www.sursaanjh.com > ਅੰਤਰਰਾਸ਼ਟਰੀ > ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ

ਕੀ ਹੋਇਆ ਸਰਕਾਰ ਹੀ ਬਦਲੀ ਹੈ, ਅਫ਼ਸਰ ਤਾਂ ਉਹੀ ਹਨ
ਚੰਡੀਗੜ੍ਹ 30 ਨਵੰਬਰ (ਸਿੁਰ ਸਾਂਝ ਬਿਊਰੋ-ਅਵਤਾਰ ਨਗਲੀਆਂ):
ਪੁਰਾਣੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਹੈ ਤੇ ਪੰਜਾਬ ਚ ਬਦਲਾਅ ਦਾ ਲਾਟੂ ਜਗਦੇ ਦੇਖਣਾ ਚਾਹੁੰਦੇ ਹਨ। ਮੰਨਿਆ ਸਰਕਾਰ ਬਦਲ ਗਈ ਹੈ, ਪਰ ਅਫ਼ਸਰ ਤਾਂ ਉਹੀ ਪੁਰਾਣੇ ਹੀ ਹਨ ਜੋ  ਸਾਰੇ ਸਿਸਟਮ ਦੀਆਂ ਗਰਾਰੀਆਂ ਚਲਾਉਂਦੇ ਹਨ। ਨਵੀਂ ਉਦਾਹਰਨ ਬੀਤੇ ਦਿਨੀਂ ਬਲਾਕ ਮਾਜਰੀ ਦੇ ਪਿੰਡਾਂ ਤੋਂ ਮਿਲਦੀ ਹੈ ਜਿਥੇ ਅਚਾਨਕ ਹੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਪਣੇ ਦਫਤਰ ਤੋਂ ਨਜਾਇਜ਼ ਮਾਈਨਿੰਗ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਪਰ ਸਦਕੇ ਜਾਈਏ ਭ੍ਰਿਸ਼ਟ ਅਫ਼ਸਰਾਂ ਦੇ ਕਿ ਪਹਿਲਾਂ ਤਾਂ ਅਫ਼ਸਰ ਹੋਰੀਂ ਮੰਤਰੀ ਸਾਹਿਬਾ ਤੋਂ ਲੇਟ ਪਹੁੰਚੇ ਤੇ ਦੂਜਾ ਪੱਧਰੀ ਜਮੀਨ ਦੇ ਹੀ ਦਰਸ਼ਨ ਕਰਵਾਉਂਦੇ ਰਹੇ, ਜਿਥੇ ਕਦੇ ਮਸ਼ੀਨ ਦਾ ਪੰਜਾ ਚੱਲਿਆ ਹੀ ਨਹੀਂ ਸੀ। ਮਾਈਨਿੰਗ ਮਾਫੀਏ ਦੇ ਵਫਾਦਾਰ ਅਫ਼ਸਰ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾਉਂਦੇ ਨਜ਼ਰ ਆਏ ਤੇ ਮੰਤਰੀ ਸਾਹਿਬਾਂ ਨੇ ਵੀ ਕਲਾਸ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੰਬੰਧਤ ਅਫ਼ਸਰ ਮਾਜਰੀ ਦੇ ਪਿੰਡ ਜਿੱਥੇ ਪਿਛਲੀਆ ਸਰਕਾਰਾਂ ਦੇ ਆਗੂਆਂ ਰੇਤ ਮਿੱਟੀ ਖਾ ਕੇ ਡਕਾਰ ਤੱਕ ਨਹੀਂ ਲਿਆ ਵਾਲੀ ਜਗਾ ਦਿਖਾਉਣ ਤੋਂ ਸ਼ੁਰਮਾਉਂਦੇ ਰਹੇ ਤੇ ਆਪ ਵੀ ਲਈ ਹਿੱਸੇਦਾਰੀ ਵੀ ਨਹੀ ਭੁੱਲੇ।
