ਖਰੜ (ਸੁਰ ਸਾਂਝ ਬਿਊਰੋ-ਸੁਰਜੀਤ ਸੁਮਨ)
ਵੀਰ ਵਾਰਤਾ-8
ਲਫ਼ਜ਼ਾਂ ਦਾ ਸਫ਼ਰ – ਜਸਵੰਤ ਸਿੰਘ ਜਫ਼ਰ
ਸੰਨ 1999 ਵਿਚ ਮੈਂ ਸ. ਅਮਰਜੀਤ ਸਿੰਘ ਗਰੇਵਾਲ ਦੇ ਮੈਗਜ਼ੀਨ ਪੰਜ ਦਰਿਆ ਲਈ ਕਾਰਟੂਨਿੰਗ ਅਤੇ ਸਕੈਚਿੰਗ ਕਰਦਾ ਹੁੰਦਾ ਸੀ। ਇਕ ਹਲਕਾ ਫੁਲਕਾ ਜਿਹਾ ਕਾਲਮ ਵੀ ਲਿਖਦਾ ਸੀ। ਇਕ ਦਿਨ ਅਸੀਂ ਇਕੱਠੇ ਕਿਤੇ ਜਾ ਰਹੇ ਸੀ। ਚਲਦੀਆਂ ਗੱਲਾਂ ਵਿਚ ਮੈਂ ਉਹਨਾਂ ਨੂੰ ਕਿਹਾ ਕਿ ਫਲਾਨੀ ਤਰ੍ਹਾਂ ਦੀ ਕਵਿਤਾ ਪੰਜਾਬੀ ਵਿਚ ਨਹੀਂ ਲਿਖੀ ਜਾ ਰਹੀ। ਮੈਨੂੰ ਉਸ ਤਰ੍ਹਾਂ ਦੀ ਕਵਿਤਾ ਨਾਲ ਹੀ ਰੱਜ ਆਉਂਦਾ ਪਰ ਇਸ ਦੀ ਬੜੀ ਕਮੀ ਹੈ।
ਉਹ ਕਹਿਣ ਲੱਗੇ, “ਇਸ ਤਰ੍ਹਾਂ ਦੀ ਪੰਜਾਬੀ ਵਿਚ ਕਵਿਤਾ ਲਿਖ ਸਕਣ ਵਾਲਾ ਤਾਂ ਇਕੋ ਕਵੀ ਹੈ ਪਰ ਓਹ ਅੱਜ ਕੱਲ੍ਹ ਕਵਿਤਾ ਲਿਖਦਾ ਨਹੀਂ, ਹੋਰ ਕੰਮਾਂ ਵਿਚ ਪਿਆ ਰਹਿੰਦਾ।” ਮੈਂ ਉਸ ਕਵੀ ਦਾ ਨਾਂ ਪੁੱਛਿਆ ਤਾਂ ਕਹਿਣ ਲੱਗੇ, “ਉਸ ਦਾ ਨਾਂ ਹੈ ਜਸਵੰਤ ਜ਼ਫ਼ਰ।” ਬਾਕੀ ਸਫ਼ਰ ਅਸੀਂ ਪੂਰਨ ਖਾਮੋਸ਼ੀ ਨਾਲ ਕੀਤਾ, ਦੋਵੇਂ ਬਿਲਕੁਲ ਨਹੀਂ ਬੋਲੇ। ਇਸ ਤੋਂ ਦੋ ਸਾਲ ਬਾਅਦ ਮੇਰੀ ਕਵਿਤਾ ਦੀ ਦੂਸਰੀ ਕਿਤਾਬ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਛਪੀ। ਇਸ ਕਿਤਾਬ ਦੀਆਂ ਆਖਰੀ ਸਤਰਾਂ ਹਨ –
ਮੈਂ ਤਾਂ ਤੁਹਾਡੇ ਲਫ਼ਜ਼ਾਂ ਦਾ ਜਾਦੂ ਹਾਂ
ਤੁਸੀਂ ਕਿਹਾ
ਤਾਂ ਮੈਂ ਹੋ ਗਿਆ
ਤੁਸੀਂ ਕਹੋਗੇ
ਮੈਂ ਹੋ ਜਾਵਾਂਗਾ
ਇਹ ਸਤਰਾਂ ਹਰ ਬੱਚੇ ਵਲੋਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਲਈ ਹਨ। ਮੇਰਾ ਵਿਸ਼ਵਾਸ ਬਣ ਗਿਆ ਕਿ ਬੱਚਿਆਂ ਨੂੰ ਗਧੇ, ਉੱਲੂ, ਸ਼ੇਰ, ਬਾਂਦਰ, ਸੋਹਣੇ, ਬਿੱਜੂ, ਕਮਾਲ, ਸਿਆਣੇ, ਨਲਾਇਕ, ਬੀਬੇ, ਹੁਸ਼ਿਆਰ, ਤਕੜੇ, ਜਿੰਮੇਵਾਰ ਜਾਣੀ ਜੋ ਵੀ ਕਿਹਾ ਜਾਏਗਾ ਉਹ ਬਣ ਜਾਣਗੇ। ਲੰਘੇ ਐਤਵਾਰ ਮੈਨੂੰ ਵਾਈ ਐਸ ਸਕੂਲ ਬਰਨਾਲਾ ਜਾਣ ਦਾ ਮੌਕਾ ਮਿਿਲਆ। ਮੈਂ ਸੋਚ ਰਿਹਾ ਸੀ ਕਿ ਸਕੂਲ ਦਾ ਨਾਂ ਕਿਸੇ ਯਾਦਵਿੰਦਰ ਸਿੰਘ ਜਾਂ ਅਜਿਹੇ ਕਿਸੇ ਨਾਂ ਵਾਲੇ ਕਿਸੇ ਮਸ਼ਹੂਰ ਵਿਅਕਤੀ ਦੇ ਨਾਂ ‘ਤੇ ਹੋਏਗਾ। ਪਰ ਪਤਾ ਲੱਗਾ ਕਿ ਵਾਈ ਐਸ (Y. S.) ਦਾ ਮਤਲਬ ਸੀ ਯੰਗ ਸਕਾਲਰ। ਸਕੂਲ ਵਿਚ ਹਰ ਛੋਟੇ ਵੱਡੇ ਵਿਦਆਰਥੀ ਨੂੰ ਸਕਾਲਰ ਕਹਿ ਕੇ ਬੁਲਾਇਆ ਜਾਂਦਾ। ਜਿਵੇਂ ਸਕਾਲਰ ਪ੍ਰਭਜੋਤ ਸਿੰਘ, ਸਕਾਲਰ ਕਨਿਕਾ, ਸਕਾਲਰ ਨੀਰਜ, ਸਕਾਲਰ ਅਜੂਨੀ ਕੌਰ ਆਦਿ।
ਬੱਚਿਆਂ ਨੂੰ ਕਿਹਾ ਹੋਇਆ ਕਿ ਉਹ ਸਾਰੇ ਕਵੀ ਹਨ, ਕਵਿਤਾ ਲਿਖ ਸਕਦੇ ਹਨ, ਲਿਖੋ। ਉਸ ਦਿਨ ਤੀਸਰੀ ਤੋਂ ਸੱਤਵੀਂ ਜਮਾਤ ਦੇ ਲਗਪਗ ਪੰਜ ਸੌ ਵਿਚੋਂ ਡੇਢ ਸੌ ਤੋਂ ਵਧੇਰੇ ਬੱਚਿਆਂ ਨੇ ਆਪਣੀਆਂ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਲਿਖੀਆਂ ਸਵੈ ਰਚਿਤ ਕਵਿਤਾਵਾਂ ਸੁਣਾਈਆਂ ।ਹਰ ਛੋਟਾ ਵੱਡਾ ਬੱਚਾ ਆਪਣਾ ਨਾਂ ਬੋਲੇ ਜਾਣ ‘ਤੇ ਸਟੇਜ ਵੱਲ ਇੰਜ ਜਾਂਦਾ ਸੀ ਜਿਵੇਂ ਕੋਈ ਜੇਤੂ ਵੱਡੀ ਪ੍ਰਾਪਤੀ ਕਰਕੇ ਤੁਰਦਾ ਹੋਵੇ। ਉਹਨਾਂ ਦੇ ਆਤਮ ਵਿਸ਼ਵਾਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਥੇ ਮੌਜੂਦ ਸਾਰਿਆਂ ਵਿਚੋਂ ਮੈਂ ਆਪਣੇ ਆਪ ਨੂੰ ਸਭ ਤੋਂ ਘੱਟ ਆਤਮ ਵਿਸ਼ਵਾਸ ਵਾਲਾ ਬੰਦਾ ਮਹਿਸੂਸ ਕਰ ਰਿਹਾ ਸੀ। ਤਿੰਨ ਜੱਜਾਂ ਦੇ ਪੈਨਲ ਮੈਂਬਰ ਬੱਚਿਆ ਦੇ ਮੁਕਾਬਲੇ ਦੇ ਨੰਬਰ ਲਾਉਣ ਦੀ ਬਜਾਏ ਹਰ ਸਕਾਲਰ ਦੀ ਕਵਿਤਾ ਦੀ ਸ਼ਬਦਾਵਲੀ, ਵਿਸ਼ੇ, ਉਚਾਰਨ, ਪੇਸ਼ਕਾਰੀ, ਉਹਨਾਂ ਦੀ ਮੁਸਕਾਨ, ਅਦਾਵਾਂ, ਆਤਮ ਵਿਸ਼ਵਾਸ਼ ਆਦਿ ਦੀ ਵਡਿਆਈ ਵਿਚ ਲਿਖੇ ਬੋਰਡ ਦਿਖਾਉਂਦੇ ਜਾਂ ਪ੍ਰਸੰਸਾਮਈ ਟਿੱਪਣੀਆਂ ਕਰਦੇ। ਪਤਾ ਲੱਗਾ ਕਿ ਸਕੂਲ ਦੀਆਂ ਵੱਡੀਆਂ ਕਲਾਸਾਂ ਦੇ ਕਈ ਸਕਾਲਰਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਛਪ ਚੁਕੀਆਂ ਹਨ, ਕਈਆਂ ਦੀਆਂ ਛਪਾਈ ਅਧੀਨ ਹਨ। ਕਈਆਂ ਦੇ ਕਵਿਤਾ ਦੇ ਯੂ ਟਿਊਬ ਚੈਨਲ ਹਨ।
ਜਸਵੰਤ ਸਿੰਘ ਜ਼ਫ਼ਰ
18 ਅਗਸਤ 2022