ਤੇ ਉਹ ਝੱਲੀ ਹੋ ਗਈ/ ਰਮਿੰਦਰ ਰੰਮੀ
ਅਚਾਨਕ ਕਾਰ ਦੇ ਬ੍ਰੇਕ ਲੱਗੇ
ਕਾਰ ਚਿਰਮਿਰਾ ਕੇ
ਇਕ ਝਟਕੇ ਵਿੱਚ ਰੁਕੀ
ਕਾਰ ‘ਚੋਂ ਬਾਹਰ ਨਿਕਲ ਦੇਖਿਆ
ਇਕ ਔਰਤ ਸੜਕ ‘ਤੇ
ਬੇਹੋਸ਼ ਪਈ ਸੀ
ਆਲੇ-ਦੁਆਲੇ ਜਮਾਂ ਹੋਈ ਭੀੜ ਵਿੱਚੋਂ
ਰਸਤਾ ਬਣਾ ਮੈਂ ਉਸ ਕੋਲ ਪਹੁੰਚੀ ।
ਲੋਕ ਤਰ੍ਹਾਂ ਤਰ੍ਹਾਂ ਦੇ ਫ਼ਿਕਰੇ ਕੱਸ ਰਹੇ ਸਨ
ਮੈਂ ਕੋਲ ਜਾ ਉਸਨੂੰ ਚੁੱਕ,
ਓਹਦਾ ਗੋਦੀ ‘ਚ ਸਿਰ ਰੱਖ ਪਲ਼ੋਸਿਆ
ਪਾਣੀ ਪਿਲਾ ਕੁਝ ਛਿੱਟੇ
ਓਹਦੇ ਮੂੰਹ ‘ਤੇ ਮਾਰੇ
ਜਲਦੀ ਉਸਨੂੰ ਕੁਝ ਸੁਰਤ ਆਈ
ਅੱਖਾਂ ਝਮਕਾ ਉਸ ਤੱਕਿਆ ਮੇਰੇ ਵੱਲ
ਲੋਕ ਉਸਨੂੰ ਝੱਲੀ ਕਹਿ ਬੁਲਾ ਰਹੇ ਸਨ।
ਮੈਂ ਪੁੱਛਿਆ, ਹੋਇਆ ਕੀ,
ਘਬਰਾ ਨਾ ਦੱਸ ਮੈਨੂੰ
ਮੈਲ਼ੇ-ਕੁਚੈਲ਼ੇ ਕੱਪੜਿਆਂ ‘ਚ ਵੀ
ਬੇਹੱਦ ਖ਼ੂਬਸੂਰਤ ਲੱਗ ਰਹੀ ਸੀ ਉਹ
ਲੱਗਦਾ ਜਿਵੇਂ ਬਹੁਤ ਰਾਤਾਂ ਤੋਂ ਨਹੀਂ ਸੀ ਸੁੱਤੀ
ਨਾ ਕੁਝ ਖਾਧਾ, ਨਾ ਪੀਤਾ।
ਰੇਸਤਰਾਂ ਵਿੱਚ ਲਿਜਾ
ਉਸਨੂੰ ਖਾਣਾ ਖਿਲਾਇਆ ਤੇ ਪੁੱਛਿਆ
ਤੇਰਾ ਇਹ ਹਾਲ ਕਿਸ ਬਣਾਇਆ?
ਫਿੱਕਾ ਜਿਹਾ ਮੁਸਕਰਾ ਉਹ ਬੋਲੀ
ਉਹ ਬਹੁਤ ਦਿਨ ਪਹਿਲਾਂ ਮਿਲਿਆ ਸੀ
ਇਸ ਜਗ੍ਹਾ, ਪਹਿਲੀ ਮੁਲਾਕਾਤ ਵਿੱਚ
ਇਕ ਦੂਸਰੇ ਨੂੰ, ਦਿਲ ਦੇ ਬੈਠੇ
ਬਹੁਤ ਪਿਆਰਾ ਸੀ ਉਹ
ਮੁਹੱਬਤ ਨਾਲ ਲਬਰੇਜ਼
ਬਹੁਤ ਸਿੱਧਾ ਸਾਧਾ, ਕੋਈ ਵੱਲ ਛੱਲ ਨਹੀਂ
ਮੁਹੱਬਤ ਦਾ ਮੁਜੱਸਮਾ ਸੀ ਸ਼ਾਇਦ ਉਹ ਕੋਈ।
ਉਸ ਇਕ ਮੁਲਾਕਾਤ ਵਿੱਚ ,
ਦੁਨੀਆਂ ਭਰ ਦੀ ਮੁੱਹਬਤ
ਮੇਰੀ ਝੋਲੀ ਭਰ ਦਿੱਤੀ ਉਸ
ਮੈਂ ਖ਼ੁਸ਼ੀ ਵਿੱਚ ਫੁੱਲੀ ਨਾ ਸਮਾਈ
ਢੇਰ ਸਾਰੀਆਂ ਮੁਹੱਬਤੀ ਗੱਲਾਂ
ਉਸ ਮੇਰੇ ਨਾਲ ਕੀਤੀਆਂ ।
ਉਸ ਸਮੇਂ ਲੱਗਾ, ਮੈਂ ਦੁਨੀਆਂ ਦੀ
ਸਭ ਤੋਂ ਹੁਸੀਨ ਤੇ ਖ਼ੁਸ਼ਕਿਸਮਤ ਲੜਕੀ ਹਾਂ।
ਸੱਚ, ਬਹੁਤ ਭੋਲਾ ਸੀ ਉਹ
ਝੱਟ ਗਿਆ ਪੱਟ ਆਇਆ ਕਹਿ
ਮੁੜ ਨਹੀਂ ਆਇਆ ਕਦੀ
ਮੈਂ ਹਰ ਰੋਜ਼ ਇਸੇ ਜਗ੍ਹਾ
ਉਸਦਾ ਇੰਤਜ਼ਾਰ ਕਰਦੀ ਹਾਂ
ਕਦੀ ਤੇ ਆਏਗਾ ਉਹ ,
ਇਹ ਮੇਰੀ ਸੁੱਚੜੀ ਮੁੱਹਬਤ ਦਾ ਯਕੀਨ ਹੈ
ਇਕ ਵਾਰ ਆਏ ਮੈਂ ਪੁੱਛਾਂ ਉਸਨੂੰ
ਤੂੰ ਕਿਉਂ ਕੀਤਾ ਇਸ ਤਰਾਂ ਦੱਸ।
ਸੋਚਦੀ ਹਾਂ, ਕੀ ਕਸੂਰ ਸੀ ਉਸਦਾ?
ਸਿਰਫ਼ ਇਹੀ ਕਿ ਉਸਨੇ
ਉਸਦੀ ਮੁੱਹਬਤ ਤੇ ਯਕੀਨ ਕੀਤਾ
ਸ਼ਾਇਦ ਕੁਝ ਮਜ਼ਬੂਰੀ ਰਹੀ ਹੋਏਗੀ ਉਸਦੀ
ਪੁੱਛਾਂ ਤੇ ਸਹੀ,
ਝੱਲਿਆ ਕੋਈ ਇਸ ਤਰਾਂ ਵੀ ਕਰਦਾ ਹੈ
ਭਟਕਦਿਆਂ, ਤੈਨੂੰ ਭਾਲਦਿਆਂ
ਜ਼ਿੰਦਗੀ ਗੁਜ਼ਾਰ ਦਿੱਤੀ
ਕੋਈ ਇਵੇਂ ਵੀ ਜਾਂਦਾ ਹੈ?
ਹਾਂ ਉਹ ਆਏ ਤੇ ਪੁੱਛਾਂਗੀ
ਕੀ ਕਸੂਰ ਸੀ ਮੇਰਾ ਕਹਾਂ
ਕਿਉਂ ਅੱਧਵਾਟੇ ਛੱਡ ਗਿਉਂ ਮੇਰੇ ਸੱਜਣਾ
ਯਾਰੀ ਲਾਈਏ ਤੇ ਤੋੜ ਨਿਭਾਈਏ
ਮੁੜ ਛੱਡ ਕੇ ਕਦੀ ਨਾ ਜਾਈਏ
ਸ਼ਾਇਦ ਇਹ ਸਵਾਸ ਹੁਣ ਤੱਕ
ਇਸੇ ਲਈ ਅਟਕੇ ਪਏ ਨੇ
ਉਹ ਆਏ, ਮੈਨੂੰ ਗਲ਼ੇ ਲਗਾਏ
ਮੇਰੀ ਉਮੀਦ ਅਜੇ ਵੀ ਬਾਕੀ ਹੈ
ਆਏਗਾ ਇਕ ਦਿਨ ਜ਼ਰੂਰ ਉਹ
ਲੋਕ ਝੱਲੀ ਸਮਝਦੇ ਨੇ
ਪਰ ਮੈਂ ਤੇ ਉਸਦੇ ਪਿਆਰ ਵਿੱਚ
ਝੱਲੀ ਹੋ ਗਈ ਹਾਂ
ਹੁਣ ਆਖਰੀ ਤਮੰਨਾ ਹੈ ਇਕ ,
ਉਹ ਆਏ ,ਕਹੇ ਮੈਂ ਆ ਗਿਆ ਹਾਂ ।
“ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ ਨੀ ਮੈਂ ਕਮਲੀ ਹਾਂ
ਨੀ ਮੈਂ ਕਮਲੀ ਹਾਂ“ ਕਮਲੀ ਕਮਲੀ
ਗਾਉਂਦੇ ਹੋਏ ਉਹ ਚਲੇ ਗਈ
ਅਗਲੇ ਦਿਨ ਦੀ ਇੰਤਜ਼ਾਰ ਲਈ ।