ਚੰਡੀਗੜ੍ਹ (ਸੁਰ ਸਾਂਝ ਬਿਊਰੋ), 27 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਮਿੰਘਮ ਵਿਖੇ ਹਾਲ ਹੀ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ ਦਾ ਅੱਜ 9.30 ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ। ਮੁੱਖ ਮੰਤਰੀ ਦੀ ਇਸ ਪਹਿਲਕਦਮੀ ਨਾਲ ਪੰਜਾਬ, ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਖਿਡਾਰੀਆਂ ਦਾ ਸਨਮਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਮਿਊਂਸਪਲ ਭਵਨ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਇਹ ਸਾਡੀ ਸਰਕਾਰ ਵੱਲੋਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਤੁਹਾਡੇ ਵੱਲੋਂ ਕੀਤੀ ਗਈ ਕਰੜੀ ਮਿਹਨਤ ਦੇ ਸਤਿਕਾਰ ਵਿਚ ਇਕ ਨਿਮਾਣਾ ਜਿਹਾ ਉਪਰਾਲਾ ਹੈ।” ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਬਾਰੇ ਸੂਬੇ ਵੱਲੋਂ ਪਹਿਲਾਂ ਹੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਅਤੇ ਹੋਰ ਉਭਰਦੇ ਖਿਡਾਰੀਆਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਹੁਣ ਇਨ੍ਹਾਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ।ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਸਖ਼ਤ ਲੋੜ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰਤਿਭਾ ਕੁਦਰਤੀ ਤੌਰ ਉਤੇ ਵਿਰਾਸਤ ਵਿੱਚ ਮਿਲੀ ਹੈ ਅਤੇ ਜੇਕਰ ਮੌਕਾ ਦਿੱਤਾ ਗਿਆ ਤਾਂ ਇਹ ਖਿਡਾਰੀ ਪੂਰੀ ਦੁਨੀਆ ਵਿਚ ਹਿੰਮਤ ਨਾਲ ਜੇਤੂ ਇਰਾਦਾ ਲੈ ਕੇ ਮੁਕਾਬਲੇ ਵਿਚ ਉਤਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਲਈ ਪੇਸ਼ੇਵਰ ਕੋਚਾਂ ਦੇ ਨਾਲ-ਨਾਲ ਖੁਰਾਕ ਅਤੇ ਹੋਰ ਸਹੂਲਤਾਂ ਦੀ ਲੋੜ ਹੈ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ‘ਤੇ ਨਵੇਂ ਸਟੇਡੀਅਮ ਬਣਾਉਣ ਲਈ ਪਹਿਲਾਂ ਹੀ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਹੈ, ਜਿੱਥੋਂ ਕੁਦਰਤੀ ਤੌਰ ਉਤੇ ਪ੍ਰਤਿਭਾ ਪੈਦਾ ਹੁੰਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਹੁਣ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। 29 ਅਗਸਤ ਤੋਂ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਖੇਡਾਂ ਖਿਡਾਰੀਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾ ਕੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਠੋਸ ਉਪਰਾਲੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ।
ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਡੀ.ਪੀ. ਅਤੇ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ ਜੰਗੀ ਪੱਧਰ ‘ਤੇ ਕਰ ਰਹੀ ਹੈ। ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਭਗਵੰਤ ਮਾਨ ਨੇ ਖੇਡਾਂ ਪ੍ਰਤੀ ਪਿਆਰ ਦਾ ਵੀ ਖੁਲਾਸਾ ਕੀਤਾ ਅਤੇ ਦੱਸਿਆ ਕਿ ਹਾਕੀ ਨਾਲ ਪਿਆਰ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲਿਆ ਹੈ। ਮੁੱਖ ਮੰਤਰੀ ਨੇ ਹਾਕੀ ਦੇ ਮਹਾਨ ਖਿਡਾਰੀਆਂ ਜਿਵੇਂ ਕਿ ਬਲਬੀਰ ਸਿੰਘ ਸੀਨੀਅਰ, ਸੁਰਜੀਤ ਸਿੰਘ, ਧਨਰਾਜ ਪਿੱਲੇ, ਗਗਨ ਅਜੀਤ ਸਿੰਘ ਅਤੇ ਹੋਰਾਂ ਖਿਡਾਰੀਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਹਾਕੀ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਗੁਰਜੰਟ, ਮਨਪ੍ਰੀਤ, ਅਕਾਸ਼ਦੀਪ ਅਤੇ ਹੋਰਨਾਂ ਨੂੰ ਅਜੋਕੇ ਸਮੇਂ ਦੇ ਚਮਕਦੇ ਸਿਤਾਰੇ ਦੱਸਦਿਆਂ ਆਸ ਪ੍ਰਗਟਾਈ ਕਿ ਦੇਸ਼ ਇਨ੍ਹਾਂ ਮਹਾਨ ਖਿਡਾਰੀਆਂ ਦੇ ਸਹਾਰੇ ਇੱਕ ਵਾਰ ਫਿਰ ਤੋਂ ਵਿਸ਼ਵ ਪੱਧਰ ਉਤੇ ਸਫਲਤਾ ਦੀ ਇਬਾਰਤ ਲਿਖੇਗਾ। ਹਾਲੈਂਡ ਦੇ ਪ੍ਰਸਿੱਧ ਡਰੈਗ ਫਲਿੱਕਰ ਫਲੋਰਿਸ ਜਾਨ ਬੋਲਲੈਂਡਰ, ਟੈਨਿਸ ਖਿਡਾਰਨਾਂ ਮਾਰਟੀਨਾ ਨਵਰਾਤੀਲੋਵਾ ਅਤੇ ਬੋਰਿਸ ਬੇਕਰ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਡਾਂ ਦੇ ਨਿਯਮ ਬਹੁਤ ਬਦਲ ਰਹੇ ਹਨ, ਇਸ ਲਈ ਸਾਨੂੰ ਇਨ੍ਹਾਂ ਨਿਯਮਾਂ ਮੁਤਾਬਕ ਤੇਜ਼ੀ ਨਾਲ ਢਲਣਾ ਹੋਵੇਗਾ। ਮੁੱਖ ਮੰਤਰੀ ਨੇ ਖ਼ਾਸ ਤੌਰ ਉਤੇ ਕ੍ਰਿਕਟ ਖਿਡਾਰੀ ਹਰਲੀਨ ਦਿਓਲ ਦੇ ਇੰਗਲੈਂਡ ਖ਼ਿਲਾਫ਼ ਕੀਤੇ ਬੇਮਿਸਾਲ ਕੈਚ ਨੂੰ ਚੇਤੇ ਕੀਤਾ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਉਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਦੇ ਇਨ੍ਹਾਂ ਚਮਕਦੇ ਸਿਤਾਰਿਆਂ ਦੀ ਹਾਜ਼ਰੀ ਮਾਨਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਭਗਵੰਤ ਮਾਨ ਨੇ ਦ੍ਰਿੜ੍ਹਤਾ ਨਾਲ ਆਖਿਆ ਕਿ ਪੰਜਾਬ ਪੁਲਿਸ ਦੀ ਹਾਕੀ ਟੀਮ, ਜੇ.ਸੀ.ਟੀ. ਫਗਵਾੜਾ ਤੇ ਰੇਲ ਕੋਚ ਫੈਕਟਰੀ ਦੀਆਂ ਫੁਟਬਾਲ ਟੀਮਾਂ ਨੂੰ ਸੁਰਜੀਤ ਕਰਨ ਲਈ ਜੰਗੀ ਪੱਧਰ ਉਤੇ ਕੋਸ਼ਿਸ਼ਾਂ ਜਾਰੀ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਰਮਿੰਘਮ ਖੇਡਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 19 ਖਿਡਾਰੀਆਂ ਨੇ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਵੇਟਲਿਫਟਰ ਵਿਕਾਸ ਠਾਕੁਰ, ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਨ ਕੁਮਾਰ, ਕ੍ਰਿਸ਼ਨ ਪਾਠਕ, ਸਮਸ਼ੇਰ ਸਿੰਘ। ਜਰਮਨਜੀਤ ਸਿੰਘ ਤੇ ਜੁਗਰਾਜ ਸਿੰਘ ਅਤੇ ਮਹਿਲਾ ਕ੍ਰਿਕਟਰਾਂ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਤਾਨੀਆ ਭਾਟੀਆ, ਵੇਟ ਲਿਫਟਰ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ, ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਨੂੰ ਨਕਦ ਇਨਾਮ ਦਿੱਤੇ। ਇਸ ਤੋਂ ਇਲਾਵਾ ਜੂਡੋ ਖਿਡਾਰੀ ਜਸਲੀਨ ਸੈਣੀ, ਅਥਲੀਟ ਨਵਜੀਤ ਕੌਰ ਢਿੱਲੋਂ, ਸਾਈਕਲਿਸਟ ਨਮਨ ਕਪਿਲ ਤੇ ਵਿਸਵਾਜੀਤ ਸਿੰਘ ਦਾ ਵੀ ਨਕਦ ਇਨਾਮ ਨਾਲ ਸਨਮਾਨ ਕੀਤਾ ਗਿਆ।
ਇਸ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਦਾ ਬਜਟ 56 ਫੀਸਦੀ ਵਧਾਇਆ ਗਿਆ ਹੈ ਅਤੇ ਖਿਡਾਰੀਆਂ ਲਈ ਹੋਰ ਸਹਾਇਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ 29 ਅਗਸਤ ਨੂੰ ਜਲੰਧਰ ਵਿਖੇ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕਰਨਗੇ।ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ, ਪਦਮ ਸ੍ਰੀ ਅਥਲੀਟ ਸੁਨੀਤਾ ਰਾਣੀ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਤੇ ਗਗਨ ਅਜੀਤ ਸਿੰਘ, ਉਲੰਪੀਅਨ ਜਗਦੀਸ਼ ਬਿਸ਼ਨੋਈ, ਏਸ਼ੀਅਨ ਮੈਡਲਿਸਟ ਭਲਵਾਨ ਗੁਰਮੁੱਖ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਜੂਡੋ ਖਿਡਾਰੀ ਭੁਪਿੰਦਰ ਸਿੰਘ ਹਾਜ਼ਰ ਸਨ।