ਜਾਇੰਟ ਡਾਇਰੈਕਟਰ ਕ੍ਰਿਸ਼ਨ ਲਾਲ ਰੱਤੂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ
ਮੁੱਖ ਮੰਤਰੀ ਵੱਲੋਂ ਫ਼ਿਰੋਜ਼ਪੁਰ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਦਿੱਤੀ ਸ਼ਰਧਾਂਜਲੀ
ਵੱਖ-ਵੱਖ ਆਗੂਆਂ ਅਤੇ ਅਧਿਕਾਰੀਆਂ ਨੇ ਕ੍ਰਿਸ਼ਨ ਲਾਲ ਰੱਤੂ ਦੇ ਜੀਵਨ ਸੰਘਰਸ਼ ਅਤੇ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਯਾਦ ਕੀਤਾ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 30 ਮਈ:
ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਨੂੰ ਅੱਜ ਸਮਾਜ ਦੇ ਵੱਖ-ਵੱਖ ਵਰਗ ਦੇ ਆਗੂਆਂ ਅਤੇ ਲੋਕਾਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਥੋਂ ਦੇ ਸੈਕਟਰ-38 ਸਥਿਤ ਗੁਰਦੁਆਰਾ ਸਾਹਿਬ (ਸ਼ਾਹਪੁਰ) ਵਿਖੇ ਸਵਰਗੀ ਸ੍ਰੀ ਕਿ੍ਸ਼ਨ ਲਾਲ ਰੱਤੂ ਦੀ ਆਤਮਿਕ ਸ਼ਾਂਤੀ ਲਈ ਕੀਤੀ ਗਈ ਅੰਤਿਮ ਅਰਦਾਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤ ਮਿੱਤਰ, ਵਿਭਾਗੀ ਸਹਿਕਰਮੀ, ਪੱਤਰਕਾਰ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਸ਼ਰਧਾਂਜਲੀ ਸਮਾਗਮ ਦੌਰਾਨ ਫ਼ਿਰੋਜਪੁਰ ਤੋਂ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਦਕਿ ਮਹਿਤਪੁਰ ਦੇ ਕੌਂਸਲਰ ਸ੍ਰੀ ਕਸ਼ਮੀਰੀ ਲਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ, ਯੂਨੀਵਰਸਿਟੀ ਦਿਨਾਂ ਤੋਂ ਸ੍ਰੀ ਰੱਤੂ ਦੇ ਸਾਥੀ ਜੁਆਇੰਟ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ ਅਤੇ ਸੇਵਾ ਮੁਕਤ ਸੰਯੁਕਤ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਨੇ ਸ੍ਰੀ ਰੱਤੂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੁਮੀਤ ਜਾਰੰਗਲ ਅਤੇ ਵਿਸ਼ੇਸ਼ ਸਕੱਤਰ ਸੇਨੂੰ ਦੁੱਗਲ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਡੀ ਪੀ ਆਰ ਓ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਐਸ. ਡੀ. ਐਮ. ਬਰਨਾਲਾ ਸ੍ਰੀ ਗੋਪਾਲ ਸਿੰਘ, ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ, ਅੱਜ ਦੀ ਆਵਾਜ਼, ਅਕਾਲੀ ਪੱਤ੍ਰਿਕਾ, ਪਹਿਰੇਦਾਰ, ਪੰਜਾਬ ਟਾਈਮਜ਼ ਅਤੇ ਸੱਚ ਦੀ ਪਟਾਰੀ ਵੱਲੋਂ ਪ੍ਰਾਪਤ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ।