ਤੋਂ ਸੇਧ ਨਹੀਂ ਦਿੱਤੀ ਜਾ ਸਕਦੀ। ਇਸ ਲਈ ਅਨੁਭਵ ਅਤੇ ਕਲਾ ਕੌਸ਼ਲਤਾ ਨਾਲ਼ ਮਿਆਰੀ ਸਾਹਿਤ ਰਚਣਾ ਚਾਹੀਦਾ ਹੈ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਨੈਸ਼ਨਲ ਐਵਾਰਡੀ ਮਨਮੋਹਨ ਸਿੰਘ ਭੱਲੜੀ, ਸੁਰਜੀਤ ਸਿੰਘ ਜੀਤ, ਰਾਬਿੰਦਰ ਸਿੰਘ ਰੱਬੀ, ਯਤਿੰਦਰ ਕੌਰ ਮਾਹਲ, ਪਰਮਿੰਦਰ ਪ੍ਰੇਮ, ਜਪਲੀਨ ਕੌਰ, ਵੰਦਨਾ ਧਰਮਾਣੀ, ਸੰਦੀਪ ਕੌਰ ਬਲਾਕ ਮਾਸਟਰ ਟਰੇਨਰ, ਰਾਣਾ ਅਜ਼ਾਦ, ਮੈਡਮ ਅਮਰਜੀਤ ਕੌਰ ਮੋਰਿੰਡਾ, ਸਰਬਜੀਤ ਸਿੰਘ ਦੁੱਮਣਾ ਅਤੇ ਸੁਰਿੰਦਰ ਸਿੰਘ ਰਸੂਲਪੁਰ ਨੇ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਕਹਾਣੀਕਾਰ ਅਮਨਦੀਪ ਕੌਸ਼ਲ, ਕਹਾਣੀਕਾਰ ਤਰਨ ਬੱਲ, ਏਕਮ ਪ੍ਰੀਤ ਸਿੰਘ ਅਤੇ ਹਰਸਿਮਰਤ ਕੌਰ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕੇਂਦਰ ਦੇ ਪ੍ਰਧਾਨ ਰਾਣਾ ਅਜ਼ਾਦ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਲਾਕੇ ਦੇ ਸਾਹਿਤਕਾਰਾਂ ਨੂੰ ਇਸੇ ਤਰ੍ਹਾਂ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਤੋਂ ਇਲਾਵਾ ਕਲਾ ਦੇ ਕਿਸੇ ਵੀ ਪੱਖ ਨਾਲ਼ ਸੰਬੰਧ ਰੱਖਦੀ ਸ਼ਖ਼ਸੀਅਤ ਨੂੰ ਕੇਂਦਰ ਵੱਲੋਂ ਮਾਣ-ਸਨਮਾਨ ਦਿੱਤਾ ਜਾਵੇਗਾ।