ਪਿੰਜਰੇ ਪਿਆ ਪੰਛੀ – ਰਮਿੰਦਰ ਰੰਮੀ
ਪਿੰਜਰੇ ਪਿਆ ਪੰਛੀ
ਅਕਸਰ ਸੋਚਦਾ ਰਹਿੰਦਾ
ਬਾਹਰ ਖੁੱਲ੍ਹੇ ਅਸਮਾਨ
ਵਿੱਚ ਜਦ ਹੋਰ ਪੰਛੀਆਂ ਨੂੰ
ਉਡਾਰੀਆਂ ਲਗਾਉਂਦਾ ਦੇਖਦਾ
ਤੇ ਸੋਚਦਾ ਕਾਸ਼ ਮੈਂ ਵੀ ਕਦੀ
ਇਹਨਾਂ ਵਾਂਗ ਖੁੱਲ੍ਹੇ ਅਸਮਾਨ
ਵਿੱਚ ਉਡਾਰੀਆਂ ਲਗਾਉਂਦਾ
ਕਿਲਕਾਰੀਆਂ ਮਾਰ ਖ਼ੁਸ਼ ਹੁੰਦਾ
ਬਹੁਤ ਕੋਸ਼ਿਸ਼ ਕਰਦਾ ਕਿ
ਕਿਤੇ ਪਿੰਜਰਾ ਖੁੱਲ੍ਹ ਜਾਏ
ਜਾ ਭਰਾਂ ਉਡਾਰੀ ਮੈਂ
ਦਿਨੇ ਰਾਤ ਪਿੰਜਰੇ ਨੂੰ
ਚੁੰਝਾਂ ਮਾਰਦਾ ਰਹਿੰਦਾ
ਕਦੀ ਪਿੰਜਰੇ ਵੱਲ ਦੇਖਦਾ
ਕਦੀ ਆਪਣੇ ਖੰਭਾਂ ਵੱਲ
ਸੋਚਦਾ ਕਦ ਮੈਂ ਇਸ ਬੰਦ
ਪਿੰਜਰੇ ਵਿੱਚੋਂ ਮੁਕਤ ਹੋ ਸਕਾਂਗਾ
ਆਪਣੀ ਪਰਵਾਜ਼ ਆਪ ਭਰਾਂਗਾ
ਇਕ ਦਿਨ ਅਚਾਨਕ ਪਿੰਜਰਾ
ਖੁੱਲ ਗਿਆ
ਉਸਦੀ ਖ਼ੁਸ਼ੀ ਦਾ ਕੋਈ
ਠਿਕਾਣਾ ਨਹੀਂ ਸੀ
ਝੱਟ-ਪੱਟ ਬਾਹਰ ਨਿਕਲਣ
ਦੀ ਕੀਤੀ ਕਿਤੇ ਉਸਦਾ ਮਾਲਕ
ਫਿਰ ਨਾ ਪਿੰਜਰੇ ਵਿੱਚ ਪਾ ਦਏ
ਖੁੱਲੀ ਫ਼ਿਜ਼ਾ ਵਿੱਚ ਤੱਕਿਆ
ਅਸਮਾਨ ਵੱਲ ਤੱਕਿਆ
ਫੁਰਰਰਰਰਰਰਰ ਉੱਡਣ ਦੀ ਕੋਸ਼ਿਸ਼ ਕੀਤੀ
ਪਰ ਇਹ ਕੀ ਉਹ ਉੱਡ ਨਾ ਸਕਿਆ
ਬਾਰ ਬਾਰ ਉੱਡਣ ਦੀ ਕੋਸ਼ਿਸ਼ ਕਰਦਾ
ਪਟੱਕ ਨੀਚੇ ਆ ਡਿੱਗਦਾ
ਜ਼ੋਰ ਲਗਾ ਕੇ ਉੱਡਣ ਦੀ ਕੋਸ਼ਿਸ਼
ਉਸਦੀ ਬੇਕਾਰ ਗਈ
ਜ਼ਖ਼ਮੀ ਹੋ ਤੜਫਣ ਲੱਗਾ
ਮਸਾਂ ਤੇ ਬਾਹਰ ਨਿਕਲਣ ਦੀ
ਅਜ਼ਾਦੀ ਮਿਲੀ ਸੀ
ਪਰ ਪਿੰਜਰੇ ਵਿੱਚ ਬੰਦ ਰਹਿਣ ਕਾਰਣ
ਉਸਦੇ ਖੰਭ ਬੇਜਾਨ ਹੋ ਚੁੱਕੇ ਸਨ
ਉਹਨਾਂ ਵਿੱਚ ਉਹ ਤਾਕਤ
ਨਹੀਂ ਸੀ ਰਹੀ ਕਿ ਉਹ
ਖੁੱਲ੍ਹੇ ਅਸਮਾਨ ਵਿੱਚ ਪਰਵਾਜ਼
ਭਰ ਅਜ਼ਾਦੀ ਮਾਣ ਸਕਦਾ
ਬਾਰ ਬਾਰ ਉੱਡਦਾ ਡਿੱਗ ਜਾਂਦਾ
ਆਖਿਰ ਤੜਫ਼ ਤੜਫ਼ ਕੇ ਉਸਦੇ
ਪ੍ਰਾਣ ਪੰਖੇਰੂ ਨਿਕਲ ਗਏ।