ਚੰਡੀਗੜ੍ਹ (ਸੁਰ ਸਾਂਝ ਬਿਊਰੋ), 25 ਅਗਸਤ
ਜੋ ਹਰਿ ਕਾ ਪਿਆਰਾ-ਸੋ ਸਭਨਾ ਕਾ ਪਿਆਰਾ
ਤੈਨੂੰ ਪਿਆਰਾ ਕਹਾਂ ਜਾਂ
ਪਿਆਰਾ ਸਿੰਘ ਕੁੱਦੋਵਾਲ ਕਹਾਂ
ਤੂੰ ਆਪਣੇ ਮਾਂਪਿਉ ਦਾ ਪਿਆਰਾ
ਸੁਰਜੀਤ ਕੌਰ ਦਾ ਪਿਆਰਾ
ਤੂੰ ਸਭਨਾਂ ਦਾ ਪਿਆਰਾ
“ਜੋ ਹਰਿ ਕਾ ਪਿਆਰਾ
ਸੋ ਸਭਨਾ ਕਾ ਪਿਆਰਾ।“
ਨਾਮ ਤੋਂ ਹੀ ਪਿਆਰਾ ਨਹੀਂ ਹੈ ਤੂੰ
ਤੂੰ ਦਿਲ ਦਾ ਵੀ ਪਿਆਰਾ
ਅੰਦਰੋਂ ਬਾਹਰੋਂ ਇੱਕੋ ਜਿਹਾ
ਮੁੱਹਬਤ ਨਾਲ ਲਬਰੇਜ਼
ਤੂੰ ਸਿਰਫ਼ ਪਿਆਰਾ ਹੀ ਨਹੀਂ
ਚਾਨਣ ਮੁਨਾਰਾ ਵੀ ਹੈ ਤੂੰ ਤੇ
ਬਹੁਤ ਗਹਿਰਾਈ ਹੈ ਤੇਰੇ ਸ਼ਬਦਾਂ ਵਿੱਚ
ਉਹ ਤੇਰੀ ਕੋਈ ਕਵਿਤਾ ਹੈ
ਗੀਤ ਹੈ, ਗ਼ਜ਼ਲ ਹੈ ਜਾਂ ਫਿਰ
ਤੇਰਾ ਕੋਈ ਆਰਟੀਕਲ ਹੈ
ਜਿਉਂ ਜਿਉਂ ਤੈਨੂੰ ਪੜ੍ਹਦੇ ਜਾਓ
ਹੋਰ ਗਹਿਰਾਈ ਵਿੱਚ ਖੁੱਭਦੇ ਜਾਓ
ਤੂੰ ਸਿਰਫ਼ ਲਿਖਦਾ ਹੀ ਨਹੀਂ ਹੈ
ਉਹਨਾਂ ਸ਼ਬਦਾਂ ਨੂੰ ਤੂੰ ਜਿਊਂਦਾ ਵੀ ਹੈ।
ਇਕ ਗੱਲ ਤੇਰੀ ਬਹੁਤ ਸੋਹਣੀ ਹੈ
ਤੂੰ ਕੁੱਲ ਔਰਤ ਜ਼ਾਤ ਦੀ ਇਜ਼ਤ ਕਰਦਾ ਹੈ
ਇਸ ਨਾਲ ਤੇਰਾ ਕਿਰਦਾਰ
ਬਹੁਤ ਉੱਚਾ ਹੋ ਜਾਂਦਾ ਹੈ ਤੇ
ਤੈਨੂੰ ਸਿੱਜਦਾ ਕਰਨ ਤੇ ਦਿਲ ਕਰਦਾ ਹੈ
ਔਰਤ ਦੀ ਇਜ਼ਤ ਕਰਨਾ
ਉਸਨੂੰ ਪਿਆਰਨਾ, ਸਤਿਕਾਰਨਾ ਤੇ
ਵਡਿਆਉਣਾ ਹਰ ਕਿਸੇ ਦੇ
ਵੱਸ ਦੀ ਗੱਲ ਨਹੀਂ ਹੈ
ਇਹ ਰੱਬੀ ਨਿਆਮਤਾਂ
ਉਸ ਦਾਤੇ ਨੇ ਤੇਰੀ ਝੋਲੀ ਪਾਈਆਂ ਨੇ
ਕਹਿਣੀ ਕਥਨੀ ਦਾ ਤੂੰ ਨਿਰਾ ਪੂਰਾ ਹੈ
ਨਾਮ ਆਪਣੇ ਵਾਂਗ ਸੱਚਮੁੱਚ
ਤੂੰ ਪਿਆਰਾ ਹੀ ਹੈ
“ਜੋ ਹਰਿ ਕਾ ਪਿਆਰਾ
ਸੋ ਸਭਨਾਂ ਕਾ ਪਿਆਰਾ।“
ਜਦ ਬਹੁਤ ਗਹਿਰਾਈ ਵਿੱਚ ਖੁੱਭ
ਮਿੱਠੀ ਸੁਰੀਲੀ ਅਵਾਜ਼ ਵਿੱਚ
ਗਾਉਂਦਾ ਹੈ ਤਾਂ ਮੰਤਰ ਮੁਗਧ ਹੋ
ਹਰ ਕੋਈ ਕੀਲਿਆ ਜਾਂਦਾ ਹੈ
ਚੁਗਿਰਦਾ ਨਸ਼ਿਆ ਉੱਠਦਾ ਹੈ
ਆਪਣੀ ਰਹਿਣੀ-ਬਹਿਣੀ ਵਿਚ
ਵੀ ਪੂਰਾ ਹੈ ਤੂੰ ਤੇ
ਤੂੰ ਹੀ ਦੱਸ ਖਾਂ ਭਲਾ
ਤੈਨੂੰ ਪਿਆਰਾ ਕਹਾਂ ਜਾਂ
ਪਿਆਰਾ ਸਿੰਘ ਕੁੱਦੋਵਾਲ ਕਹਾਂ
ਇਹ ਤੇ ਸਾਡੇ ਗੁਰੂ ਸਾਹਿਬ ਨੇ
ਆਪਣੇ ਪਿਆਰਿਆਂ ਨੂੰ ਇਸ
ਸ਼ਬਦ ਨਾਲ ਨਿਵਾਜਿਆ ਹੈ
“ਜੋ ਹਰਿ ਕਾ ਪਿਆਰਾ
ਸੋ ਸਭਨਾ ਕਾ ਪਿਆਰਾ।“
ਰਮਿੰਦਰ ਰੰਮੀ