ਇਲਾਕੇ ਦੇ ਖੂਬਸੂਰਤ ਪਿੰਡ ਸਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਦੇ ਹਨ ਜੋ ਕੁਦਰਤੀ ਨਜ਼ਾਰਾ ਪੇਸ਼ ਕਰਦੇ ਸੀ ਨੂੰ ਮਾਈਨਿੰਗ ਮਾਫੀਏ ਨੇ ਖੱਡਿਆ-ਖਾਈਆਂ ਵਿੱਚ ਬਦਲ ਦਿੱਤਾ ਹੈ। ਸੌ ਸੌ ਫੁੱਟ ਖੱਡੇ ਕੋਲੇ ਦੀ ਖਾਣ ਦਾ ਭੁਲੇਖਾ ਪਾਉਂਦੇ ਹਨ। ਅਫ਼ਸਰਾਂ ਦੀ ਕਿਰਪਾ ਨਾਲ ਕਿੰਨੇ ਹੀ ਨਾਜਾਇਜ਼ ਕਰੈਸ਼ਰਾਂ ਦੇ ਪਟੇ ਘੁੰਮਦੇ ਹਨ। ਪਿੰਡ ਖਿਜ਼ਰਾਬਾਦ, ਕੁੱਬਾਹੇੜੀ, ਮੀਆਂਪੁਰ ਚੰਗਰ, ਨਗਲੀਆਂ, ਪੜੋਲ, ਸਿਆਮੀ ਪੁਰ, ਸਲੇਮਪੁਰ, ਅਭੀਪੁਰ, ਲੁਬਾਣਗੜ,  ਸ਼ੇਖਪੁਰਾ, ਮਾਣਕਪੁਰ ਸ਼ਰੀਫ਼ ਆਦਿ ਪਿੰਡ ਸ਼ਾਮਲ ਹਨ ਜਿੱਥੋਂ ਨਜਾਇਜ਼ ਢੰਗ ਨਾਲ ਰੇਤ ਮਿੱਟੀ ਚੁੱਕ ਜਿਥੇ ਕੁਦਰਤੀ ਦਿੱਖ ਦਾ ਸੱਤਿਆਨਾਸ ਕੀਤਾ ਜਾ ਰਿਹਾ ਹੈ, ਉਥੇ ਸਰਕਾਰ ਨੂੰ ਵੀ ਚੂਨਾ ਲਾਉਣ ਸਮੇਤ ਸੜਕਾਂ ਅਤੇ ਲੋਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਹਨ। ਇਸ ਚੋਰ-ਬਜਾਰੀ ਵਿੱਚ ਜਿਥੇ ਸਿੱਧੇ ਤੌਰ ਤੇ ਮਾਈਨਿੰਗ ਦੇ ਅਧਿਕਾਰੀ ਤੇ ਪੁਲਿਸ ਜ਼ਿਮੇਵਾਰ ਹੈ ਉਥੇ ਹੀ ਜੰਗਲਾਤ ਵਿਭਾਗ, ਨਹਿਰੀ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਚਾਇਤ ਅਫ਼ਸਰ, ਮਾਲ ਮਹਿਕਮਾ, ਪਰਦੂਸ਼ਣ ਵਿਭਾਗ ਤੇ ਪਿੰਡਾਂ ਦੇ ਘੜੰਮ ਚੌਧਰੀ ਵੀ ਸ਼ਾਮਲ ਹਨ ਜਿਹੜੇ ਸਿਸਟਮ ਨੂੰ ਪੈਰ ਦੀ ਜੁੱਤੀ ਸਮਝਦੇ ਹੋਏ ਕੁਦਰਤ ਨਾਲ ਖਿਲਵਾੜ ਕਰਦੇ ਆ ਰਹੇ ਹਨ। ਕੈਬਨਿਟ ਮੰਤਰੀ ਦੇ ਇਸ ਸਖਤ ਕਦਮ ਤੇ ਅਫ਼ਸਰਾਂ ਨੂੰ ਪਾਈ ਝਾੜ ਦੇ ਇਲਾਕੇ ਵਿੱਚ ਪੂਰੇ ਚਰਚੇ ਹਨ, ਹੁਣ ਦੇਖਣਾ ਹੋਵੇਗਾ ਕਿ ਕੀ ਸੰਬੰਧਤ ਅਫ਼ਸਰ ਸਰਕਾਰ ਤੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਦਿਖਾਉਣਗੇ ਜਾਂ ਫਿਰ ਪਹਿਲਾਂ ਵਾਂਗ ਹੀ ਲੋਕ ਸਬਰ ਦਾ ਪਿਆਲਾ ਭਰ ਸਬਰ ਕਰਨਗੇ।

Leave a Reply

Your email address will not be published. Required fields are marked *