ਦਿ ਰੌਇਲ ਗਰੁੱਪ ਆਫ ਕਾਲਜਿਜ਼ ਵਿਖੇ ਸ਼ਾਨੋ-ਸ਼ੌਕਤ ਨਾਲ ਸਪੰਨ ਹੋਇਆ ਯੁਵਕ ਮੇਲਾ
ਦਿ ਰੌਇਲ ਗੁਰੱਪ ਆਫ ਕਾਲਜਿਜ਼ ਨੇ ਪ੍ਰਾਪਤ ਕੀਤਾ ਓਵਰਆਲ ਦੂਜਾ ਸਥਾਨ
ਬੋੜਾਵਾਲ ਕਾਲਜ (ਸੁਰ ਸਾਂਝ ਬਿਊਰੋ), 31 ਅਕਤੂਬਰ:


ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਤੇ ਲੋਕ ਮੇਲਾ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹ ਗਿਆ। ਮੇਲੇ ਦੇ ਚੌਥੇ ਦਿਨ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਬੁੱਧ ਰਾਮ, ਐਮ ਐਲ ਏ, ਬੁਢਲਾਡਾ ਨੇ ਇਨਾਮ ਵੰਡਣ ਦੀ ਰਸਮ ਨਿਭਾਈ। ਕਾਲਜ ਦੇ ਪ੍ਰਿੰਸੀਪਲ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਨੂੰ ਦੇਣ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰਿੰਸੀਪਲ ਬੁੱਧ ਰਾਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਭਰਪੂਰ ਮਹੱਤਵ ਹੁੰਦਾ ਹੈ। ਇਹਨਾਂ ਕਰਕੇ ਹੀ ਵਿਦਿਆਰਥੀ ਆਪਣੇ ਸਭਿਆਚਾਰ ਤੇ ਮਾਤ-ਭਾਸ਼ਾ ਨਾਲ ਜੁੜੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਾਡੀ ਮਾਂ- ਬੋਲੀ ਨੂੰ ਬਚਾਉਣ ਵਿੱਚ ਵੀ ਯੁਵਕ ਮੇਲਿਆਂ ਦਾ ਬਹੁਤ ਯੋਗਦਾਨ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਆਪਣੇ ਸੰਬੋਧਨ ਵਿੱਚ ਮੈਨੇਜਮੈਂਟ ਦਾ ਇਸ ਇਲਾਕੇ ਵਿੱਚ ਅਜਿਹੇ ਪੱਧਰ ਦੀ ਵਿਦਿਅਕ ਸੰਸਥਾ ਖੋਲਣ ਲਈ ਖਾਸ ਤੌਰ ‘ਤੇ ਧੰਨਵਾਦ ਵੀ ਕੀਤਾ । ਸ਼. ਰਣ ਸਿੰਘ ਧਾਲੀਵਾਲ (ਐਮ ਬੀ ਏ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਸ. ਨਿਰਪਾਲ ਸਿੰਘ ਟਿਵਾਣਾ (ਤਹਿਸੀਲਦਾਰ )ਵਿਸ਼ੇਸ ਤੌਰ ਤੇ ਹਾਜ਼ਰ ਹੋਏ।
ਸ.ਰਣ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਾਂ ਸਾਰੇ ਖੁਸ਼ਕਿਸਮਤ ਲੋਕ ਹਾਂ, ਜਿਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੇ ਮੇਲਿਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਕਿਉਂਕਿ ਸਭ ਨੂੰ ਜ਼ਿੰਦਗੀ ਅਜਿਹੇ ਮੌਕੇ ਨਹੀਂ ਦਿੰਦੀ। ਸੋ ਸਾਨੂੰ ਇਹਨਾਂ ਮੌਕਿਆਂ ਦੀ ਵਰਤੋਂ ਆਪਣੇ ਜੀਵਨ ਨੂੰ ਸੰਵਾਰਨ ਵਿੱਚ ਲਾਉਣਾ ਚਾਹੀਦਾ ਹੈ। ਇਸ ਮੌਕੇ ‘ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਾਲਜ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਡਾ. ਸਰਬਜੀਤ ਕੌਰ ਸੋਹਲ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੋਂ ਡਾ਼ ਗਗਨਦੀਪ ਥਾਪਾ, ਵਿਜੇ ਯਮਲਾ ਤੇ ਬਲਵਿੰਦਰ ਬੱਗਾ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਅੱਜ ਦੇ ਪ੍ਰੋਗਰਾਮ ਵਿੱਚ ਡਾ਼ ਰਾਜਵਿੰਦਰ ਕੌਰ, ਪ੍ਰਿੰਸੀਪਲ ਭਾਈ ਆਸਾ ਸਿੰਘ ਗਰਲਜ ਕਾਲਜ, ਗੋਨਿਆਣਾ ਮੰਡੀ, ਡੀ ਐਸ ਪੀ ਬਠਿੰਡਾ ਸ. ਜਸਪਾਲ ਸਿੰਘ, ਪਿ੍ੰਸੀਪਲ ਡਾ਼ ਦਵਿੰਦਰ ਸਿੰਘ ਛੀਨਾ, ਡਾ਼ ਬੂਟਾ ਸਿੰਘ ਸੇਖੋਂ, ਪਿ੍ੰਸੀਪਲ, ਡਾਇਟ ਬੁਢਲਾਡਾ, ਸ੍ਰੀ ਕਰਨੈਲ ਵੈਰਾਗੀ, ਗੁਰਚੇਤ ਫੱਤੇਵਾਲੀਆਂ ਅਤੇ ਸਵਰਨ ਰਾਹੀ ਨੇ ਬਤੌਰ ਵਿਸ਼ੇਸ ਮਹਿਮਾਨ ਹਾਜ਼ਰੀ ਲਗਵਾਈ।
ਅਖੀਰ ਵਿੱਚ ਡਾ਼ ਰਜਿੰਦਰ ਸਿੰਘ ਸੋਹਲ (ਏ ਆਈ ਜੀ, ਪੰਜਾਬ ਪੁਲਿਸ) ਨੇ ਮੁੱਖ ਮਹਿਮਾਨ ਪ੍ਰਿੰਸੀਪਲ ਬੁੱਧ ਰਾਮ, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਯੂਥ ਕੋਆਰਡੀਨੇਟਰ ਸਾਹਿਬਾਨ, ਇਲਾਕੇ ਦੇ ਪਤਵੰਤੇ ਸੱਜਣਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਯੂਥ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੇਤਰੀ ਯੁਵਕ ਮੇਲੇ ਦੇ ਚੌਥੇ ਦਿਨ ਗਿੱਧਾ, ਪਹਿਰਾਵਾ ਪ੍ਰਦਰਸ਼ਨੀ, ਲੰਬੀਆਂ ਹੇਕਾਂ ਵਾਲੇ ਗੀਤ, ਕਵੀਸ਼ਰੀ,ਵਾਰ ਗਾਇਣ, ਸ਼ਾਸਤਰੀ ਨਾਚ, ਸ਼ਾਸਤਰੀ ਵਾਦਨ ਆਦਿ ਦੇ ਮੁਕਾਬਲੇ ਹੋਏ। ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਇਸ ਚੁਤਾਲੀ ਕਾਲਜਾਂ ਦੀ ਭਾਗੀਦਾਰੀ ਵਾਲੇ ਇਸ ਯੁਵਕ ਮੇਲੇ ਵਿੱਚ ਓਵਰ ਆਲ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਅੱਗੇ ਹੋਰ ਕਾਮਯਾਬੀ ਲਈ ਪ੍ਰੇਰਨਾ ਦਿੱਤੀ। ਮੰਚ ਸੰਚਾਲਨ ਅਸਿ.ਪ੍ਰੋ.ਮਨਜਿੰਦਰ ਸਿੰਘ, ਜਗਦੇਵ ਸਿੰਘ, ਜਸਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ।

