ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪਰਵਾਸੀ ਸ਼ਾਇਰ ਰਾਜਿੰਦਰਜੀਤ ਦੇ ਰੂਬਰੂ ਮੌਕੇ ਬਿਖੇਰੇ ਸ਼ਾਇਰੀ ਦੇ ਰੰਗ
ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ – ਸ਼ਾਇਰ ਰਾਜਿੰਦਰਜੀਤ
ਚੰਡੀਗੜ੍ਹ (ਸੁਰ ਸਾਂਝ ਬਿਊਰੋ), 29 ਅਗਸਤ;
ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ਼ ਇੰਗਲੈਂਡ ਵਸਦੇ ਪਰਵਾਸੀ ਸ਼ਾਇਰ ਰਾਜਿੰਦਰਜੀਤ ਦੇ ਸ਼ਾਇਰੀ ਦੇ ਸਫ਼ਰ ਨੂੰ ਲੈ ਕੇ ਰੂਬਰੂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਦੇ ਸਰਪ੍ਰਸਤ ਡਾ. ਮਨਮੋਹਨ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲ਼ੀ, ਡਾ. ਯੋਗਰਾਜ, ਵਿਦਵਾਨ ਆਲੋਚਕ ਪ੍ਰਵੀਨ ਕੁਮਾਰ, ਹਰਮੇਲ ਸਿੰਘ ਅਤੇ ਸਾਹਿਤ ਤੇ ਸਭਿਆਚਾਰ ਖੇਤਰ ਦੀਆਂ ਨਾਮੀ ਸ਼ਖਸੀਅਤਾਂ, ਜਗਦੀਪ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਸੁਰਜੀਤ ਸੁਮਨ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਰੂਬਰੂ ਮੌਕੇ ਸ਼ਾਇਰ ਰਾਜਿੰਦਰਜੀਤ ਨੇ ਗਜ਼ਲ ਕਹੀ, ਖੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ, ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ, ਨ੍ਹੇਰ ਦੇ ਸੁੰਨੇ ਰਾਹਾਂ ਚ ਭਟਕਦੇ ਅਸੀਂ ਭਾਲ਼ਦੇ ਪੂਰਬ ਨੂੰ, ਖੁਦ ਹੀ ਅਸਤ ਹੋ ਚੱਲੇੇ ਸੀ, ਮੈਂ ਅਭਿਲਾਸ਼ੀ ਸਾਂ ਵਗਦੇ ਪਾਣੀ ਦਾ ਇਨ੍ਹਾਂ ਤੇ ਮਾਣ ਕਰਨਾ ਲਾਜ਼ਮੀ ਸੀ ਤੇ ਹੋਰ ਬਹੁਤ ਸਾਰੀਆਂ ਗਜ਼ਲਾਂ ਤਰੱਨਮ ਵਿੱਚ ਸੁਣਾ ਕੇ ਆਪਣੀ ਸ਼ਾਇਰੀ ਦੀ ਪੁਗਤਗੀ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ।
