www.sursaanjh.com > News > ਸੰਵੇਦਨਾ ਅਤੇ ਸੁਹਜ ਭਰਪੂਰ ਰਿਹਾ ਡਾ. ਵਨੀਤਾ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ

ਸੰਵੇਦਨਾ ਅਤੇ ਸੁਹਜ ਭਰਪੂਰ ਰਿਹਾ ਡਾ. ਵਨੀਤਾ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ

ਸੰਵੇਦਨਾ ਅਤੇ ਸੁਹਜ ਭਰਪੂਰ ਰਿਹਾ ਡਾ ਵਨੀਤਾ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ
ਜਲੰਧਰ (ਸੁਰ ਸਾਂਝ ਬਿਊਰੋ), 25 ਅਕਤੂਬਰ:
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਮਿਲਵੇਂ ਯਤਨ ਨਾਲ ਮਹੀਨਾਵਾਰ ਔਨਲਾਈਨ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਕਵਿੱਤਰੀ ਅਤੇ ਚਿੰਤਕ ਨਾਲ ਪ੍ਰੋਗਰਾਮ ਸੰਚਾਲਕ ਪ੍ਰੋ ਕੁਲਜੀਤ ਕੌਰ ਨੇ ਉਹਨਾਂ ਦੇ ਜੀਵਨ ਸਬੰਧੀ ਗੱਲਬਾਤ ਕੀਤੀ। ਡਾ ਵਨੀਤਾ ਨੇ ਆਪਣੇ ਜੀਵਨ ਵਿਚਲੀ ਸਹਿਜਤਾ ਸਾਹਿਤ ਪ੍ਰਤੀ ਸਨੇਹ, ਅਨੁਵਾਦ ਕਲਾ, ਖੋਜ ਚਿੰਤਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਉਹਨਾਂ ਵਰਤਮਾਨ ਸਮੇਂ ਨਾਰੀ ਦੀ ਸਿੱਖਿਆ, ਨਾਰੀ ਸਸ਼ਕਤੀਕਰਨ, ਨਾਰੀ ਆਜ਼ਾਦੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਇਹ ਵਰਨਣਯੋਗ ਹੈ ਕਿ ਡਾ ਵਨੀਤਾ ਸੁਪਨਿਆਂ ਦੀ ਪਗਡੰਡੀ, ਹਰੀਆਂ ਛਾਵਾਂ ਦੀ ਕਬਰ, ਬੋਲ ਆਲਾਪ ਆਦਿ ਅਨੇਕਾਂ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।
ਡਾ ਵਨੀਤਾ ਦਾ ਸਵਾਗਤ ਕਰਦਿਆਂ ਪ੍ਰਧਾਨ ਰਿੰਟੂ ਭਾਟੀਆ ਨੇ ਡਾ ਵਨੀਤਾ ਜੀ ਦੀ ਸ਼ਖ਼ਸੀਅਤ ਨੂੰ ਇਤਰ ਅਤੇ ਫੁੱਲਾਂ ਵਰਗੀ ਦੱਸਿਆ। ਉਪਰੰਤ ਡਾ ਸਰਬਜੀਤ ਕੌਰ ਸੋਹਲ ਨੇ ਡਾ ਵਨੀਤਾ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਨੂੰ ਵਧੀਆ ਪ੍ਰਬੰਧਕਾ, ਉਤਮ ਅਧਿਆਪਕਾ ਅਤੇ ਸੰਵੇਦਨਾ ਭਰਪੂਰ ਕਵਿੱਤਰੀ ਦੱਸਿਆ। ਪ੍ਰੋ ਕੁਲਜੀਤ ਕੌਰ ਨੇ ਡਾ ਵਨੀਤਾ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਹਿਲੂਆਂ ਬਾਰੇ ਉਹਨਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਪ੍ਰਸਿੱਧ ਪ੍ਰਵਾਸੀ ਪੰਜਾਬੀ ਲੇਖਕਾ ਸੁਰਜੀਤ ਕੌਰ ਨੇ ਡਾ ਵਨੀਤਾ ਜੀ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਭਾਵਪੂਰਤ ਸ਼ਬਦਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋ ਜਾਗੀਰ ਕਾਹਲੋਂ ਨੇ ਡਾ ਵਨੀਤਾ ਦੀ ਲੇਖਣੀ ਦੀ ਤਾਰੀਫ਼ ਕਰਦਿਆਂ ਉਹਨਾ ਨੂੰ ਸੂਝਵਾਨ ਆਲੋਚਕ ਅਤੇ ਅਨੁਵਾਦਕਾਂ ਦੱਸਿਆ। ਡਾ ਰਵੇਲ ਸਿੰਘ ਨੇ ਡਾ ਵਨੀਤਾ ਨੂੰ ਕਾਵਿ ਸਿਰਜਨਾ, ਆਲੋਚਨਾ ਅਤੇ ਅਨੁਵਾਦ ਕਰਨ ਵੇਲੇ ਤਿੰਨਾਂ ਵਿਧਾਵਾਂ ਵਿਚ ਪ੍ਰਪੱਕ ਅਤੇ ਪੂਰਨ ਦੱਸਿਆ। ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਸਮੁੱਚੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਪ੍ਰਗਟ ਕਰਦਿਆਂ ਡਾ ਵਨੀਤਾ ਨੂੰ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਉਨ੍ਹਾਂ ਪ੍ਰੋ ਕੁਲਜੀਤ ਕੌਰ ਜੀ ਦਾ ਧੰਨਵਾਦ ਕਰਦਿਆਂ ਇਹ ਵੀ ਕਿਹਾ ਕਿ ਕੁਲਜੀਤ ਜੀ ਬਹੁਤ ਮੰਝੇ ਹੋਏ ਟੀਵੀ ਹੋਸਟ ਤੇ ਐਂਕਰ ਹਨ ਤੇ ਇਹਨਾਂ ਦਾ ਰੂਬਰੂ ਕਰਨ ਦਾ ਢੰਗ ਕਾਬਿਲੇ ਤਾਰੀਫ਼ ਹੈ। ਰਮਿੰਦਰ ਰੰਮੀ ਨੇ ਡਾ ਵਨੀਤਾ ਦਾ ਧੰਨਵਾਦ ਕਰਦਿਆਂ ਉਹਨਾਂ ਦੀਆਂ ਕਾਵਿ ਰਚਨਾਵਾਂ ਨੂੰ ਪਾਠਕਾਂ ਲਈ ਪ੍ਰੇਰਨਾਦਾਇਕ ਅਤੇ ਮਾਨਵੀ ਸਰੋਕਾਰਾਂ ਨਾਲ ਸਬੰਧਤ ਦੱਸਿਆ। ਇਸ ਪ੍ਰੋਗਰਾਮ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਭਾਗ ਲਿਆ। ਕੈਨੇਡਾ ਤੋਂ ਓਐਫਸੀ ਦੇ ਪ੍ਰਧਾਨ ਸ ਰਵਿੰਦਰ ਸਿੰਘ ਕੰਗ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ।  
ਪ੍ਰੋ ਕੁਲਜੀਤ ਕੌਰ ਐਚ ਐਮ ਵੀ ਕਾਲਜ ਜਲੰਧਰ-ਸੀਨੀਅਰ ਮੀਤ ਪ੍ਰਧਾਨ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

Leave a Reply

Your email address will not be published. Required fields are marked *