ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਦੇ ਸਰਪ੍ਰਸਤ ਕੁੰਦਨ ਲਾਲ ਬੱਧਣ (ਬੁੱਧਿਸਟ) ਨਹੀਂ ਰਹੇ
ਜਲੰਧਰ (ਸੁਰ ਸਾਂਝ ਬਿਊਰੋ – ਰੂਪ ਲਾਲ ਰੂਪ), 30 ਜੂਨ,
ਮਹਾਨ ਚਿੰਤਕ ਕੁੰਦਨ ਲਾਲ ਬੱਧਣ (ਬੁੱਧਿਸਟ) ਸਰਪ੍ਰਸਤ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਇਨਕਮ ਟੈਕਸ ਵਿਭਾਗ, ਭਾਰਤ ਸਰਕਾਰ ਵਿੱਚੋਂ ਸਾਲ 2000 ਵਿੱਚ ਬਤੌਰ ਇਨਸਪੈਕਟਰ ਸੇਵਾ ਮੁਕਤ ਹੋਣ ਉਪਰੰਤ ਪੰਜਾਬੀ ਸਾਹਿਤ ਵਿੱਚ ‘ਅੱਜ ਆਖਾਂ ਵਾਰਿਸਸ਼ਾਹ ਨੂੰ ਬਨਾਮ ਖਾੜੀ ਯੁੱਧ ‘ਪੁਸਤਕ ਨਾਲ ਪਲੇਠਾ ਕਦਮ ਧਰਿਆ। ਇਸ ਉਪਰੰਤ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸਾਹਿਬਾਨ ਦੀ ਜੀਵਨ ਕਥਾ ਅਤੇ ਬਾਣੀ ਬਾਰੇ ਖੋਜ ਕਾਰਜ ਅਰੰਭ ਕੀਤਾ। ਡਾ. ਰਤਨ ਸਿੰਘ ਜੱਗੀ, ਸਤਿੰਦਰ ਸਿੰਘ ਨੂਰ, ਗੁਰਦਿਆਲ ਸਿੰਘ, ਡਾ. ਧਰਮ ਸਿੰਘ, ਡਾ. ਅਜਨਾਤ ਆਦਿ ਵਰਗੇ ਵਿਦਵਾਨ ਉਸ ਦੀਆਂ ਖੋਜ ਪੁਸਤਕਾਂ ਲਈ ਸ਼ਬਦਾਂ ਦੀ ਸਾਂਝ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਦੇ ਰਹੇ । ਉਨ੍ਹਾਂ ਦੇ ਖੋਜ ਗ੍ਰੰਥਾਂ ਵਿੱਚ ‘ ਕ੍ਰਾਂਤੀਕਾਰੀ ਸੰਤ ਨਾਮਦੇਵ ਜੀ ‘, ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ‘, ‘ਫਰੀਦ ਦਰਪਣ ‘, ‘ਕ੍ਰਾਂਤੀਕਾਰੀ ਸੰਤ ਕਬੀਰ ਜੀ (ਭਾਗ ਪਹਿਲਾ),’ ‘ਕ੍ਰਾਂਤੀਕਾਰੀ ਸੰਤ ਕਬੀਰ ਜੀ (ਭਾਗ ਦੂਜਾ)’, ‘ ਕ੍ਰਾਂਤੀਕਾਰੀ ਸੰਤ ਕਬੀਰ ਜੀ (ਭਾਗ ਤੀਜਾ) ਆਦਿ ਸ਼ਾਮਲ ਹਨ। ਲਗਭਗ ਦੋ ਦਰਜਨ ਪੁਸਤਕਾਂ ਦੇ ਖਰੜੇ ਛਪਣ ਲਈ ਤਿਆਰ ਹਨ।
ਅਦਾਰਾ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਸਦਮੇ ਦਾ ਪ੍ਰਗਟਾਵਾ ਕਰਦਾ ਹੈ ।
ਰੂਪ ਲਾਲ ਰੂਪ (ਪ੍ਰਧਾਨ)
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