ਸ਼ਾਇਰੀ ਤੇ ਆਪਣੇ ਪਰਵਾਸੀ ਹੋਣ ਦੀ ਕਹਾਣੀ ਬਿਆਨਦਿਆਂ ਰਾਜਿੰਦਰਜੀਤ ਨੇ ਦੱਸਿਆ ਕਿ ਉਹ ਸਤਾਰਾਂ ਸਾਲ ਪਹਿਲਾਂ ਇੰਗਲੈਂਡ ਚਲਾ ਗਿਆ ਸੀ ਤੇ ਉਦੋਂ ਤੋਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਬਿਖੜੇ ਪੈਂਡਿਆਂ ਦੀ ਕਥਾ ਬਿਆਨੀ। ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਦੇ ਸਥਾਨ ਬਾਰੇ ਵੀ ਉਨ੍ਹਾਂ ਚਰਚਾ ਕੀਤੀ। ਡਾ. ਸ਼ਮਸ਼ੇਰ ਮੋਹੀ ਨੇ ਰਾਜਿੰਦਰਜੀਤ ਦੀ ਸ਼ਾਇਰੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਰਾਜਿੰਦਰਜੀਤ ਸਹਿਜਤਾ ਨਾਲ਼ ਸ਼ਾਇਰੀ ਕਰਨ ਵਾਲ਼ਾ ਸ਼ਾਇਰ ਹੈ। ਉਸ ਦੀ ਕਾਵਿ ਭਾਸ਼ਾ ਧਿਆਨ ਖਿੱਚਦੀ ਹੈ। ਡਾ. ਦਵਿੰਦਰ ਬੋਹਾ ਨੇ ਕਿਹਾ ਕਿ ਰਾਜਿੰਦਰਜੀਤ ਦੇ ਸੰਘਰਸ਼ ਦੀ ਗਾਥਾ ਤੇ ਸ਼ਾਇਰੀ ਨੂੰ ਸੁਣ ਕੇ ਜੀਣਾ ਸਾਰਥਕ ਹੋਇਆ ਹੈ। ਡਾ. ਮਨਮੋਹਨ ਨੇ ਕਿਹਾ ਕਿ ਲੇਖਕ ਦੀ ਪਹਿਚਾਣ ਉਸ ਦੀ ਸਿਰਜਣਾ ਹੁੰਦੀ ਹੈ ਤੇ ਰਾਜਿੰਦਰਜੀਤ ਮੈਨੂੰ ਇਸੇ ਸਮਾਰੋਹ ਵਿੱਚ ਮਿਲ਼ਿਆ ਹੈ ਪਰ ਉਸ ਦੀ ਲੇਖਣੀ ਰਾਹੀਂ ਮੈਂ ਉਸ ਨੂੰ ਪਹਿਲਾਂ ਤੋਂ ਹੀ ਜਾਣਦਾ ਹਾਂ। ਉਨ੍ਹਾਂ ਕਿਹਾ ਕਿ ਰਾਜਿੰਦਰਜੀਤ ਦੀ ਸ਼ਾਇਰੀ ਵਿੱਚ ਹੇਰਵੇ ਦਾ ਵੇਰਵਾ ਤੱਕ ਨਹੀਂ। ਡਾ. ਮਨਮੋਹਨ ਹੋਰਾਂ ਭਰਥਰੀ ਦੇ ਹਵਾਲੇ ਨਾਲ਼ ਗੱਲਬਾਤ ਨੂੰ ਸਿਖਰ ਵੱਲ ਲਿਜਾਂਦਿਆਂ ਕਿਹਾ ਕਿ ਭਰਥਰੀ ਨੇ ਕਿਹਾ ਸੀ ਕਿ ਜੇਕਰ ਕੋਈ ਚੰਗੀ ਕਵਿਤਾ ਲਿਖ ਲੈਂਦਾ ਹੈ ਤਾਂ ਉਸ ਨੂੰ ਕਿਸੇ ਰਾਜ ਭਾਗ ਦੀ ਜ਼ਰੂਰਤ ਨਹੀਂ।
ਮੰਚ ਵੱਲੋਂ ਮੁੱਖ ਮਹਿਮਾਨ ਤੇਜਿੰਦਰ ਗਿੱਲ, ਡਾ. ਦਵਿੰਦਰ ਸਿੰਘ ਬੋਹਾ ਅਤੇ ਸ਼ਾਇਰ ਰਾਜਿੰਦਰਜੀਤ ਨੂੰ ਮਮੈਂਟੋ ਨਾਲ਼ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਪ੍ਰਸਿੱਧ ਗਜ਼ਲਗੋ ਸਿਰੀ ਰਾਮ ਅਰਸ਼, ਸ਼ਬਦੀਸ਼, ਤਸਦੀਕ, ਬਰਜਿੰਦਰ ਚੌਹਾਨ, ਡਾ. ਸੁਨੀਤਾ, ਗੁਰਮੀਤ ਸਿੰਘ ਸਿੰਗਲ, ਬਲੀਜੀਤ, ਡਾ. ਸੰਤੋਖਿ ਸਿੰਘ ਸੁੱਖੀ, ਡਾ. ਗੁਰਮੀਤ ਕੱਲਰਮਾਜਰੀ, ਪਾਲ ਅਜਨਸੀ, ਸ਼ਾਇਰ ਭੱਟੀ, ਬੀ.ਆਰ. ਰੰਗਾੜਾ, ਸਿਮਰਜੀਤ ਗਰੇਵਾਲ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਇਆ।