ਮਾਣਕਪੁਰ ਸ਼ਰੀਫ ਦੇ ਫਾਰਮ ਹਾਊਸ ‘ਚੋਂ ਖੈਰ ਦੀ ਲੱਕੜ ਬਰਾਮਦ
ਚੰਡੀਗੜ੍ਹ 28 ਅਗਸਤ (ਸੁਰ ਸਾਂਝ ਬਿਊਰੋ – ਅਵਤਾਰ ਨਗਲੀਆਂ)
ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਲਾਲ ਚੰਦੁੁ ਕਟਾਰੂਚੱਕ ਦੇ ਹੁਕਮਾਂ ਅਨੁਸਾਰ ਜੰਗਲਾਤ ਵਿਭਾਗ ਦੇ ਡੀ.ਐਫ.ਓ ਕੰਵਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਸਵਾਂ ਰੇਂਜ ਵਣ ਰੇਂਜ ਅਫਸਰ (ਆਰ.ਓ) ਸਤਵਿੰਦਰ ਸਿੰਘ ਵੱਲੋਂ ਆਪਣੀ ਰੇਂਜ ਵਿੱਚ ਕਾਫੀ ਸਖ਼ਤਾਈ ਨਾਲ ਜੰਗਲ ਦੀ ਦੇਖਰੇਖ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸਖ਼ਤਾਈ ਤੋਂ ਬਾਅਦ ਉਨ੍ਹਾਂ ਵੱਲੋਂ ਬਣਾਈ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਮਾਜਰੀ ਨੇੜਲੇ ਪਿੰਡ ਮਾਣਕਪੁਰ ਸ਼ਰੀਫ ਦੇ ਇਕ ਫਾਰਮ ਹਾਊਸ ਵਿਚੋਂ ਜੰਗਲਾਂ ਵਿਚੋਂ ਗੈਰ-ਕਨੂੰਨੀ ਢੰਗ ਨਾਲ ਕੱਟੀ ਗਈ ਕਰੀਬ 20 ਕੁਇੰਟਲ ਦੇ ਕਰੀਬ ਖੈਰ ਦੀ ਲੱਕੜ ਬਰਾਮਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਰੇਂਜ ਅਫ਼ਸਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਾਣਕਪੁਰ ਸਰੀਫ਼ ਵਿਖੇ ਸਥਿਤ ਇਕ ਫਾਰਮ ਹਾਊਸ ‘ਚ ਖੈਰ ਦੀ ਲੱਕੜ ਦੀ ਛਿਲਾਈ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ ‘ਤੇ ਉਨ੍ਹਾਂ ਵੱਲੋਂ ਆਪਣੇ ਮੁਲਾਜ਼ਮਾਂ ਦੇ ਨਾਲ ਤੁਰੰਤ ਮੌਕੇ ‘ਤੇ ਛਾਪੇਮਾਰੀ ਕੀਤੀ ਗਈ ।
ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਥੇ ਦੋ ਵਿਅਕਤੀ ਖੈਰ ਦੀ ਲੱਕੜ ਦੀ ਛਿਲਾਈ ਦਾ ਕੰਮ ਕਰ ਰਹੇ ਸਨ ਪਰ ਉਨ੍ਹਾਂ ਦੀ ਟੀਮ ਨੂੰ ਦੇਖਕੇ ਉਹ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਜਦੋਂ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਖੈਰ ਦੀ ਲੱਕੜ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਨੂੰ ਲੱਕੜ ਦੇ ਨੀਚੇ ਇੱਕ ਢੱਕਣ ਦਿਖਾਈ ਦਿੱਤਾ ਤੇ ਜਦੋਂ ਉਨ੍ਹਾਂ ਢੱਕਣ ਨੂੰ ਚੁੱਕ ਕੇ ਵੇਖਿਆ ਤਾਂ ਉਹ ਇਹ ਦੇਖਕੇ ਹੈਰਾਨ ਰਹਿ ਗਏ ਕਿ ਨੀਚੇ ਇੱਕ ਸੁਰੰਗ ਜਿਹੀ ਬਣਾਈ ਗਈ ਸੀ, ਜਿਸ ਨੂੰ ਦੇਖ ਉਨ੍ਹਾਂ ਵੱਲੋਂ ਆਪਣੇ ਨਾਲ ਆਏ ਮੁਲਾਜਮਾਂ ਨੂੰ ਧਿਆਨ ਨਾਲ ਅੰਦਰ ਦੇਖਣ ਲਈ ਕਿਹਾ ਗਿਆ। ਜਦੋਂ ਉਨ੍ਹਾਂ ਦੇ ਮੁਲਾਜਮਾਂ ਨੇ ਉਸ ਸੁਰੰਗ ਅੰਦਰ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਅੰਦਰ ਇੱਕ 8 ਫੁੱਟ ਲੰਬਾ ਅਤੇ 8 ਫੁੱਟ ਚੌੜਾ ਕਮਰਾ ਬਣਾਕੇ ਉਸ ਵਿੱਚ ਛਿਲਾਈ ਕੀਤੀ ਖੈਰ ਦੀ ਲੱਕੜ ਛੁਪਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਛੁਪਾਈ ਗਈ 20 ਕੁਇੰਟਲ ਦੇ ਕਰੀਬ ਖੈਰ ਦੀ ਲੱਕੜ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਸ ਲੱਕੜ ਦੀ ਬਾਜ਼ਾਰੀ ਕੀਮਤ 1 ਲੱਖ 50 ਹਜਾਰ ਦੇ ਕਰੀਬ ਬਣਦੀ ਹੈ। ਉਨ੍ਹਾਂ ਇਹ ਦੱਸਿਆ ਕਿ ਲੱਕੜ ਨੂੰ ਜ਼ਬਤ ਕਰਨ ਉਪਰੰਤ ਉਨ੍ਹਾਂ ਵਲੋਂ ਫਾਰਮ ਦੇ ਮਾਲਕਾਂ ਅਤੇ ਖੈਰ ਦੀ ਲੱਕੜ ਕਿਸ-ਕਿਸ ਜੰਗਲ ਵਿਚੋਂ ਕੱਟੀ ਗਈ ਹੈ, ਇਸ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ ਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਦੋਸ਼ੀ ਵਿਆਕਤੀਆਂ ਖ਼ਿਲਾਫ਼ ਜੰਗਲਾਤ ਵਿਭਾਗ ਦੀ ਪੀਐਲਪੀਏ ਦੀਆਂ ਵੱਖ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।